ਬਰਨਾਲਾ ਪ੍ਰਸ਼ਾਸਨ ਨੇ ਕੀਤੀ 50 ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਚੈਕਿੰਗ, 11 ਸੈਂਟਰ ਕੀਤੇ ਗਏ ਸੀਲ
ਰਨਾਲਾ: ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਸ਼ਹਿਰ ਵਿਚ ਆਈਲੈਟਸ, ਕੋਚਿੰਗ ਅਤੇ ਇਮੀਗ੍ਰੇਸ਼ਨ ਕੇਂਦਰਾਂ ’ਤੇ ਛਾਪੇਮਾਰੀ ਕੀਤੀ ਗਈ। ਏ.ਡੀ.ਸੀ. ਸੁਖਪਾਲ ਸਿੰਘ ਦੀ ਅਗਵਾਈ ਹੇਠ ਅਧਿਕਾਰੀਆਂ ਵਲੋਂ ਸ਼ਹਿਰ ਦੀ ਆਈਲੈਟਸ ਮਾਰਕੀਟ ਵਜੋਂ ਮਸ਼ਹੂਰ ਇਲਾਕੇ ਵਿਚ ਛਾਪੇਮਾਰੀ ਦੌਰਾਨ 40 ਤੋਂ 50 ਸੈਂਟਰਾਂ ਵਿਚ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। 11 ਸੈਂਟਰਾਂ ਤੋਂ ਲੋੜੀਂਦੇ ਦਸਤਾਵੇਜ਼ ਨਾ ਮਿਲਣ ਕਾਰਨ ਉਨ੍ਹਾਂ ਨੂੰ ਸੀਲ ਕਰਕੇ ਬਾਹਰ ਨੋਟਿਸ ਚਿਪਕਾਏ ਗਏ।
ਇਸ ਮੌਕੇ ਏ.ਡੀ.ਸੀ ਬਰਨਾਲਾ ਸੁਖਪਾਲ ਸਿੰਘ ਨੇ ਦਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਈਲੈਟਸ ਸੈਂਟਰ, ਇਮੀਗ੍ਰੇਸ਼ਨ ਸੈਂਟਰ ਦੀ ਸਮੇਂ-ਸਮੇਂ ‘ਤੇ ਚੈਕਿੰਗ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਅੱਜ ਉਨ੍ਹਾਂ ਨੇ ਬਰਨਾਲਾ ਸ਼ਹਿਰ ਵਿਚ ਚੱਲ ਰਹੇ ਇਨ੍ਹਾਂ ਕੇਂਦਰਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਕਰੀਬ 40 ਤੋਂ 50 ਸੈਂਟਰਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ ਕੁੱਝ ਸੈਂਟਰਾਂ ਕੋਲ ਲੋੜੀਂਦੇ ਕਾਗਜ਼ ਜਾਂ ਦਸਤਾਵੇਜ਼ ਨਹੀਂ ਸਨ, ਜਿਸ ਕਾਰਨ 11 ਸੈਂਟਰਾਂ ਦੇ ਦਫ਼ਤਰ ਸੀਲ ਕਰ ਦਿਤੇ ਗਏ ਹਨ।
ਪ੍ਰਸ਼ਾਸਨ ਨੇ ਇਨ੍ਹਾਂ ਸੈਂਟਰਾਂ ਦੇ ਮਾਲਕਾਂ ਨੂੰ ਸਮਾਂਬੱਧ ਮੌਕਾ ਦਿਤਾ ਹੈ, ਜਿਸ ਤਹਿਤ ਉਹ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਸੈਂਟਰ ਖੋਲ੍ਹ ਸਕਦੇ ਹਨ। ਇਹ ਸੈਂਟਰ ਉਦੋਂ ਤਕ ਸੀਲ ਰਹਿਣਗੇ ਜਦੋਂ ਤਕ ਲੋੜੀਂਦੀਆਂ ਫਾਈਲਾਂ ਜਮ੍ਹਾਂ ਨਹੀਂ ਹੋ ਜਾਂਦੀਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੈਂਟਰਾਂ ਨੂੰ ਸੀਲ ਕੀਤਾ ਗਿਆ ਹੈ, ਜੇਕਰ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹਨ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਫਾਇਰ ਵਿਭਾਗ ਵਲੋਂ ਵੀ ਪੜਤਾਲ ਕੀਤੀ ਜਾਵੇਗੀ। ਅੱਗ ਬੁਝਾਊ ਵਿਭਾਗ ਦੀ ਮਨਜ਼ੂਰੀ ਨਾ ਲੈਣ ਵਾਲੇ ਕੇਂਦਰ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ।