ਪੰਜਾਬ

ਬਿਕਰਮ ਮਜੀਠੀਆ ਨੇ ਬੇਂਗਲੁਰੂ ਮੀਟਿੰਗ ’ਤੇ ਚੁੱਕੇ ਸਵਾਲ; ਪੁਛਿਆ, “ਮੁੱਖ ਮੰਤਰੀ ਜੀ, ਕੀ ਹੁਣ ਵੀ ਸੱਭ ਫੜੇ ਜਾਣਗੇ”

ਚੰਡੀਗੜ੍ਹ: ਬੇਂਗਲੁਰੂ ਵਿਚ ਵਿਰੋਧੀ ਧਿਰਾਂ ਦੀ ਹੋਈ ਮੀਟਿੰਗ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੈੱਸ ਕਾਨਫ਼ਰੰਸ ਕਰਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਅਤੇ ਕਾਂਗਰਸ ਨੂੰ ਗਠਜੋੜ ਦੀ ਵਧਾਈ ਪਰ ਇਸ ਗਠਜੋੜ ਨਾਲ ਪੰਜਾਬ ਦਾ ਕੀ ਫਾਇਦਾ ਹੋਵੇਗਾ, ਇਹ ਸੱਭ ਤੋਂ ਵੱਡਾ ਸਵਾਲ ਹੈ। ਮਜੀਠੀਆ ਨੇ ਕਿਹਾ ਕਿ ਲੋਕਤੰਤਰ ਵਿਚ ਵਿਰੋਧੀ ਧਿਰ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਤੇ ਜੇਕਰ ਵਿਰੋਧੀ ਧਿਰ ਅਪਣੀ ਭੂਮਿਕਾ ਨਹੀਂ ਨਿਭਾਉਂਦੀ ਤਾਂ ਲੋਕਤੰਤਰ ਖਤਰੇ ਵਿਚ ਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਵੀ ਲਿਖੀ ਹੈ। ਸਪੀਕਰ ਸਾਹਿਬ ਨੂੰ ਅਪੀਲ ਹੈ ਕਿ ਹੁਣ ਵਿਰੋਧੀ ਧਿਰ ਵਿਚ ਬੈਠਣ ਵਾਲਿਆਂ ਨੂੰ ਵੀ ਵਜ਼ੀਰੀਆਂ ਦਿਵਾਉਣ।

ਮਜੀਠੀਆ ਨੇ ਸਵਾਲ ਕਰਦਿਆਂ ਕਿਹਾ, “ਕਾਂਗਰਸ ਅਤੇ ਆਪ ਨੂੰ ਗਠਜੋੜ ਦੀ ਵਧਾਈ ਪਰ ਇਹ ਤਾਂ ਪਹਿਲਾਂ ਹੀ ਤੈਅ ਸੀ। ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਖਹਿਰਾ ਵਰਗੇ ਆਗੂਆਂ ਨੂੰ ਗਠਜੋੜ ਦਾ ਅਫ਼ਸੋਸ ਹੈ ਪਰ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਸੱਭ ਤੋਂ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ। ਕਾਂਗਰਸ ਵਾਲੇ ਹੁਣ ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨੂੰ ਕੀ ਜਵਾਬ ਦੇਣਗੇ?”

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਕੀ ਹੁਣ ਇਹ ਬਚ ਜਾਣਗੇ ਜਾਂ ਹੁਣ ਵੀ ਸੱਭ ਫੜੇ ਜਾਣਗੇ। ਕੀ ਹੁਣ (ਭ੍ਰਿਸ਼ਟਾਚਾਰ ਵਿਰੁਧ ਕਾਰਵਾਈ ਦੇ) ਮਾਪਦੰਡ ਬਦਲ ਜਾਣਗੇ? ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਪਹਿਲਾਂ ਤੋਂ ਹੀ ਖੇਡ ਰਹੀ ਸੀ, ਓਪੀ ਸੋਨੀ, ਭਾਰਤ ਭੂਸ਼ਣ ਆਸ਼ੂ ਅਤੇ ਕਿੱਕੀ ਢਿਲੋਂ ਵਰਗੇ ਲੋਕਾਂ ਨੂੰ ਫਸਾ ਕੇ ਬਾਕੀ ਕਾਂਗਰਸੀ ਖੁਸ਼ ਹੋਏ ਫਿਰਦੇ ਨੇ, ਹੁਣ ਉਨ੍ਹਾਂ ਦੀ ਸਿਆਸਤ ਸੌਖੀ ਹੋ ਗਈ ਹੈ। ਬਾਜਵਾ ਸਾਹਿਬ ਨੇ ਅਸਲ ਹਿੰਮਤ ਨਾਲ ‘ਗਠਜੋੜ’ ਵਿਰੁਧ ਲੜਾਈ ਲੜੀ।

ਬੇਂਗਲੁਰੂ ਵਿਚ ਹੋਈ ਬੈਠਕ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਕਦੇ ਵੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੋਂ ਬਾਹਰ ਨਹੀਂ ਜਾ ਸਕਦੀ, ਇਸੇ ਤਰ੍ਹਾਂ ਭਗਵੰਤ ਮਾਨ ਵੀ ਕੇਜਰੀਵਾਲ ਤੋਂ ਬਾਹਰ ਨਹੀਂ ਜਾ ਸਕਦੇ। ਕਾਂਗਰਸ ਨੇ ਪੰਜਾਬ ਅਤੇ ਦਿੱਲੀ ‘ਆਪ’ ਲਈ ਛੱਡ ਦਿਤੇ ਅਤੇ ‘ਆਪ’ ਨੇ ਬਾਕੀ ਸੂਬਿਆਂ ਵਿਚ ਕਾਂਗਰਸ ਦਾ ਵਿਰੋਧ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਕੁੱਝ ਦਿਨਾਂ ਵਿਚ ਸੱਭ ਸਾਹਮਣੇ ਆ ਜਾਵੇਗਾ। ਬੰਦੀ ਸਿੰਘਾਂ ਦੇ ਮਾਮਲੇ ਵਿਚ ਕਾਂਗਰਸ ਅਤੇ ‘ਆਪ’ ਦਾ ਸਮਝੌਤਾ ਹੋਇਆ ਹੈ। ਨਿੱਜੀ ਹਿਤਾਂ ਤੋਂ ਇਲਾਵਾ ਇਨ੍ਹਾਂ ਦਾ ਕੋਈ ਮੁੱਦਾ ਨਹੀਂ ਰਹਿ ਗਿਆ।

ਪੰਜਾਬ ਵਿਚ ਹੜ੍ਹ ਕਾਰਨ ਹੋਏ ਨੁਕਸਾਨ ਬਾਰੇ ਗੱਲ਼ ਕਰਦਿਆਂ ਮਜੀਠੀਆ ਨੇ ਸਵਾਲ ਕੀਤਾ ਕਿ, “ਹੁਣ ਕਾਂਗਰਸੀ ਕੀ ਕਰਨਗੇ? ਕੀ ਉਹ ਅਪਣੀ ‘ਭਾਈਵਾਲ’ ਪਾਰਟੀ ਦੇ ਮੁੱਖ ਮੰਤਰੀ ਨਾਲ ਗੱਲ ਕਰਕੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣਗੇ ਜਾਂ ਲੋਕਾਂ ਨੂੰ ਮੂਰਖ ਬਣਾਉਂਦੇ ਰਹਿਣਗੇ?”  ਇਸ ਦੇ ਨਾਲ ਹੀ ਸੌਦਾ ਸਾਧ ਨੂੰ ਪੈਰੋਲ ਮਿਲਣ ਦੇ ਮਾਮਲੇ ’ਤੇ ਮਜੀਠੀਆ ਨੇ ਕਿਹਾ ਕਿ ਡਿਫਾਲਟਰ ‘ਬਾਬੇ’ ਨੂੰ ਅੰਦਰ ਕੀਤਾ ਜਾਵੇ ਪਤਾ ਨਹੀਂ ਕਿਉਂ ਛੱਡ ਦਿੰਦੇ ਨੇ?

ਇਸ ਖ਼ਬਰ ਬਾਰੇ ਕੁਮੈਂਟ ਕਰੋ-