ਭਾਰੀ ਮੀਂਹ ਕਾਰਨ ਖਸਤਾ ਹਾਲਤ ਪਠਾਨਕੋਟ ਦੇ ਚੱਕੀ ਪੁਲ ਤੋਂ ਆਵਾਜਾਈ ਠੱਪ : ਹਿਮਾਚਲ ਜਾਣ ਲਈ ਰੂਟ ਬਦਲੇ
ਪਠਾਨਕੋਟ : ਪਠਾਨਕੋਟ ਰਾਹੀਂ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੇ ਕੌਮੀ ਮਾਰਗ ’ਤੇ ਚੱਕੀ ਪੁਲ ਨਾਜਾਇਜ਼ ਮਾਈਨਿੰਗ ਕਾਰਨ ਕਾਫੀ ਹੱਦ ਤੱਕ ਨੁਕਸਾਨਿਆ ਗਿਆ ਹੈ। ਪਹਾੜਾਂ ‘ਚ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪੁਲ ‘ਤੇ ਵਾਹਨਾਂ ਅਤੇ ਪੈਦਲ ਚੱਲਣ ‘ਤੇ ਪਾਬੰਦੀ ਲਗਾ ਦਿਤੀ ਹੈ। ਇਸ ਦੇ ਨਾਲ ਹੀ ਹਿਮਾਚਲ ਜਾਣ ਲਈ ਰਸਤਾ ਡਾਇਵਰਟ ਕੀਤਾ ਗਿਆ ਹੈ। ਜਿਸ ਕਾਰਨ ਇਸ ਪੁਲ ਨਾਲ ਹਿਮਾਚਲ ਦਾ ਸੰਪਰਕ ਟੁੱਟ ਗਿਆ ਹੈ।
ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਦਸਿਆ ਕਿ ਸਾਨੂੰ ਆਪਣੇ ਕੰਮਾਂ ਲਈ ਰੋਜ਼ਾਨਾ ਹਿਮਾਚਲ ਜਾਣਾ ਪੈਂਦਾ ਹੈ ਪਰ ਹੁਣ ਪੁਲ ਟੁੱਟਣ ਕਾਰਨ ਪ੍ਰਸ਼ਾਸਨ ਨੇ ਆਵਾਜਾਈ ‘ਤੇ ਰੋਕ ਲਗਾ ਦਿਤੀ ਹੈ | ਜਿਸ ਕਾਰਨ 20 ਤੋਂ 30 ਕਿਲੋਮੀਟਰ ਦਾ ਸਫ਼ਰ ਜ਼ਿਆਦਾ ਤੈਅ ਕਰਨਾ ਪੈਂਦਾ ਹੈ। ਸਥਾਨਕ ਵਿਅਕਤੀ ਰਾਕੇਸ਼ ਕੁਮਾਰ ਨੇ ਦਸਿਆ ਕਿ ਇਹ ਸਮੱਸਿਆ ਸਿਰਫ਼ ਬਜ਼ੁਰਗਾਂ ਨੂੰ ਹੀ ਨਹੀਂ ਸਗੋਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਹੁੰਦੀ ਹੈ।
ਐਨਐਚਏਆਈ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਪੁਲ ਨੂੰ ਬੰਦ ਕਰ ਦਿਤਾ ਗਿਆ ਹੈ ਕਿਉਂਕਿ ਇਸ ਸਮੇਂ ਇਹ ਪੁਲ ਖਸਤਾ ਹਾਲਤ ਵਿਚ ਹੈ। ਉਨ੍ਹਾਂ ਦਸਿਆ ਕਿ ਪਿਛਲੇ ਸਾਲ 18 ਅਗਸਤ ਨੂੰ ਜਦੋਂ ਦਰਿਆ ਵਿਚ ਪਾਣੀ ਦਾ ਤੇਜ਼ ਵਹਾਅ ਆਇਆ ਤਾਂ ਸਾਹਮਣੇ ਵਾਲਾ ਪੁਰਾਣਾ ਰੇਲਵੇ ਪੁਲ ਢਹਿ ਗਿਆ ਸੀ। ਇਸ ਦੇ ਨਾਲ ਹੀ ਇਸ ਸੜਕ ਦੇ ਪੁਲ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।
ਪਾਣੀ ਦੇ ਤੇਜ਼ ਵਹਾਅ ਕਾਰਨ ਥੰਮ੍ਹ ਨੰਬਰ 1 ਅਤੇ 2 ਹੇਠਾਂ ਤੋਂ ਮਲਬਾ ਖਿਸਕਣ ਕਾਰਨ ਨੰਗੇ ਹੋ ਗਏ ਹਨ। ਜਿਸ ਤੋਂ ਬਾਅਦ ਇਸ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰ ਲਗਾਤਾਰ ਮਾਈਨਿੰਗ ਕਾਰਨ ਇਹ ਪੁਲ ਟਿਕ ਨਹੀਂ ਸਕਿਆ। ਜਿਸ ਕਾਰਨ ਅੱਜ ਫਿਰ ਇਸ ਪੁਲ ਨੂੰ ਲੋਕਾਂ ਲਈ ਬੰਦ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਭਾਗ ਇਸ ਨਾਜਾਇਜ਼ ਮਾਈਨਿੰਗ ’ਤੇ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ।