ਜੇਕਰ ਤੁਹਾਡੇ ਸਰੀਰ ’ਤੇ ਨਜ਼ਰ ਆਉਂਦੇ ਹਨ ਨੀਲੇ ਨਿਸ਼ਾਨ ਤਾਂ ਇਸ ਨੂੰ ਨਾ ਕਰੋ ਨਜ਼ਰ-ਅੰਦਾਜ਼
ਜੇਕਰ ਤੁਹਾਨੂੰ ਬਿਨਾਂ ਕਿਸੇ ਕਾਰਨ ਸਰੀਰ ’ਤੇ ਨੀਲੇ ਰੰਗ ਦੇ ਨਿਸ਼ਾਨ ਦਿਖਾਈ ਦਿੰਦੇ ਹਨ ਤਾਂ ਇਸ ਨੂੰ ਨਜ਼ਰ-ਅੰਦਾਜ਼ ਕਰਨ ਦੀ ਗ਼ਲਤੀ ਨਾ ਕਰੋ ਕਿਉਂਕਿ ਇਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਸੱਟ ਲੱਗਣ ’ਤੇ ਖ਼ੂਨ ਨਹੀਂ ਨਿਕਲਦਾ ਪਰ ਉਸ ਥਾਂ ਦੀ ਚਮੜੀ ਨੀਲੀ ਹੋ ਜਾਂਦੀ ਹੈ, ਤਾਂ ਇਸ ਨੂੰ ਖ਼ੂਨ ਦੇ ਥੱਕੇ ਲੱਗਣ ’ਤੇ ਅਜਿਹਾ ਹੁੰਦਾ ਹੈ। ਇਸ ਲਈ ਇਸ ਨੂੰ ਮਾਮੂਲੀ ਸਮਝਣ ਦੀ ਗ਼ਲਤੀ ਨਾ ਕਰੋ ਕਿਉਂਕਿ ਇਹ ਨਿਸ਼ਾਨ ਕਈ ਸਮੱਸਿਆਵਾਂ ਵਲ ਇਸ਼ਾਰਾ ਕਰਦੇ ਹਨ। ਆਉ ਜਾਣਦੇ ਹਾਂ ਉਨ੍ਹਾਂ ਬਾਰੇ:
ਵਿਟਾਮਿਨ ਕੇ ਦੀ ਕਮੀ ਨਾਲ ਸਰੀਰ ’ਤੇ ਨੀਲੇ ਨਿਸ਼ਾਨ ਵੀ ਪੈ ਸਕਦੇ ਹਨ। ਵਿਟਾਮਿਨ ਕੇ ਖ਼ੂਨ ਦੇ ਥੱਕੇ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਸਰੀਰ ਵਿਚ ਵਿਟਾਮਿਨ ਕੇ ਦੀ ਮਾਤਰਾ ਘੱਟ ਹੋਣ ਕਾਰਨ ਤੁਹਾਨੂੰ ਜ਼ਿਆਦਾ ਜ਼ਖ਼ਮ ਹੋ ਸਕਦੇ ਹਨ ਅਤੇ ਅਜਿਹੇ ਨੀਲੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ। ਸਰੀਰ ਵਿਚ ਵਿਟਾਮਿਨ ਸੀ ਦੀ ਕਮੀ ਦੇ ਕਾਰਨ ਅਕਸਰ ਸਰੀਰ ’ਤੇ ਨੀਲੇ ਨਿਸ਼ਾਨ ਦਿਖਾਈ ਦਿੰਦੇ ਹਨ। ਇਹ ਜ਼ਰੂਰੀ ਵਿਟਾਮਿਨ ਕੋਲੇਜਨ ਬਣਾਉਣ ਵਿਚ ਮਦਦ ਕਰਦਾ ਹੈ।
ਇਸ ਤੋਂ ਇਲਾਵਾ ਇਹ ਖ਼ੂਨ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰਖਦਾ ਹੈ। ਇਸ ਲਈ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਨ ਲਈ ਡਾਈਟ ਵਿਚ ਸੰਤਰਾ, ਨਿੰਬੂ ਅਤੇ ਅਮਰੂਦ ਵਰਗੀਆਂ ਚੀਜ਼ਾਂ ਦਾ ਸੇਵਨ ਕਰੋ। ਹਾਈ ਬਲੱਡ ਸ਼ੂਗਰ ਤੁਹਾਡੀਆਂ ਖ਼ੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅਜਿਹੀ ਸਥਿਤੀ ਵਿਚ ਮਾਮੂਲੀ ਸੱਟ ਲੱਗਣ ’ਤੇ ਜਾਂ ਮਾਸਪੇਸ਼ੀਆਂ ਨੂੰ ਦਬਾਉਣ ’ਤੇ ਨੀਲੇ ਨਿਸ਼ਾਨ ਪੈ ਸਕਦੇ ਹਨ।