ਬਿਜਲੀ ਦੀ ਲਪੇਟ ‘ਚ ਆਈ ਭਾਰਤੀ ਮੂਲ ਦੀ ਵਿਦਿਆਰਥਣ, ਦਿਮਾਗ ਨੂੰ ਪਹੁੰਚਿਆ ਨੁਕਸਾਨ
ਹਿਊਸਟਨ : ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ ਵਿਖੇ ਪੜ੍ਹਦੀ ਭਾਰਤੀ ਮੂਲ ਦੀ 25 ਸਾਲਾ ਵਿਦਿਆਰਥਣ ‘ਤੇ ਬਿਜਲੀ ਡਿੱਗੀ ਜਿਸ ਤੋਂ ਬਾਅਦ ਉਹ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਦੂਜੇ ਪਾਸੇ ਉਸ ਦਾ ਪ੍ਰਵਾਰ ਲੋਕਾਂ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਪ੍ਰਵਾਰਕ ਸੂਤਰਾਂ ਅਨੁਸਾਰ, ਯੂਐਚ ਵਿਚ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰ ਰਹੀ ਭਾਰਤੀ ਮੂਲ ਦੀ ਵਿਦਿਆਰਥਣ ਸੁਸਰੁਨਿਆ ਕੋਡੂਰੂ 4 ਜੁਲਾਈ ਨੂੰ ਸੈਨ ਜੈਕਿੰਟੋ ਮੈਮੋਰੀਅਲ ਪਾਰਕ ਵਿਚ ਅਪਣੇ ਦੋਸਤਾਂ ਨਾਲ ਸੈਰ ਕਰ ਰਹੀ ਸੀ ਜਦੋਂ ਉਹ ਬਿਜਲੀ ਦੀ ਲਪੇਟ ਵਿਚ ਆ ਗਈ।
ਇਸ ਦੌਰਾਨ ਪ੍ਰਵਾਰ ਨੇ ਇਲਾਜ ਵਿਚ ਮਦਦ ਕਰਨ ਅਤੇ ਉਸ ਨੂੰ ਉਸਦੇ ਮਾਪਿਆਂ ਨਾਲ ਦੁਬਾਰਾ ਮਿਲਾਉਣ ਲਈ ਇੱਕ GoFundMe ਬਣਾਇਆ ਹੈ। ਅਪਣੇ ਪੇਜ ‘ਤੇ ਪ੍ਰਵਾਰ ਨੇ ਸਾਰਿਆਂ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਜਲਦ ਸਿਹਤਯਾਬ ਹੋ ਸਕੇ। ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਸੁਸਰੁਨਿਆ ਕੋਡੂਰੂ ਨੂੰ ਲੰਬੇ ਸਮੇਂ ਤਕ ਇਲਾਜ ਅਤੇ ਚੰਗੀ ਦੇਖਭਾਲ ਦੀ ਲੋੜ ਸੀ।
ਜ਼ਿਕਰਯੋਗ ਹੈ ਕਿ ਸੁਸਰੁਨਿਆ ਕੋਡੂਰੂ ਉਚੇਰੀ ਪੜ੍ਹਾਈ ਲਈ ਅਮਰੀਕਾ ਗਈ ਸੀ। ਉਹ ਹਿਊਸਟਨ ਯੂਨੀਵਰਸਿਟੀ ਵਿੱਚ ਸੂਚਨਾ ਤਕਨਾਲੋਜੀ ਵਿਚ ਮਾਸਟਰਜ਼ ਦੀ ਵਿਦਿਆਰਥਣ ਸੀ, ਜਿਥੇ ਉਸ ਨੇ ਅਪਣਾ ਮਾਸਟਰ ਪ੍ਰੋਗਰਾਮ ਲਗਭਗ ਪੂਰਾ ਕਰ ਲਿਆ ਸੀ ਅਤੇ ਇਕ ਇੰਟਰਨਸ਼ਿਪ ਦੀ ਉਡੀਕ ਕਰ ਰਹੀ ਸੀ। 2 ਜੁਲਾਈ ਨੂੰ, ਉਹ ਸਾਨ ਜੈਕਿਨਟੋ ਮੈਮੋਰੀਅਲ ਗਈ ਸੀ ਅਤੇ ਇਕ ਨਦੀ ਨੇੜੇ ਬਿਜਲੀ ਦੀ ਲਪੇਟ ਵਿਚ ਆ ਗਈ। ਉਨ੍ਹਾਂ ਨੂੰ 20 ਮਿੰਟ ਤਕ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ, ਉਸ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਹੋਇਆ ਅਤੇ ਉਹ ਕੋਮਾ ਵਿਚ ਚਲੀ ਗਈ।