500 ਫੁੱਟ ਡੂੰਘੀ ਖੱਡ ‘ਚ ਡਿਗੀ ਮਨਾਲੀ ਤੋਂ ਪਰਤ ਰਹੇ ਸੈਲਾਨੀਆਂ ਦੀ ਕਾਰ
ਹਿਮਾਚਲ : ਮਨਾਲੀ ਤੋਂ ਪਰਤ ਰਹੇ ਦਿੱਲੀ ਦੇ ਸੈਲਾਨੀਆਂ ਦੀ ਕਾਰ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ‘ਤੇ ਸਵਾਰਘਾਟ ਨੇੜੇ ਧਾਰਕਾਂਸ਼ੀ ਵਿਖੇ ਕਰੀਬ 500 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਹਾਦਸੇ ਵਿਚ ਇਕ ਲੜਕੀ ਅਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਕਾਰ ਸੜਕ ਤੋਂ ਹੇਠਾਂ ਦਰਖਤਾਂ ਵਿਚਕਾਰ ਫਸੀ ਹੋਈ ਨਜ਼ਰ ਆਈ। ਮੌਕੇ ਤੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਿਸ ਅਤੇ ਐਨ.ਡੀ.ਆਰ.ਐਫ਼. ਦੇ ਜਵਾਨਾਂ ਨੂੰ ਲਾਸ਼ਾਂ ਨੂੰ ਖੱਡ ਵਿੱਚੋਂ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।
ਮ੍ਰਿਤਕਾਂ ਦੀ ਪਛਾਣ ਕਾਰ ਚਾਲਕ ਸਚਿਨ ਸਿੰਘ (26) ਪੁੱਤਰ ਜੈਕਰਨ ਸਿੰਘ ਵਾਸੀ ਓਮਨਗਰ ਬਦਰਪੁਰ ਦੱਖਣੀ ਦਿੱਲੀ, ਪਿੰਟੂ (26) ਪੁੱਤਰ ਰਵੀ ਨਾਇਕ ਵਾਸੀ ਮਕਾਨ ਨੰ.215 ਗਲੀ ਨੰਬਰ 8, ਓਮੰਗਰ ਬਦਰਪੁਰ ਨਵੀਂ ਦਿੱਲੀ ਅਤੇ ਖ਼ੁਸ਼ੀ ਗੁਪਤਾ (20) ਪੁੱਤਰੀ ਭਾਗੀਰਥ ਗੁਪਤਾ ਵਜੋਂ ਹੋਈ ਹੈ। ਸਵਾਰਘਾਟ ਥਾਣੇ ਦੇ ਇੰਚਾਰਜ ਰਾਜੇਸ਼ ਵਰਮਾ ਨੇ ਦਸਿਆ ਕਿ ਪਹਿਲੀ ਨਜ਼ਰੇ ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਜਾਪਦਾ ਹੈ।