ਟਾਪ ਨਿਊਜ਼ਭਾਰਤ

ਵਿਰੋਧੀ ਧਿਰਾਂ ਦੇ ਗਠਜੋੜ ‘ਇੰਡੀਆ’ ’ਤੇ ਪ੍ਰਧਾਨ ਮੰਤਰੀ ਦਾ ਵਾਰ; ਦਸਿਆ ਹੁਣ ਤਕ ਦਾ ਸੱਭ ਤੋਂ ‘ਦਿਸ਼ਾਹੀਣ’ ਗਠਜੋੜ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਨੂੰ ਦੇਸ਼ ਦਾ ਹੁਣ ਤਕ ਦਾ ਸੱਭ ਤੋਂ ‘ਦਿਸ਼ਾਹੀਣ’ ਗਠਜੋੜ ਕਰਾਰ ਦਿਤਾ ਅਤੇ ਈਸਟ ਇੰਡੀਆ ਕੰਪਨੀ ਅਤੇ ਇੰਡੀਅਨ ਮੁਜਾਹਿਦੀਨ ਵਰਗੇ ਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ਼ ਦੇਸ਼ ਦਾ ਨਾਂਅ ਲੈ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਹੀ।

ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਵਤੀਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੇ ਵਤੀਰੇ ਤੋਂ ਇਹ ਦਿਖਾਈ ਦਿੰਦਾ ਹੈ ਕਿ ਉਨ੍ਹਾਂ ਨੇ ਆਉਣ ਵਾਲੇ ਕਈ ਸਾਲਾਂ ਤਕ ਵਿਰੋਧੀ ਧਿਰ ਵਿਚ ਬਣੇ ਰਹਿਣ ਦਾ ਫ਼ੈਸਲਾ ਕੀਤਾ ਹੈ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, “ਉਨ੍ਹਾਂ (ਪ੍ਰਧਾਨ ਮੰਤਰੀ) ਨੇ ਬਹੁਤ ਵੱਡੀ ਟਿੱਪਣੀ ਕੀਤੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਇਕ ਅੰਗਰੇਜ਼ ਨੇ ਕੀਤੀ ਸੀ। ਈਸਟ ਇੰਡੀਆ ਕੰਪਨੀ ਵੀ ਅੰਗਰੇਜ਼ਾਂ ਨੇ ਹੀ ਬਣਾਈ ਸੀ। ਅੱਜਕੱਲ੍ਹ ਲੋਕ ਇੰਡੀਅਨ ਮੁਜਾਹਿਦੀਨ ਅਤੇ ਇੰਡੀਅਨ ਪੀਪਲਜ਼ ਫਰੰਟ ਦਾ ਨਾਂਅ ਵੀ ਰੱਖਦੇ ਹਨ… ਫਿਰ ਆਹਮੋ-ਸਾਹਮਣੇ ਹੋ ਜਾਂਦੇ ਹਨ, ਸੱਚਾਈ ਕੁੱਝ ਹੋਰ ਹੈ”।

ਭਾਜਪਾ ਆਗੂ ਰਮੇਸ਼ ਬਿਧੂੜੀ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਜਿਹੜੇ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਹਨ, ਉਨ੍ਹਾਂ ਵਿਚ ਈਸਟ ਇੰਡੀਆ ਕੰਪਨੀ ਅਤੇ ਇੰਡੀਅਨ ਮੁਜਾਹਿਦੀਨ ਵਰਗੇ ਨਾਂਅ ਵੀ ਹਨ, ਪਰ ਲੋਕ ਇਨ੍ਹਾਂ ਚਾਲਾਂ ਤੋਂ ਗੁੰਮਰਾਹ ਨਹੀਂ ਹੋਣਗੇ। ਜੋਸ਼ੀ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ, ”ਦੁਨੀਆਂ ਵੀ ਸੋਚਦੀ ਹੈ, ਭਾਰਤ ਦੇ ਲੋਕ ਵੀ ਸੋਚਦੇ ਹਨ ਕਿ ਇਹ ਸ਼ੁਰੂਆਤ ਹੈ। ਇਸ ਲਈ ਦੁਨੀਆਂ ਵੀ ਇਸ ਸਰਕਾਰ ਦੇ ਨਾਲ, ਇਸ ਲੀਡਰਸ਼ਿਪ ਨਾਲ ਅੱਗੇ ਵਧਣਾ ਚਾਹੁੰਦੀ ਹੈ। ਇਸੇ ਲਈ ਬਹੁਤ ਮਹੱਤਵਪੂਰਨ ਸਮਝੌਤੇ ਹੋਏ ਹਨ। ਦੁਨੀਆਂ ਵਿਚ ਭਾਰਤ ਦੀ ਪਛਾਣ ਬਹੁਤ ਵਧ ਰਹੀ ਹੈ। ਭਾਰਤ ਲਈ ਇਹ ਸ਼ਲਾਘਾਯੋਗ ਗੱਲ ਹੈ ਕਿ ਦੁਨੀਆ ਸਾਡੇ ‘ਤੇ ਭਰੋਸਾ ਕਰ ਰਹੀ ਹੈ”।

ਜੋਸ਼ੀ ਅਨੁਸਾਰ, ਮੋਦੀ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਵਿਚ ਦੇਸ਼ ਬਦਲ ਗਿਆ ਹੈ ਕਿਉਂਕਿ 2014 ਵਿਚ ਜਦੋਂ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਨੇ ਸੱਤਾ ਸੰਭਾਲੀ ਸੀ ਤਾਂ ਭਾਰਤੀ ਅਰਥਵਿਵਸਥਾ ਵਿਸ਼ਵ ਵਿਚ 10ਵੇਂ ਸਥਾਨ ‘ਤੇ ਸੀ ਅਤੇ ਦੂਜੇ ਕਾਰਜਕਾਲ ਵਿਚ ਪੰਜਵੇਂ ਸਥਾਨ ‘ਤੇ ਆ ਗਈ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਦੇ ਤੀਜੇ ਕਾਰਜਕਾਲ ‘ਚ ਭਾਰਤੀ ਅਰਥਵਿਵਸਥਾ ਤੀਜੇ ਨੰਬਰ ‘ਤੇ ਪਹੁੰਚ ਜਾਵੇਗੀ। ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਨ.ਡੀ.ਏ. ਦੀ ਸਥਾਪਨਾ ਦੇ 25ਵੇਂ ਸਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਵਿਰਾਸਤ ਹੈ।

ਉਨ੍ਹਾਂ ਮੁਤਾਬਕ ਇਸ ਸਾਲ ਦਾ ਜਸ਼ਨ ਮਨਾਉਂਦੇ ਹੋਏ ਮੋਦੀ ਨੇ ਸੰਸਦ ਮੈਂਬਰਾਂ ਨੂੰ ਇਸ ਸੰਦਰਭ ਵਿਚ ਮੀਟਿੰਗਾਂ ਦੀ ਲੜੀ ਸ਼ੁਰੂ ਕਰਨ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਸੱਦਾ ਦਿਤਾ। ਜੋਸ਼ੀ ਨੇ ਦਸਿਆ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਹਰ ਘਰ ‘ਚ ਤਿਰੰਗਾ ਲਹਿਰਾਉਣ ਅਤੇ ਹਰ ਵਿਧਾਨ ਸਭਾ ਹਲਕੇ ‘ਚ ਪ੍ਰੋਗਰਾਮ ਆਯੋਜਤ ਕਰਨ ਦਾ ਸੱਦਾ ਦਿਤਾ ਹੈ। ਮੀਟਿੰਗ ਦੀ ਸ਼ੁਰੂਆਤ ਵਿਚ ਸੰਘ ਦੇ ਸੀਨੀਅਰ ਪ੍ਰਚਾਰਕ ਮਦਨ ਦਾਸ ਦੇਵੀ ਅਤੇ ਤਿੰਨ ਮਰਹੂਮ ਸੰਸਦ ਮੈਂਬਰਾਂ ਗਿਰੀਸ਼ ਬਾਪਟ, ਰਤਨ ਲਾਲ ਕਟਾਰੀਆ ਅਤੇ ਹਰਦੁਆਰ ਦੂਬੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-