ਮੈਗਜ਼ੀਨ

ਪੰਜਾਬ ’ਚ ਨਸ਼ੇ ਲਈ ਵਰਤੇ ਜਾਂਦੇ ‘ਘੋੜੇ ਵਾਲੇ ਕੈਪਸੂਲ’ ਕੀ ਹਨ?

ਚੰਡੀਗੜ੍ਹ : ਪੰਜਾਬ ਵਿਚ ਨੌਜੁਆਨ ਨਸ਼ੇ ਦੇ ਦਲਦਲ ਵਿਚ ਧਸਦੇ ਜਾ ਰਹੇ ਹਨ। ਨਸ਼ੇ ਦੀ ਪੂਰਤੀ ਲਈ ਨੌਜੁਆਨ ‘ਘੋੜੇ ਵਾਲੇ ਕੈਪਸੂਲਾਂ’ ਦੀ ਵਰਤੋਂ ਕਰ ਰਹੇ ਹਨ। ਇਹਨਾਂ ਨੂੰ ‘ਪ੍ਰੀਗਾਬਲਿਨ-300 ਮਿਲੀਗ੍ਰਾਮ’ ਕਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਮਾਲਵਾ ਖੇਤਰ ਵਿਚ ਨਸ਼ੇ ਦੀ ਪੂਰਤੀ ਕਰਨ ਲਈ ਕੁਝ ਨਸ਼ੇੜੀ ਸਿਗਨੇਚਰ ਕੈਪਸੂਲ ਦੀ ਵਰਤੋਂ ਕਰ ਰਹੇ ਹਨ।

ਸਿਗਨੇਚਰ ਕੈਪਸੂਲ ਨੂੰ ਨਸ਼ੇੜੀ ‘ਘੋੜੇ ਵਾਲਾ ਕੈਪਸੂਲ’ ਕਹਿੰਦੇ ਹਨ ਪਰ ਮੈਡੀਕਲ ਭਾਸ਼ਾ ਵਿਚ ਇਨ੍ਹਾਂ ਕੈਪਸੂਲਾਂ ਵਿਚ ਪ੍ਰੀਗਾਬਲਿਨ-300 ਐਮਜੀ ਸਾਲਟ ਪਾਇਆ ਜਾਂਦਾ ਹੈ।

ਮਾਨਸਾ ਜ਼ਿਲ੍ਹੇ ਵਿਚ ਧਾਰਾ 144 ਤਹਿਤ ਪ੍ਰੀਗਾਬਲਿਨ-300 ਐੱਮਜੀ ਕੈਪਸੂਲ ਦੀ ਵਿੱਕਰੀ ‘ਤੇ ਪਾਬੰਦੀ ਹੈ।

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾ ਦੇ ਮਨੋਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਜਤਿੰਦਰ ਅਨੇਜਾ ਅਤੇ ਸਹਾਇਕ ਪ੍ਰੋਫੈਸਰ ਡਾਕਟਰ ਜਵਾਹਰ ਸਿੰਘ ਨੇ ਸਾਲ 2021 ਵਿਚ ਪ੍ਰੀਗਾਬਲਿਨ ਦੀ ਵਰਤੋਂ ਅਤੇ ਦੁਰਵਰਤੋਂ ‘ਤੇ ਇੱਕ ਖੋਜ ਪੱਤਰ ਪ੍ਰਕਾਸ਼ਿਤ ਕੀਤਾ ਸੀ।
ਇਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਦਾ ਪੱਛਮੀ ਖੇਤਰ ਪ੍ਰੀਗਾਬਲਿਨ ਦੀ ਦੁਰਵਰਤੋਂ ਦੇ ਰੂਪ ਵਿਚ ਇੱਕ ਹੋਰ ਭਿਆਨਕ ਜਨਤਕ ਸਿਹਤ ਸਮੱਸਿਆ ਵੱਲ ਜਾ ਰਿਹਾ ਹੈ।

ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਡੀ ਮਾਤਰਾ ਵਿਚ ਪ੍ਰੀਗਾਬਲਿਨ ਅਤੇ ਹੋਰ ਗੈਬਾਪੇਂਟਿਨੋਇਡ ਜ਼ਬਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਹਾਲ ਹੀ ਵਿਚ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੀਗਾਬਲਿਨ-300 ਮਿਲੀਗ੍ਰਾਮ ਦੀ ਬਿਨਾਂ ਡਾਕਟਰ ਦੀ ਪਰਚੀ ਤੋਂ ਵਿੱਕਰੀ ਕਰਨ ‘ਤੇ ਪਾਬੰਦੀ ਲਗਾ ਦਿਤੀ ਹੈ।

ਇਸ ਖੋਜ ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰੀਗਾਬਲਿਨ ਨੂੰ ਅੰਸ਼ਕ ਦੌਰੇ, ਨਿਊਰੋਪੈਥਿਕ ਦਰਦ ਅਤੇ ਫਾਈਬਰੋਮਾਈਆਲਗੀਆ ਲਈ ਮਨਜ਼ੂਰੀ ਦਿਤੀ ਗਈ ਸੀ ਪਰ ਇਹ ਚਿੰਤਾ ਸੰਬੰਧੀ ਵਿਗਾੜਾਂ ਅਤੇ ਅਫ਼ੀਮ ਦੇ ਆਦਿਆਂ ਨੂੰ ਠੀਕ ਕਰਨ ਲਈ ਵੀ ਵਰਤਿਆ ਜਾਂਦਾ ਹੈ।

ਖੋਜ ਪੱਤਰ ਦਸਦਾ ਹੈ ਕਿ ਵਿਸ਼ਵ ਪੱਧਰ ‘ਤੇ, ਅਧਿਐਨਾਂ ਨੇ ਦਿਖਾਇਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਇਤਿਹਾਸ ਵਾਲੇ ਵਿਅਕਤੀ ਇਲਾਜ ਦੀ ਖੁਰਾਕ ਤੋਂ 3-20 ਗੁਣਾ ਖੁਰਾਕ ਸੀਮਾ ਵਿਚ ਪ੍ਰੀਗਾਬਲਿਨ ਅਤੇ ਹੋਰ ਗੈਬਾਪੇਂਟਿਨੋਇਡਜ਼ ਦੀ ਦੁਰਵਰਤੋਂ ਕਰਦੇ ਹਨ।

ਡਾਕਟਰ ਜਤਿੰਦਰ ਅਨੇਜਾ ਨੇ ਦਸਿਆ ਕਿ ਕੁਝ ਨਸ਼ਾ ਕਰਨ ਵਾਲੇ ਲੋਕ ਇੱਕ ਦਿਨ ਵਿੱਚ 300 ਮਿਲੀਗ੍ਰਾਮ ਪ੍ਰੀਗਾਬਲਿਨ ਦੀਆਂ 10 ਕੈਪਸੂਲ ਦਾ ਸੇਵਨ ਕਰ ਰਹੇ ਹਨ ਜੋ ਕਿ ਜਾਨਲੇਵਾ ਵੀ ਸਾਬਿਤ ਹੋ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕੁਝ ਬਿਮਾਰੀਆਂ ਲਈ ਇਹ ਦਵਾਈ ਲਾਭਦਾਇਕ ਹੈ ਪਰ ਇਸ ਨੂੰ ਸਹੀ ਢੰਗ ਨਾਲ ਨਿਯਮਤ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਸੁਝਾਅ ਦਿਤਾ ਕਿ ਮਾਨਸਾ ਜ਼ਿਲ੍ਹੇ ਵਿਚ ਪ੍ਰੀਗਾਬਲਿਨ-300 ਮਿਲੀਗ੍ਰਾਮ ਕੈਪਸੂਲ ਦੀ ਵਿੱਕਰੀ ‘ਤੇ ਸੂਬੇ ਭਰ ਵਿਚ ਪਾਬੰਦੀ ਹੋਣੀ ਚਾਹੀਦੀ ਹੈ।

ਪ੍ਰੀਗਾਬਲਿਨ -300 ਐੱਮਜੀ ਕੈਪਸੂਲ ਕੀ ਹਨ?

ਡਾਕਟਰ ਗੁਰਪ੍ਰਕਾਸ਼ ਸਿੰਘ ਪੰਜਾਬ ਦੇ ਜੇਲ ਵਿਭਾਗ ਵਿਚ ਮਨੋਵਿਗਿਆਨ ਦੇ ਮਾਹਰ ਹਨ।

ਡਾ. ਗੁਰਪ੍ਰਕਾਸ਼ ਸਿੰਘ ਦੱਸਦੇ ਹਨ ਕਿ ਪ੍ਰੀਗਾਬਲਿਨ ਪਹਿਲਾਂ ਮਿਰਗੀ ਦੇ ਇਲਾਜ ਲਈ ਬਣੀ ਸੀ ਪਰ ਬਾਅਦ ਵਿਚ ਇਸ ਦਵਾਈ ਦਾ ਸ਼ੂਗਰ ਦੇ ਮਰੀਜਾਂ ‘ਤੇ ਕਾਰਗਰ ਪ੍ਰਭਾਵ ਦੇਖਿਆ ਗਿਆ।

ਉਹ ਕਹਿੰਦੇ ਹਨ, “ਇਸ ਦਵਾਈ ਦੇ ਸਰੀਰ ’ਤੇ ਮਾੜੇ ਪ੍ਰਭਾਵ ਘੱਟ ਹੁੰਦੇ ਹਨ। ਇਸ ਦਵਾਈ ਦੀ ਨਿਆਮਕ ਡੋਜ਼ ਮਰੀਜ਼ ਨੂੰ ਸ਼ਾਂਤ ਕਰਦੀ ਹੈ।”

ਉਨ੍ਹਾਂ ਦਸਿਆ, “ਚਾਰ-ਪੰਜ ਸਾਲ ਪਹਿਲਾਂ ਸਾਨੂੰ ਪ੍ਰੀਗਾਬਲਿਨ ਕੈਪਸੂਲ ਦੀ ਦੁਰਵਰਤੋਂ ਬਾਰੇ ਪਤਾ ਨਹੀਂ ਸੀ। ਅਸੀਂ ਜੇਲ ਵਿਚ ਇਲਾਜ਼ ਅਧੀਨ ਕੈਦੀਆਂ ਨੂੰ ਪ੍ਰੀਗਾਬਲਿਨ 75-ਐੱਮਜੀ ਦਵਾਈ ਦਿੰਦੇ ਸੀ। ਪਰ ਜਦੋਂ ਕੈਦੀਆਂ ਨੇ ਇਹ ਦਵਾਈ ਦੇਣ ਲਈ ਬਾਰ-ਬਾਰ ਕਹਿਣਾ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਉਹ ਇਸ ਦੀ ਦੁਰਵਰਤੋਂ ਕਰ ਰਹੇ ਹਨ।”

ਸਰੀਰ ‘ਤੇ ਮਾੜੇ ਪ੍ਰਭਾਵ ਕੀ ਹਨ?

ਡਾਕਟਰ ਗੁਰਪ੍ਰਕਾਸ਼ ਸਿੰਘ ਨੇ ਦਸਿਆ ਕਿ ਪ੍ਰੀਗਾਬਲਿਨ ਦੀ ਜ਼ਿਆਦਾ ਵਰਤੋਂ ਨਾਲ ਮਰੀਜ਼ ਦੇ ਗੁਰਦੇ ਅਤੇ ਜਿਗਰ ‘ਤੇ ਵੀ ਮਾੜਾ ਅਸਰ ਪੈਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਦੇ ਸਰਕਾਰੀ ਨਸ਼ਾ ਮੁੜ ਵਸੇਬਾ ਕੇਂਦਰ ਦੇ ਸੀਨੀਅਰ ਮਨੋਵਿਗਿਆਨੀ ਡਾਕਟਰ ਅਮਨ ਸੂਦ ਨੇ ਦਸਿਆ ਕਿ ਪ੍ਰੀਗਾਬਲਿਨ-300 ਐਮਜੀ ਨਸ਼ੇ ਦੇ ਆਦੀ ਲੋਕਾਂ ਵਿਚ ਵਿਆਪਕ ਤੌਰ ‘ਤੇ ਵਰਤੀ ਜਾਂਦੀ ਹੈ। ਕਿਉਂਕਿ ਟਰਾਮਾਡੋਲ ਮੁਕਾਬਲਤਨ ਘੱਟ ਉਪਲੱਭਧ ਹੈ ਤੇ ਇਨ੍ਹਾਂ ਕੁਝ ਗੋਲੀਆਂ ਦਾ ਸੇਵਨ ਕਰਨ ਨਾਲ ਦਿਮਾਗ ਗੁੰਮ ਜਿਹਾ ਹੋ ਜਾਂਦਾ ਹੈ ਤੇ ਨੀਂਦ ਵੀ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲਿਆਂ ਦਾ ਮੰਨਣਾ ਹੁੰਦਾ ਹੈ ਕਿ ਉਹ ਇਸ ਦਾ ਸੇਵਨ ਕਰਕੇ ਵੱਧ ਕੰਮ ਕਰ ਸਕਦੇ ਹਨ ਤੇ ਇਸ ਲਈ ਇਸ ਨੂੰ ਘੋੜੇ ਵਾਲਾ ਕੈਪਸੂਲ ਵੀ ਕਹਿੰਦੇ ਹਨ।

ਡਾਕਟਰ ਗੁਰਪ੍ਰਕਾਸ਼ ਅਨੁਸਾਰ, “ਲੰਬੇ ਸਮੇਂ ਦੇ ਪ੍ਰਭਾਵਾਂ ਵਿਚ ਇਹ ਮਾਨਸਿਕ ਸਮੱਸਿਆਵਾਂ ਪੈਦਾ ਕਰਦੇ ਹਨ ਤੇ ਵਿਵਹਾਰ ਵਿਚ ਬਦਲਾਅ ਵੀ ਆਉਂਦਾ ਹੈ। ਸਾਡੇ ਕੋਲ ਜਲੰਧਰ ਵਿਚ ਓਟ ਕਲੀਨਿਕਾਂ ਵਿਚ ਕੁੱਲ 18000 ਨਸ਼ੇੜੀ ਰਜਿਸਟਰਡ ਹਨ।”

ਇਸ ਖ਼ਬਰ ਬਾਰੇ ਕੁਮੈਂਟ ਕਰੋ-