ਟਾਪ ਨਿਊਜ਼ਭਾਰਤ

ਮਨੀਪੁਰ ਦੇ ਮੋਰੇਹ ਵਿਚ ਭੀੜ ਨੇ ਘਰਾਂ ਨੂੰ ਲਗਾਈ ਅੱਗ, ਸੁਰੱਖਿਆ ਬਲਾਂ ਦੀਆਂ ਬੱਸਾਂ ਨੂੰ ਵੀ ਬਣਾਇਆ ਨਿਸ਼ਾਨਾ

ਇੰਫਾਲ: ਮਨੀਪੁਰ ਦੇ ਮੋਰੇਹ ਜ਼ਿਲ੍ਹੇ ਵਿਚ ਬੁਧਵਾਰ ਨੂੰ ਬਦਮਾਸ਼ਾਂ ਦੇ ਇਕ ਸਮੂਹ ਨੇ ਕਈ ਘਰਾਂ ਨੂੰ ਅੱਗ ਲਾ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਇਹ ਖਾਲੀ ਘਰ ਮਿਆਂਮਾਰ ਸਰਹੱਦ ਨੇੜੇ ਮੋਰੇਹ ਬਾਜ਼ਾਰ ਇਲਾਕੇ ਵਿਚ ਸਨ। ਅਧਿਕਾਰੀਆਂ ਨੇ ਦਸਿਆ ਕਿ ਇਹ ਅੱਗਜ਼ਨੀ ਕਾਂਗਪੋਕਪੀ ਜ਼ਿਲ੍ਹੇ ‘ਚ ਭੀੜ ਵਲੋਂ ਸੁਰੱਖਿਆ ਬਲਾਂ ਦੀਆਂ ਦੋ ਬੱਸਾਂ ਨੂੰ ਅੱਗ ਲਾਉਣ ਤੋਂ ਕੁੱਝ ਘੰਟੇ ਬਾਅਦ ਵਾਪਰੀ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਹ ਘਟਨਾ ਸਪੋਰਮੀਨਾ ਵਿਖੇ ਵਾਪਰੀ ਜਦੋਂ ਮੰਗਲਵਾਰ ਸ਼ਾਮ ਨੂੰ ਬੱਸਾਂ ਦੀਮਾਪੁਰ ਤੋਂ ਆ ਰਹੀਆਂ ਸਨ। ਅਧਿਕਾਰੀਆਂ ਨੇ ਦਸਿਆ ਕਿ ਸਥਾਨਕ ਲੋਕਾਂ ਨੇ ਮਨੀਪੁਰ ਰਜਿਸਟ੍ਰੇਸ਼ਨ ਨੰਬਰ ਵਾਲੀ ਬੱਸ ਨੂੰ ਸਪੋਰਮੀਨਾ ਵਿਖੇ ਰੋਕਿਆ ਅਤੇ ਕਿਹਾ ਕਿ ਉਹ ਜਾਂਚ ਕਰਨਗੇ ਕਿ ਬੱਸ ਵਿਚ ਹੋਰ ਭਾਈਚਾਰੇ ਦਾ ਕੋਈ ਮੈਂਬਰ ਹੈ ਜਾਂ ਨਹੀਂ। ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਵਿਚੋਂ ਕੁੱਝ ਨੇ ਬੱਸਾਂ ਨੂੰ ਅੱਗ ਲਾ ਦਿਤੀ।

ਮਨੀਪੁਰ ਵਿਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮੇਈਤੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿਚ ਪਹਾੜੀ ਜ਼ਿਲ੍ਹਿਆਂ ਵਿਚ 3 ਮਈ ਨੂੰ ਆਯੋਜਤ ‘ਕਬਾਇਲੀ ਏਕਤਾ ਮਾਰਚ’ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਹੁਣ ਤਕ 160 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਕਈ ਹੋਰ ਜ਼ਖਮੀ ਹੋਏ ਹਨ।

ਮੇਈਤੀ ਭਾਈਚਾਰਾ ਰਾਜ ਦੀ ਆਬਾਦੀ ਦਾ ਲਗਭਗ 53 ਫ਼ੀ ਸਦੀ ਬਣਦਾ ਹੈ ਅਤੇ ਉਹ ਮੁੱਖ ਤੌਰ ‘ਤੇ ਇੰਫਾਲ ਘਾਟੀ ਵਿਚ ਰਹਿੰਦੇ ਹਨ। ਇਸ ਦੇ ਨਾਲ ਹੀ, ਨਾਗਾ ਅਤੇ ਕੂਕੀ ਵਰਗੇ ਆਦਿਵਾਸੀ ਭਾਈਚਾਰਿਆਂ ਦੀ ਆਬਾਦੀ ਦਾ 40 ਫ਼ੀ ਸਦੀ ਹਿੱਸਾ ਹੈ ਅਤੇ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ਵਿਚ ਰਹਿੰਦੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-