ਪੱਟੀ ਦੇ ਪਿੰਡ ਭੈਣੀ ‘ਚ ਜ਼ਮੀਨੀ ਵਿਵਾਦ ਦੇ ਚੱਲਦਿਆਂ 75 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ

ਪੱਟੀ : ਪੱਟੀ ਦੇ ਨਜ਼ਦੀਕੀ ਪਿੰਡ ਭੈਣੀ ਵਿਚ ਘਰੇਲੂ ਜ਼ਮੀਨੀ ਵਿਵਾਦ ਦੇ ਚੱਲਦੇ 75 ਸਾਲਾਂ ਬਜ਼ੁਰਗ ਔਰਤ ਦੀ ਕੁੱਟਮਾਰ ਕੀਤੀ  ਗਈ। ਇਸ ਬਾਰੇ ਪੀੜਤ ਬਜ਼ੁਰਗ ਸਵਿੰਦਰ ਕੌਰ ਨੇ ਦੱਸਿਆ ਕਿ ਉਸਦੀ 15 ਮਰਲੇ ਦੇ ਕਰੀਬ ਹਵੇਲੀ ਦੀ ਜ਼ਮੀਨ ਹੈ ਜਿਸ ਵਿਚ ਕਮਰੇ ਵੀ ਬਣੇ ਹਨ। ਇਸ ਜ਼ਮੀਨ ਨੂੰ ਵੇਚਣ ਦੀ ਲਿਖਤ 7/8 ਮਹੀਨੇ ਪਹਿਲਾਂ ਉਸਨੇ ਆਪਣੇ ਦਿਓਰ ਦੇ ਮੁੰਡੇ ਨਿਸ਼ਾਨ ਸਿੰਘ ਨਾਲ ਸਾਢੇ 7 ਲੱਖ ਵਿਚ ਕੀਤੀ ਸੀ ਅਤੇ ਬਕਾਇਦਾ ਇਸਦੀ ਤਹਿਸੀਲਦਾਰ ਦੇ ਦਫ਼ਤਰ ਫੋਟੋ ਕਰਵਾਈ ਗਈ ਸੀ ਪਰ ਕੁਝ ਦਿਨਾਂ ਬਾਅਦ ਇਹ ਸੌਦਾ ਰੱਦ ਹੋਣ ਤੇ ਉਸਨੇ ਨਿਸ਼ਾਨ ਸਿੰਘ ਦੇ ਸਾਰੇ ਪੈਸੇ ਵਾਪਸ ਕਰ ਦਿੱਤੇ। ਤਹਿਸੀਲਦਾਰ ਦਫ਼ਤਰ ਵਾਲਾ ਲਿਖਤ ਪੇਪਰ ਵਾਪਸ ਮੰਗਣ ‘ਤੇ ਨਿਸ਼ਾਨ ਸਿੰਘ ਪੇਪਰ ਦੇਣ ਤੋਂ ਟਾਲਮਟੋਲ ਕਰਦਾ ਰਿਹਾ ਅਤੇ ਹੁਣ ਉਹ ਉਸੇ ਕਾਗਜ਼ ਨੂੰ ਆਧਾਰ ਬਣਾਕੇ ਮੇਰੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਉਂਦਾ ਹੈ।

ਬਜ਼ੁਰਗ ਨੇ ਕਿਹਾ ਕਿ ਉਸ ਵਲੋਂ ਪੁਲਸ ਥਾਣਾ ਸਦਰ ਪੱਟੀ ਵਿਖੇ ਇਸਦੀ ਸ਼ਿਕਾਇਤ ਵੀ ਕੀਤੀ ਸੀ ਜਿਸ ਵਿਚ ਪੁਲਸ ਨੇ 7 ਜਨਵਰੀ ਤੱਕ ਦਾ ਜਾਂਚ ਕਰਨ ਲਈ ਟਾਇਮ ਦਿੱਤਾ ਸੀ ਪਰ ਉਕਤ ਨਿਸ਼ਾਨ ਸਿੰਘ ਵਲੋਂ ਉਸਦੀ ਜ਼ਮੀਨ ‘ਤੇ ਧੱਕੇਸ਼ਾਹੀ ਕਰਦੇ ਹੋਏ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਉਸਦਾ ਸਮਾਨ ਵੀ ਬਾਹਰ ਸੁੱਟ ਦਿੱਤਾ ਗਿਆ। ਜਦ ਬਜ਼ੁਰਗ ਮਾਤਾ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸਦੀ ਕੁੱਟਮਾਰ ਕੀਤੀ ਗਈ ਧੱਕੇ ਮਾਰੇ ਅਤੇ ਵਾਲ ਵੀ ਖਿੱਚੇ ਗਏ।  ਬਜ਼ੁਰਗ ਔਰਤ ਨੇ ਕਿਹਾ ਕਿ ਜੇਕਰ ਇਹ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਉਹ ਜ਼ਹਿਰੀਲੀ ਦਵਾਈ ਪੀਕੇ ਆਪਣੀ ਜਾਨ ਦੇ ਦੇਵੇਗੀ।

ਦੂਜੇ ਪਾਸੇ ਨਿਸ਼ਾਨ ਸਿੰਘ ਨੇ ਬਜ਼ੁਰਗ ਮਾਤਾ ਦੇ ਮੁੰਡੇ ਗੁਰਭੇਜ ਸਿੰਘ ਕੋਲੋਂ ਇਹ ਜ਼ਮੀਨ ਸਾਢੇ 9 ਲੱਖ ਵਿਚ ਖ਼ਰੀਦ ਕੀਤੀ ਹੈ, ਜਿਸ ਸੰਬੰਧੀ ਪੁਰਾਣਾ ਲਿਖਤ ਕੀਤਾ ਕਾਗਜ਼ ਪੇਸ਼ ਕਰਦੇ ਦੱਸਿਆ ਕਿ ਉਹ ਲਿਖਤ ਦੇ ਅਧਾਰ ‘ਤੇ ਕਬਜ਼ਾ ਕਰ ਰਿਹਾ ਹੈ। ਇਸ ਬਾਰੇ ਮੌਜੂਦ ਪਿੰਡ ਦੇ ਪੰਚਾਇਤ ਮੈਂਬਰ ਇੰਦਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਵਲੋਂ ਥਾਣਾ ਸਦਰ ਪੱਟੀ ਵਿਚ ਲਿਖਿਤ ਸਮਝੌਤਾ ਕੀਤਾ ਸੀ ਕਿ 7 ਜਨਵਰੀ ਤੱਕ ਜਗ੍ਹਾ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਪਰ ਨਿਸ਼ਾਨ ਸਿੰਘ ਵਲੋਂ ਅੱਜ ਬੁਰਜੀਆਂ ਕਰ ਜਗ੍ਹਾ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ ।

ਇਸ ਮਾਮਲੇ ਸਬੰਧੀ ਥਾਣਾ ਸਦਰ ਪੱਟੀ ਦੇ ਜਾਂਚ ਅਧਿਕਾਰੀ ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਦੋਵੇਂ ਧਿਰਾਂ ਆਈਆਂ ਸਨ ਕਿ 7 ਜਨਵਰੀ ਤੱਕ ਉਹ ਪਿੰਡ ਵਿਚ ਫ਼ੈਸਲਾ ਕਰ ਲੈਣਗੇ ਅਤੇ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਮੁੜ 7 ਜਨਵਰੀ ਨੂੰ ਥਾਣੇ ਵਿਚ ਪੇਸ਼ ਹੋਣਗੇ। ਪਰ ਨਿਸ਼ਾਨ ਸਿੰਘ ਨੇ ਕੱਲ੍ਹ ਜਗ੍ਹਾ ਤੇ ਕਬਜ਼ਾ ਕਰ ਲਿਆ ਅਤੇ ਬਜ਼ੁਰਗ ਮਾਤਾ ਵਲੋਂ ਰੋਕਣ ਤੇ ਉਸਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿਹਾ ਕਿ ਦੋਵੇਂ ਧਿਰਾਂ ਹਸਪਤਾਲ ਵਿਚ ਦਾਖ਼ਲ ਹਨ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

Leave a Reply