ਪੰਜਾਬ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਭਾਰੀ ਬਾਰਸ਼ ਦੀ ਚੇਤਾਵਨੀ

ਚੰਡੀਗੜ੍ਹ  : ਮੌਸਮ ਵਿਭਾਗ ਨੇ ਸਨਿਚਰਵਾਰ ਤੋਂ ਚਾਰ ਦਿਨਾਂ ਲਈ ਪੰਜਾਬ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸਨਿਚਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਹਨੇਰੀ ਨਾਲ ਮੀਂਹ ਪਵੇਗਾ ਜਦਕਿ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਕੱੁਝ ਥਾਵਾਂ ’ਤੇ ਬਾਰਸ਼ ਹੋਵੇਗੀ। ਜਿਸ ਕਾਰਨ ਪਾਰਾ ਵਿਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸ ਸਮੇਂ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤਕ ਹਰ ਕੋਈ ਮੀਂਹ ਦੇ ਝੱਖੜ ਦਾ ਸਾਹਮਣਾ ਕਰ ਰਿਹਾ ਹੈ। ਪਹਾੜਾਂ ਵਿਚ ਜਿਥੇ ਭਾਰੀ ਮੀਂਹ ਕਾਰਨ ਸਾਰੀਆਂ ਨਦੀਆਂ ਉਫ਼ਾਨ ’ਤੇ ਹਨ ਅਤੇ ਲੋਕਾਂ ਨੂੰ ਭਾਰੀ ਨੁਕਸਾਨ ਝਲਣਾ ਪੈ ਰਿਹਾ ਹੈ। ਮੈਦਾਨੀ ਇਲਾਕਿਆਂ ਵਿਚ ਵੀ ਹੜ੍ਹ ਵਰਗੇ ਹਾਲਾਤ ਹਨ।

ਪੰਜਾਬ ਦੇ ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਬਠਿੰਡਾ ਆਦਿ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿਚ ਬਾਰਸ਼ ਹੋਵੇਗੀ ਜਦਕਿ ਪਛਮੀ ਮਾਲਵਾ ’ਚ 30 ਅਤੇ 31 ਜੁਲਾਈ ਨੂੰ ਤੇਜ਼ ਬਾਰਸ਼ ਦੇ ਆਸਾਰ ਹਨ। ਦੂਜੇ ਪਾਸੇ ਪੂਰਬੀ ਮਾਲਵਾ ਵਿਚ 29 ਜੁਲਾਈ ਤੋਂ 31 ਜੁਲਾਈ ਤਕ ਤੇਜ਼ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਜਿਸ ਦੇ ਮੁਤਾਬਕ ਪੰਜਾਬ ਦੇ ਅਬੋਹਰ, ਮਲੋਟ, ਬਠਿੰਡਾ, ਗਿੱਦੜਬਾਹਾ, ਫਾਜ਼ਿਲਕਾ, ਰਾਮਪੁਰਾ ਫੂਲ, ਜੈਤੋਂ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਬਾਘਾ ਪੁਰਾਣਾ, ਫ਼ਰੀਦਕੋਟ, ਮੋਗਾ, ਫ਼ਿਰੋਜ਼ਪੁਰ, ਜ਼ੀਰਾ, ਸ਼ਾਹਕੋਟ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ, ਖਡੂਰ ਸਾਹਿਬ, ਨਿਹਾਲ ਸਿੰਘਵਾਲਾ, ਜਗਰਾਉਂ, ਲੁਧਿਆਣਾ ਪੱਛਮੀ, ਫਿਲੌਰ, ਨਕੋਦਰ, ਫਗਵਾੜਾ, ਜਲੰਧਰ 1, ਜਲੰਧਰ 2, ਕਪੂਰਥਲਾ,  ਨਵਾਂਸ਼ਹਿਰ, ਹੁਸ਼ਿਆਰਪੁਰ, ਬਾਬਾ ਬਕਾਲਾ, ਅੰਮ੍ਰਿਤਸਰ 1, ਅੰਮ੍ਰਿਤਸਰ 2, ਬਟਾਲਾ, ਭੁਲੱਥ, ਦਸੂਆ ਅਤੇ ਗੁਰਦਾਸਪੁਰ ਵਿਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦਾ ਤਾਪਮਾਨ 30.4, ਪਟਿਆਲਾ 30.5, ਪਠਾਨਕੋਟ 34.8, ਬਠਿੰਡਾ 30.4, ਫ਼ਰੀਦਕੋਟ 32.0, ਗੁਰਦਾਸਪੁਰ 32.0, ਜਲੰਧਰ 31.8 ਅਤੇ ਰੋਪੜ 30.7 ਡਿਗਰੀ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਵਿਚ ਵੀ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਇਹ ਆਮ ਦੇ ਨੇੜੇ ਰਿਹਾ। ਸੱਭ ਤੋਂ ਘੱਟ ਤਾਪਮਾਨ 24.4 ਡਿਗਰੀ ਬਲਾਚੌਰ ਦਰਜ ਕੀਤਾ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-