ਟਾਪ ਨਿਊਜ਼ਪੰਜਾਬ

ਪੰਜਾਬ: ਪ੍ਰਵਾਸੀਆਂ ਵੱਲੋਂ ਨਾਬਾਲਗ ਕੁੜੀ ਨਾਲ ਗੈਂਗਰੇਪ

ਬਨੂੜ : ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਥਾਣਾ ਸ਼ੰਭੂ ਅਧੀਨ ਪੈਂਦੇ ਇਕ ਪਿੰਡ ’ਚ ਨਾਬਾਲਗ ਕੁੜੀ ਨਾਲ 2 ਪ੍ਰਵਾਸੀ ਨੌਜਵਾਨਾਂ ਵੱਲੋਂ ਜਬਰ-ਜ਼ਿਨਾਹ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਨੇੜੇ ਸਥਿਤ ਕਿਸੇ ਗੋਦਾਮ ’ਚ ਕੰਮ ਕਰਨ ਵਾਲੇ 2 ਨੌਜਵਾਨ ਪਿੰਡ ਦੇ ਵਸਨੀਕ ਦੇ ਘਰ ’ਚ ਕਿਰਾਏ ’ਤੇ ਰਹਿੰਦੇ ਸਨ। ਬੀਤੀ ਰਾਤ ਇਹ ਨਾਬਾਲਗ ਕੁੜੀ ਜਦੋਂ ਪਿੰਡ ’ਚ ਸਥਿਤ ਕਿਸੇ ਦੁਕਾਨ ਤੋਂ ਤਕਰੀਬਨ 8 ਕੁ ਵਜੇ ਸਾਮਾਨ ਲੈ ਕੇ ਆ ਰਹੀ ਸੀ ਤਾਂ ਕਿਰਾਏ ਦੇ ਮਕਾਨ ’ਚ ਰਹਿੰਦੇ ਪ੍ਰਵਾਸੀ ਨੌਜਵਾਨ ਕੁੜੀ ਨੂੰ ਮਕਾਨ ਅੰਦਰ ਲੈ ਕੇ ਗਏ। ਨੌਜਵਾਨ ਨਾਬਾਲਿਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਪੀੜਤਾ ਦੇ ਹੱਥਾਂ ਨੂੰ ਕਿਸੇ ਕੱਪੜੇ ਜਾਂ ਰੱਸੀ ਨਾਲ ਬੰਨ੍ਹ ਕੇ ਕਮਰੇ ’ਚ ਬੰਦ ਕਰ ਕੇ ਫ਼ਰਾਰ ਹੋ ਗਏ।

ਜਦੋਂ ਗੁਆਂਢੀ ਅਤੇ ਪਿੰਡ ਦੇ ਵਸਨੀਕਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ 100 ’ਤੇ ਫੋਨ ਕਰ ਕੇ ਸੂਚਿਤ ਕੀਤਾ ਗਿਆ। ਪੀੜਤ ਨਾਬਾਲਗ ਕੁੜੀ ਦੇ ਮਾਪਿਆਂ ਅਤੇ ਪਿੰਡ ਦੇ ਵਸਨੀਕਾਂ ਨੇ ਕਮਰੇ ਦੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਕੁੜੀ ਨੂੰ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਾਇਆ।

ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਿਕ ਨੇ ਦੱਸਿਆ ਕਿ ਨਾਬਾਲਗ ਕੁੜੀ ਦੀ ਮਾਤਾ ਦੇ ਬਿਆਨਾਂ ’ਤੇ ਮੁਲਜ਼ਮ ਨੌਜਵਾਨ ਵਿਕਾਸ ਵਾਸੀ ਹਰਿਆਣਾ ਤੇ ਸੁਖਵੀਰ ਵਾਸੀ ਰਾਜਸਥਾਨ ਖ਼ਿਲਾਫ਼ ਧਾਰਾ 376, 342, 365, 328 ਆਈ. ਪੀ. ਸੀ. ਅਤੇ ਪੈਸਕੋ ਚਿਲਡਰਨਜ਼ ਸੈਕਸੁੂਅਲ ਐਕਟ ਅਧੀਨ ਮਾਮਲਾ ਦਰਜ ਕਰ ਕੇ ਮੁਲਜ਼ਮ ਨੌਜਵਾਨਾਂ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-