ਰਾਜਸਥਾਨ: ਪ੍ਰੈਸ਼ਰ ਕੁੱਕਰ ਵਿਚ ਧਮਾਕਾ ਹੋਣ ਕਾਰਨ ਔਰਤ ਦੀ ਹੋਈ ਮੌਤ
ਜੈਪੁਰ: ਜੈਪੁਰ ਵਿਚ ਪ੍ਰੈਸ਼ਰ ਕੁੱਕਰ ਵਿਚ ਧਮਾਕਾ ਹੋਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਕੁੱਕਰ ਦੇ ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਲੋਕ 200 ਮੀਟਰ ਦੂਰ ਤੱਕ ਘਰਾਂ ਤੋਂ ਬਾਹਰ ਆ ਗਏ। ਇਹ ਘਟਨਾ ਸਵੇਰੇ 11 ਵਜੇ ਝੋਟਵਾੜਾ ਇਲਾਕੇ ‘ਚ ਵਾਪਰੀ। ਝੋਟਵਾੜਾ ਥਾਣਾ ਪੁਲਿਸਨੇ ਦਸਿਆ- ਕਿਰਨ ਕੰਵਰ (40) ਪਤਨੀ ਰਾਜਕੁਮਾਰ ਸਿੰਘ ਘਰ ਵਿਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਪ੍ਰੈਸ਼ਰ ਕੁੱਕਰ ਫਟ ਗਿਆ। ਇਸ ਕਾਰਨ ਕਿਰਨ ਦਾ ਸਰੀਰ ਪੂਰੀ ਤਰ੍ਹਾਂ ਸੜ ਗਿਆ। ਕਿਰਨ ਕੰਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਪ੍ਰੈਸ਼ਰ ਕੁੱਕਰ ਫਟਿਆ ਤਾਂ ਕਿਰਨ ਘਰ ਵਿਚ ਇਕੱਲੀ ਸੀ। ਬੇਟਾ ਕੁਝ ਸਮਾਂ ਪਹਿਲਾਂ ਕਿਤਾਬ ਖਰੀਦਣ ਲਈ ਮਾਰਕਿਟ ਗਿਆ ਸੀ। ਕਿਰਨ ਦਾ ਪਤੀ ਵੀ ਕੰਮ ਤੋਂ ਬਾਹਰ ਗਿਆ ਸੀ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਦਸਿਆ ਕਿ ਕਿਰਨ ਕੰਵਰ ਦਾ ਚਿਹਰਾ ਇੰਨੀ ਬੁਰੀ ਤਰ੍ਹਾਂ ਸੜਿਆ ਹੋਇਆ ਸੀ ਕਿ ਪਛਾਣ ਵੀ ਨਹੀਂ ਹੋ ਰਹੀ ਸੀ। ਘਟਨਾ ਤੋਂ ਬਾਅਦ ਐਫਐਸਐਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਜਾਵੇਗੀ। ਘਟਨਾ ਦੀ ਸੂਚਨਾ ਕਿਰਨ ਕੰਵਰ ਦੇ ਪਤੀ ਨੂੰ ਦੇ ਦਿੱਤੀ ਗਈ ਹੈ।