ਵਿਸ਼ਵ ਯੂਨੀਵਰਸਿਟੀ ਖੇਡਾਂ: ਫਰੀਦਕੋਟ ਦੀ ਧੀ ਸਿਫ਼ਤ ਕੌਰ ਸਮਰਾ ਨੇ ਜਿੱਤਿਆ ਸੋਨ ਤਮਗ਼ਾ
ਨਵੀਂ ਦਿੱਲੀ: ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਫਰੀਦਕੋਟ ਦੀ ਧੀ ਸਿਫ਼ਤ ਕੌਰ ਸਮਰਾ ਨੇ ਸੋਨ ਤਮਗ਼ਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਆਸ਼ੀ ਚੌਕਸੀ, ਮਾਨਿਨੀ ਕੌਸ਼ਿਕ ਅਤੇ ਸਿਫਟ ਕੌਰ ਸਮਰਾ ਦੀ ਭਾਰਤੀ ਤਿਕੜੀ ਨੇ ਚੇਂਗੜੂ ਵਿਖੇ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਿਆ ਹੈ।
ਆਸ਼ੀ, ਮਾਨਿਨੀ ਅਤੇ ਸਿਫਟ ਨੇ ਖੇਡਾਂ ਦੇ ਪੰਜਵੇਂ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3527 ਅੰਕਾਂ ਨਾਲ ਚੀਨ (3525) ਅਤੇ ਚੈੱਕ ਗਣਰਾਜ (3499) ਨੂੰ ਮਾਤ ਦਿਤੀ। ਇਸ ਦੌਰਾਨ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿਚ ਅਰਜੁਨ ਸਿੰਘ ਚੀਮਾ, ਵਰੁਣ ਤੋਮਰ ਅਤੇ ਅਨਮੋਲ ਜੈਨ ਦੀ ਭਾਰਤੀ ਤਿਕੜੀ ਨੇ 1730 ਅੰਕ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਕੋਰੀਆ ਅਤੇ ਚੀਨ ਨੇ ਕ੍ਰਮਵਾਰ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ। ਤੋਮਰ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿਚ ਸੱਤਵੇਂ ਸਥਾਨ ’ਤੇ ਰਹੇ। ਭਾਰਤ ਨੇ ਇਨ੍ਹਾਂ ਖੇਡਾਂ ਵਿਚ ਹੁਣ ਤਕ 10 ਸੋਨ, ਤਿੰਨ ਚਾਂਦੀ ਅਤੇ ਛੇ ਕਾਂਸੀ ਦੇ ਤਮਗ਼ੇ ਜਿੱਤੇ ਹਨ।