ਫ਼ੁਟਕਲ

ਜੁਲਾਈ ਮਹੀਨੇ ’ਚ 1.65 ਲੱਖ ਕਰੋੜ ਜੀ.ਐਸ.ਟੀ. ਇਕੱਠਾ ਕੀਤਾ ਗਿਆ

ਨਵੀਂ ਦਿੱਲੀ: ਜੁਲਾਈ ਮਹੀਨੇ ’ਚ 1,65,105 ਕਰੋੜ ਰੁਪਏ ਜੀ.ਐਸ.ਟੀ. ਇਕੱਠਾ ਕੀਤਾ ਗਿਆ ਜੋ ਕਿ ਪਿਛਲੇ ਸਾਲ ਤੋਂ 11 ਫ਼ੀ ਸਦੀ ਵੱਧ ਹੈ।
ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਸਿੱਧੀ ਟੈਕਸ ਵਿਵਸਥਾ ਲਾਗੂ ਹੋਣ ਮਗਰੋਂ ਪੰਜਵੀਂ ਵਾਰੀ ਜੀ.ਐਸ.ਟੀ. 1.60 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ।

ਵਿੱਤ ਮੰਤਰਾਲੇ ਦੇ ਬਿਆਨ ਮੁਤਾਬਕ, ‘‘ਜੁਲਾਈ 2023 ’ਚ ਕੁਲ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) 1,65,105 ਕਰੋੜ ਰੁਪੲੈ ਰਿਹਾ। ਇਸ ’ਚ ਕੇਂਦਰੀ ਜੀ.ਐਸ.ਟੀ. 29,773 ਕਰੋੜ ਰੁਪਏ, ਸੂਬਾ ਜੀ.ਐਸ.ਟੀ. 37,623 ਕਰੋੜ ਰੁਪਏ, ਏਕੀਕ੍ਰਿਤ ਜੀ.ਐਸ.ਟੀ. 85,930 ਕਰੋੜ ਰੁਪਏ (ਮਾਲ ਦੇ ਆਯਾਤ ’ਤੇ ਇਕੱਠਾ 41,239 ਕਰੋੜ ਰੁਪਏ ਸਮੇਤ) ਹੈ। ਇਸ ਤੋਂ ਇਲਾਵਾ ਉਪ ਟੈਕਸ 11,779 ਕਰੋੜ ਰੁਪਏ (ਮਾਲ ਦੇ ਆਯਾਤ ’ਤੇ ਇਕੱਠਾ 840 ਕਰੋੜ ਰੁਪਏ ਸਮੇਤ) ਰਿਹਾ।’’

ਮੰਤਰਾਲੇ ਦੇ ਅਨੁਸਾਰ, ਜੁਲਾਈ 2022 ’ਚ ਜੀ.ਐਸ.ਟੀ. 1.49 ਲੱਖ ਕਰੋੜ ਰੁਪਏ ਸੀ।

ਜੁਲਾਈ 2023 ’ਚ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਵੇਚੀਆਂ ਗਈਆਂ ਵਸਤਾਂ ਅਤੇ ਪ੍ਰਦਾਨ ਕੀਤੀਆਂ ਸੇਵਾਵਾਂ ’ਤੇ ਅਦਾ ਕੀਤੇ ਟੈਕਸਾਂ ਤੋਂ ਮਾਲੀਆ ਮਹੀਨਾਵਾਰ ਆਧਾਰ ’ਤੇ ਵਧਿਆ ਹੈ। ਜੂਨ ਮਹੀਨੇ ’ਚ ਇਹ 1.61 ਲੱਖ ਕਰੋੜ ਰੁਪਏ ਅਤੇ ਮਈ ’ਚ 1.57 ਲੱਖ ਕਰੋੜ ਰੁਪਏ ਸੀ। ਅਪ੍ਰੈਲ ’ਚ ਇਹ ਰੀਕਾਰਡ 1.87 ਲੱਖ ਕਰੋੜ ਰੁਪਏ ਸੀ।

ਸਮੀਖਿਆ ਅਧੀਨ ਮਹੀਨੇ ਦੌਰਾਨ ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਮਾਲੀਆ ਸਾਲ ਦਰ ਸਾਲ 15 ਫੀ ਸਦੀ ਵਧਿਆ ਹੈ।
ਐਨ.ਏ. ਸ਼ਾਹ ਐਸੋਸੀਏਟਸ ਪਾਰਟਨਰ (ਅਪ੍ਰਤੱਖ ਟੈਕਸ) ਪਰਾਗ ਮਹਿਤਾ ਨੇ ਕਿਹਾ ਕਿ ਘਰਾਂ, ਕਾਰਾਂ, ਛੁੱਟੀਆਂ ਅਤੇ ਹੋਰ ਖਪਤਕਾਰ ਵਸਤਾਂ ਲਈ ਖਪਤਕਾਰਾਂ ਦੇ ਖਰਚੇ ’ਚ ਵਾਧਾ ਮਹੀਨਾਵਾਰ ਜੀ.ਐਸ.ਟੀ. ਕੁਲੈਕਸ਼ਨ ’ਚ ਵਾਧੇ ਦਾ ਮੁੱਖ ਕਾਰਨ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-