ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਸਕਿਆ ਕੌਂਸਲਰ ਤਾਂ ਖ਼ੁਦ ਨੂੰ ਚੱਪਲਾਂ ਨਾਲ ਕੁੱਟਿਆ
ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਜ਼ਿਲ੍ਹੇ ਦੇ ਇਕ ਕੌਂਸਲਰ ਦਾ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਕੌਂਸਲ ਦੀ ਮੀਟਿੰਗ ਦੌਰਾਨ ਅਪਣੇ ਆਪ ਨੂੰ ਚੱਪਲਾਂ ਨਾਲ ਮਾਰਦਾ ਨਜ਼ਰ ਆ ਰਿਹਾ ਹੈ।
ਰਾਮਾਰਾਜੂ ਦਾ ਕਹਿਣਾ ਹੈ,‘‘ਮੈਨੂੰ ਕੌਂਸਲਰ ਚੁਣੇ ਹੋਏ 31 ਮਹੀਨੇ ਹੋ ਗਏ ਹਨ, ਪਰ ਮੈਂ ਅਪਣੇ ਵਾਰਡ ‘ਚ ਡਰੇਨੇਜ, ਬਿਜਲੀ, ਸਫਾਈ, ਸੜਕਾਂ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਿਆ ਹਾਂ।’’
ਆਟੋ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਨ ਵਾਲੇ 40 ਸਾਲਾ ਕੌਂਸਲਰ ਦਾ ਕਹਿਣਾ ਹੈ ਕਿ ਉਸ ਨੇ ਸਾਰੇ ਰਾਹ ਅਪਨਾ ਕੇ ਵੇਖ ਲਏ ਹਨ ਪਰ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਵਾਰਡ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ। ਉਹ ਅਪਣੇ ਕਿਸੇ ਵੋਟਰ ਨੂੰ ਪਾਣੀ ਦਾ ਕੁਨੈਕਸ਼ਨ ਵੀ ਨਹੀਂ ਦੇ ਸਕਿਆ।
ਰਾਮਾਰਾਜੂ ਨੇ ਕਿਹਾ ਕਿ ਵਾਅਦਿਆਂ ਨੂੰ ਪੂਰਾ ਨਾ ਕਰ ਸਕਣ ਕਾਰਨ ਕੌਂਸਲ ਦੀ ਮੀਟਿੰਗ ਵਿਚ ਬੈਠ ਕੇ ਮਰ ਜਾਣਾ ਹੀ ਬਿਹਤਰ ਹੈ ਕਿਉਂਕਿ ਉਨ੍ਹਾਂ ਦੇ ਵੋਟਰ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ। ਕੌਂਸਲਰ ਨੂੰ ਲੋਕਲ ਬਾਡੀ ਚੋਣਾਂ ਦੌਰਾਨ ਟੀ.ਡੀ.ਪੀ. ਵਲੋਂ ਸਮਰਥਨ ਦਿਤਾ ਗਿਆ ਸੀ।