ਦੇਸ਼-ਵਿਦੇਸ਼

ਡਾਰਕਨੈੱਟ ’ਤੇ ਚੱਲ ਰਹੇ “ਸੱਭ ਤੋਂ ਵੱਡੇ” ਨਸ਼ਾ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼; NCB ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਭਾਰਤ ਵਿਚ ‘ਡਾਰਕਨੈੱਟ’ ‘ਤੇ ਕੰਮ ਕਰ ਰਹੇ ‘ਸੱਭ ਤੋਂ ਵੱਡੇ’ ‘ਐਲ.ਐਸ.ਡੀ.’ ਸਿੰਡੀਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ 13,000 ਤੋਂ ਵੱਧ ‘ਬਲੌਟਸ’, 26 ਲੱਖ ਰੁਪਏ ਦੀ ਨਕਦੀ ਜ਼ਬਤ ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਜ਼ਰੀਏ ਵੀ ਜਾਣਕਾਰੀ ਸਾਂਝੀ ਕੀਤੀ ਹੈ।

ਐਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ (ਅਪਰੇਸ਼ਨਜ਼ ਐਂਡ ਇਨਫੋਰਸਮੈਂਟ) ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ‘ਜੰਬਾਡਾ’ ਨਾਂਅ ਦਾ ਇਕ ਸਮੂਹ ਉਚ ਪਧਰੀ ਡਰੱਗ ‘ਐਲ.ਐਸ.ਡੀ.’ ਦਾ ਵਪਾਰ ਕਰਦਾ ਹੈ ਅਤੇ ਵੱਡੀ ਮਾਤਰਾ ਵਿਚ ਸਪਲਾਈ ਕਰਦਾ ਹੈ। ਇਹ ਯੂ.ਕੇ., ਅਮਰੀਕਾ, ਦੱਖਣੀ ਅਫਰੀਕਾ, ਕੈਨੇਡਾ, ਰੂਸ, ਸਪੇਨ, ਪੁਰਤਗਾਲ, ਗ੍ਰੀਸ ਅਤੇ ਤੁਰਕੀ ਵਿਚ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਦਸਿਆ ਕਿ ਇਹ ਗਰੋਹ 21 ਤੋਂ 25 ਸਾਲ ਦੇ ਪੜ੍ਹੇ ਲਿਖੇ ਲੜਕਿਆਂ ਵਲੋਂ ਚਲਾਇਆ ਜਾ ਰਿਹਾ ਹੈ।

ਦੋ ਮਹੀਨੇ ਪਹਿਲਾਂ ਜੂਨ ਵਿਚ, ਏਜੰਸੀ ਨੇ 15,000 ਐਲ.ਐਸ.ਡੀ. ਬਲੌਟ ਜ਼ਬਤ ਕਰਨ ਤੋਂ ਬਾਅਦ ਅੱਧੀ ਦਰਜਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦਸਿਆ ਕਿ ਆਪਰੇਸ਼ਨ ਦੌਰਾਨ ਪਤਾ ਲੱਗਿਆ ਕਿ ‘ਡਾਰਕਨੈੱਟ’ ‘ਤੇ ਕੰਮ ਕਰਨ ਵਾਲਾ ‘ਐਲ.ਐਸ.ਡੀ.’ ਗਰੁੱਪ ਜੰਬਾਡਾ ਦਿੱਲੀ-ਐਨ.ਸੀ.ਆਰ. ਤੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਅਤੇ ਮਨੁੱਖੀ ਨਿਗਰਾਨੀ ਰਾਹੀਂ ਇਸ ਗਰੋਹ ਨਾਲ ਜੁੜੇ ਦੋ ਵਿਅਕਤੀਆਂ ਦੀ ਪਛਾਣ ਕੀਤੀ ਗਈ ਅਤੇ ਇਸ ਨਾਲ ਇਸ ਗਰੋਹ ਦਾ ‘ਮਾਸਟਰਮਾਈਂਡ’ ਫੜਿਆ ਗਿਆ, ਜੋ ਕਿ ਹਰਿਆਣਾ ਦੇ ਬੱਲਭਗੜ੍ਹ (ਫਰੀਦਾਬਾਦ) ਤੋਂ ਕੰਮ ਕਰ ਰਿਹਾ ਸੀ।

ਐਨ.ਸੀ.ਬੀ. ਦੇ ਅਧਿਕਾਰੀਆਂ ਨੇ ਦਸਿਆ ਕਿ ਏਜੰਸੀ ਦੇ ਦਿੱਲੀ ਜ਼ੋਨਲ ਦਫ਼ਤਰ ਨੇ ਇਨ੍ਹਾਂ ਤਿੰਨਾਂ ਵਿਅਕਤੀਆਂ ਦੇ ਟਿਕਾਣਿਆਂ ‘ਤੇ ਕਈ ਛਾਪੇ ਮਾਰੇ ਅਤੇ ਇਸ ਦੌਰਾਨ 13,863 ਐਲ.ਐਸ.ਡੀ. ਬਲੌਟਸ, 428 ਗ੍ਰਾਮ ਐਮ.ਡੀ.ਐਮ.ਏ. (ਐਕਸਟਸੀ) ਜ਼ਬਤ ਕੀਤੇ ਗਏ ਅਤੇ 26.73 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ।

ਕੀ ਹੈ ਐਲ.ਐਸ.ਡੀ.?

ਐਲ.ਐਸ.ਡੀ. ਜਾਂ ‘ਲਾਈਸਰਜਿਕ ਐਸਿਡ ਡਾਇਥਾਈਲਾਮਾਈਡ’ ਇਕ ਸਿੰਥੈਟਿਕ ਰਸਾਇਣ ਅਧਾਰਤ ਨਸ਼ੀਲਾ ਪਦਾਰਥ ਹੈ। ਨੌਜਵਾਨਾਂ ਦੁਆਰਾ ਇਸ ਦੀ ਵੱਡੇ ਪਧਰ ‘ਤੇ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਦੇ ਸੇਵਨ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦਾ ਸੇਵਰ ਕਾਗਜ਼ ਦੇ ਛੋਟੇ ਟੁਕੜਿਆਂ (ਬਲੌਟ) ‘ਤੇ ਲਗਾ ਕੇ ਕੀਤਾ ਜਾਂਦਾ ਹੈ।

ਡਾਰਕਨੈੱਟ ਕੀ ਹੈ?

‘ਡਾਰਕਨੈੱਟ’ ਇਕ ਗੁਪਤ ਇੰਟਰਨੈਟ ਪਲੇਟਫਾਰਮ ਹੈ ਜੋ ਨਸ਼ੀਲੇ ਪਦਾਰਥਾਂ ਦੀ ਵਿਕਰੀ, ਅਸ਼ਲੀਲ ਸਮੱਗਰੀ ਦੇ ਆਦਾਨ-ਪ੍ਰਦਾਨ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਨਿਗਰਾਨੀ ਤੋਂ ਬਚਣ ਲਈ ਵਰਤਿਆ ਜਾਂਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-