ਦੇਸ਼-ਵਿਦੇਸ਼

ਏਜੰਟ ਦੀ ਧੋਖਾਧੜੀ ਕਾਰਨ ਪੁਰਤਗਾਲ ਵਿਚ ਨੌਜਵਾਨ ਦੀ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਪਿਹੋਵਾ: ਏਜੰਟ ਦੀ ਧੋਖਾਧੜੀ ਕਾਰਨ ਹਰਿਆਣਾ ਦੇ ਪਿਹੋਵਾ ਨਾਲ ਸਬੰਧਤ ਇਕ ਨੌਜਵਾਨ ਦੀ ਵਿਦੇਸ਼ ਵਿਚ ਮੌਤ ਹੋ ਗਈ। ਪ੍ਰਵਾਰ ਨੇ ਖਦਸ਼ਾ ਜਤਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਪਰਦੀਪ ਕੁਮਾਰ ਵਜੋਂ ਹੋਈ ਹੈ, ਉਹ ਅਪਣੇ ਪਿੱਛੇ 3 ਧੀਆਂ, ਪਤਨੀ ਅਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਕਰੀਬ ਇਕ ਸਾਲ ਬਾਅਦ ਮ੍ਰਿਤਕ ਦੀ ਦੇਹ ਭਾਰਤ ਪਹੁੰਚੀ, ਇਸ ਮੌਕੇ ਪੂਰਾ ਪ੍ਰਵਾਰ ਸਦਮੇ ਵਿਚ ਸੀ। ਪ੍ਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਨੇ ਪੁਰਤਗਾਲ ਜਾਣ ਲਈ ਏਜੰਟ ਨੂੰ 14 ਲੱਖ ਰੁਪਏ ਦਿਤੇ ਸਨ ਪਰ ਉਹ ਉਥੇ ਨਹੀਂ ਪਹੁੰਚ ਸਕਿਆ।

ਪਰਦੀਪ ਕੁਮਾਰ ਦੇ ਪਿਤਾ ਮਹੇਸ਼ ਕੁਮਾਰ ਨੇ ਦਸਿਆ ਕਿ ਰੁਜ਼ਗਾਰ ਨਾ ਮਿਲਣ ਕਾਰਨ ਉਨ੍ਹਾਂ ਦੇ ਪੁੱਤਰ ਨੇ ਵਿਦੇਸ਼ ਜਾਣ ਬਾਰੇ ਸੋਚਿਆ। ਉਸ ਦੇ ਦੋ ਬੱਚੀਆਂ ਸਨ ਜਦਕਿ ਇਕ ਬੱਚੀ ਦਾ ਜਨਮ ਉਸ ਦੀ ਮੌਤ ਤੋਂ ਬਾਅਦ ਹੋਇਆ। ਗੁਆਂਢ ਵਿਚ ਰਹਿੰਦੇ ਦੋ ਵਿਅਕਤੀਆਂ ਨੇ ਪਰਦੀਪ ਨੂੰ ਬਿਲਕੁਲ ਸਹੀ ਰਾਸਤੇ ਰਾਹੀਂ ਪੁਰਤਗਾਲ ਭੇਜਣ ਦਾ ਭਰੋਸਾ ਦਿਤਾ। ਉਨ੍ਹਾਂ ਦਸਿਆ ਕਿ ਪਰਦੀਪ ਪਿਛਲੇ ਸਾਲ ਘਰ ਤੋਂ ਰਵਾਨਾ ਹੋਇਆ ਸੀ, ਇਸ ਮਗਰੋਂ ਮਾਰਚ 2022 ਵਿਚ ਆਖਰੀ ਵਾਰ ਉਸ ਦੀ ਪ੍ਰਵਾਰ ਨਾਲ ਗੱਲ ਹੋਈ। ਏਜੰਟ ਨੇ ਉਸ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਦੁਬਈ ਵਿਚ ਰੱਖਿਆ ਅਤੇ ਬਾਅਦ ਵਿਚ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ।

ਪ੍ਰਵਾਰ ਨੂੰ ਪਰਦੀਪ ਦੀ ਮੌਤ ਦੀ ਸੂਚਨਾ ਕਰੀਬ ਦੋ ਮਹੀਨੇ ਬਾਅਦ ਉਸ ਦੇ ਸਾਥੀਆਂ ਨੇ ਦਿਤੀ ਸੀ। ਇਸ ਮਗਰੋਂ ਏਜੰਟ ਨਾਲ ਗੱਲ ਵੀ ਕੀਤੀ ਗਈ ਪਰ ਉਹ ਭਰੋਸਾ ਦਿੰਦਾ ਰਿਹਾ ਕਿ ਪਰਦੀਪ ਬਿਲਕੁਲ ਠੀਕ ਹੈ, ਏਜੰਟ ਨੇ ਪ੍ਰਵਾਰ ਨੂੰ ਕਾਫੀ ਸਮੇਂ ਤਕ ਗੁੰਮਰਾਹ ਕੀਤਾ।  ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪ੍ਰਵਾਰ ਨੇ ਸਥਾਨਕ ਅਧਿਕਾਰੀਆਂ ਨਾਲ ਈ-ਮੇਲ ਜ਼ਰੀਏ ਸੰਪਰਕ ਕੀਤਾ ਅਤੇ ਪਰਦੀਪ ਸਬੰਧੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਜੰਗਲਾਂ ਵਿਚੋਂ ਉਸ ਦੀ ਲਾਸ਼ ਬਰਾਮਦ ਕੀਤੀ ਅਤੇ ਪ੍ਰਵਾਰ ਨੂੰ ਸੂਚਨਾ ਦਿਤੀ। ਪ੍ਰਵਾਰ ਨੇ ਦਸਿਆ ਕਿ ਉਨ੍ਹਾਂ ਨੇ ਇਥੇ ਪੁਲਿਸ ਨੂੰ ਸ਼ਿਕਾਇਤ ਵੀ ਦਿਤੀ ਗਈ ਪਰ ਪ੍ਰਸ਼ਾਸਨ ਨੇ ਏਜੰਟ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਇਸ ਦੀ ਬਜਾਏ ਪੁਲਿਸ ਨੇ ਪ੍ਰਵਾਰ ਨੂੰ ਧਮਕੀਆਂ ਵੀ ਦਿਤੀਆਂ।

ਪਰਦੀਪ ਦੇ ਮਾਤਾ ਨੇ ਦਸਿਆ ਕਿ ਏਜੰਟ ਦੇ ਪ੍ਰਵਾਰ ਦੀਆਂ ਔਰਤਾਂ ਵਲੋਂ ਵੀ ਉਨ੍ਹਾਂ ਨੂੰ ਭਰੋਸਾ ਦਿਤਾ ਗਿਆ ਸੀ ਕਿ ਉਸ ਨੂੰ ਸਹੀ ਤਰੀਕੇ ਨਾਲ ਵਿਦੇਸ਼ ਭੇਜਿਆ ਜਾਵੇਗਾ। ਜਦੋਂ ਉਸ ਦੀ ਕੋਈ ਖ਼ਬਰ ਨਹੀਂ ਮਿਲੀ ਤਾਂ ਉਹ ਕਹਿਣ ਲੱਗੀਆਂ ਕਿ ਪਰਦੀਪ ਭੱਜ ਗਿਆ ਹੈ। ਮ੍ਰਿਤਕ ਦੀ ਪਤਨੀ ਨੇ ਦਸਿਆ ਕਿ ਏਜੰਟ ਦੇ ਪ੍ਰਵਾਰ ਨਾਲ ਉਨ੍ਹਾਂ ਦੇ ਚੰਗੇ ਸਬੰਧ ਸਨ। ਏਜੰਟ ਨੇ ਦੋਹਾਂ ਨੂੰ ਵਿਦੇਸ਼ ਭੇਜਣ ਦੀ ਗੱਲ ਕੀਤੀ ਅਤੇ ਦੋਹਾਂ ਦੇ ਪਾਸਪੋਰਟ ਵੀ ਲੈ ਲਏ ਪਰ ਬਾਅਦ ਵਿਚ ਸਿਰਫ਼ ਪਰਦੀਪ ਨੂੰ ਵਿਦੇਸ਼ ਭੇਜ ਦਿਤਾ ਪਰ ਉਹ ਪੁਰਤਗਾਲ ਨਹੀਂ ਪਹੁੰਚ ਸਕਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-