ਪੰਜਾਬ

ਬਦਲਾਉ ਦੀ ਅਸਲੀਅਤ: ਲੋਕ ਸਰਕਾਰੀ ਸਕੂਲਾਂ ’ਚ ਬੱਚੇ ਪੜ੍ਹਾਉਣ ਤੋਂ ਡਰਨ ਲੱਗੇ

ਜਲੰਧਰ: ਲੋਹੀਆਂ ਖੇਤਰ ਵਿੱਚ ਲੋਕ ਹੜ੍ਹਾਂ ਦੀ ਤਬਾਹੀ ਤੋਂ ਐਨੇ ਡਰ ਚੁੱਕੇ ਹਨ ਕਿ ਉਹ ਇਸ ਇਲਾਕੇ ’ਚ ਰਹਿਣਾ ਅਤੇ ਆਪਣੇ ਬੱਚਿਆਂ ਨੂੰ ਇਲਾਕੇ ਦੇ ਖਸਤਾ ਹਾਲਤ ਸਕੂਲਾਂ ਵਿੱਚ ਪੜ੍ਹਾਉਣਾ ਨਹੀਂ ਚਾਹੁੰਦੇ। ਇਸ ਖੇਤਰ ਦੇ ਸਕੂਲ ਲੰਬੇ ਸਮੇਂ ਤੋਂ ਬੰਦ ਹਨ, ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਅਤੇ ਬੱਚਿਆਂ ਨੂੰ ਆਪਣੇ ਪੁਰਾਣੇ ਸਾਥੀਆਂ ਨੂੰ  ਛੱਡ ਕੇ ਹੋਰ ਪੜ੍ਹਾਈ ਲਈ ਸਕੂਲਾਂ ’ਚ ਜਾਣਾ ਪੈ ਰਿਹਾ ਹੈ।

ਹੜ੍ਹ ਦੀ ਮਾਰ ਹੇਠ ਆਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਹੜ੍ਹਾਂ ਦੀ ਮਾਰ ਤੋਂ ਅੱਕ ਚੁੱਕੇ ਹਨ ਤੇ ਉਹ ਹੜ੍ਹ ਕਾਰਨ ਨੁਕਸਾਨੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਦੀ ਬਜਾਏ ਸਿਖਿਆ ਤੋਂ ਵਾਂਝਾ ਰੱਖਣਾ ਪਸੰਦ ਕਰਨਗੇ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੁਝ ਨਹੀਂ ਬਚਿਆ ਸਭ ਕੁਝ ਰੁੜ੍ਹ ਗਿਆ ਹੈ।

ਕੌਰ ਦਾ ਕਹਿਣਾ ਹੈ,‘‘ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਨੁਕਸਾਨੇ ਗਏ ਸਕੂਲਾਂ ’ਚ ਭੇਜਣ ਦੀ ਬਜਾਏ ਕਿਤੇ ਸੁਰੱਖਿਅਤ ਥਾਵਾਂ ’ਤੇ ਲੈ ਕੇ ਚਲੇ ਜਾਵਾਂਗੇ।’’ ਲੋਹੀਆਂ ਦੇ ਸਕੂਲ ਵਿੱਚੋਂ ਆਪਣੇ ਬੱਚਿਆਂ ਨੂੰ ਹਟਾਉਣ ਲਈ ਕੁਝ ਮਾਪੇ ਅੱਗੇ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਵਿੱਚ ਨਹੀਂ ਪੜ੍ਹਾਉਣਾ ਚਾਹੁੰਦੇ ਜਿੱਥੇ ਕਿ ਹੜ੍ਹ ਕਿਸੇ ਵੀ ਵੇਲੇ ਤਬਾਹੀ ਮਚਾ ਦੇਣ। ਆਪਣਾ ਸਭ ਕੁਝ ਗੁਆਉਣ ਤੋਂ ਬਾਅਦ ਇਥੋਂ ਦੇ ਲੋਕ ਜਲਦ ਹੀ ਸੁਰੱਖਿਅਤ ਥਾਵਾਂ ਵੱਲ ਚਾਲੇ ਪਾ ਦੇਣਗੇ। ਸਕੂਲ ਦੇ ਅਧਿਆਪਕਾਂ ਨੇ ਵੀ ਇਸ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟ ਸਕਦੀ ਹੈ ਕਿਉਂਕਿ ਸਾਲ 2019 ਵਿੱਚ ਹੜ੍ਹਾਂ ਦੀ ਮਾਰ ਮਗਰੋਂ ਵੀ ਅਜਿਹੀ ਹੀ ਸਥਿਤੀ ਪੈਦਾ ਹੋ ਗਈ ਸੀ। ਸਰਕਾਰੀ ਸਕੂਲ ਦੇ ਅਧਿਆਪਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਦੋ ਬੱਚੇ ਸਕੂਲ ਛੱਡ ਚੁੱਕੇ ਹਨ। ਇੱਕ ਹੋਰ ਸਰਕਾਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਸਾਲ 2019 ਦੇ ਹੜ੍ਹਾਂ ਮਗਰੋਂ ਬਹੁਤ ਬੱਚਿਆਂ ਨੇ ਹੋਰ ਸਕੂਲਾਂ ਵਿੱਚੱ ਦਾਖ਼ਲਾ ਲੈ ਲਿਆ ਸੀ। ਉਨ੍ਹਾਂ ਕਿਹਾ,‘‘ਕਈ ਬੱਚਿਆਂ ਨੂੰ ਅਸੀਂ ਮਨਾ ਕੇ ਵਾਪਸ ਲਿਆਂਦਾ ਸੀ ਤੇ ਚਾਰ ਸਾਲ ਤੱਕ ਹੜ੍ਹਾਂ ਦੀ ਮਾਰ ਨਹੀਂ ਪਈ ਸੀ ਪਰ ਇਸ ਵਾਰ ਲੋਕ ਇੰਨੇ ਪ੍ਰੇਸ਼ਾਨ ਹਨ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚੋਂ ਹਟਵਾ ਲੈਣਗੇ।’’ ਇੱਕ ਹੋਰ ਬੱਚੇ ਦੇ ਪਿਤਾ ਰਾਜਪਾਲ ਨੇ ਆਪਣੇ ਪੁੱਤਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਪਣੇ ਰਿਸ਼ਤੇਦਾਰੀ ਵਿੱਚ ਭੇਜ ਦਿੱਤਾ ਹੈ। ਉਸਦਾ ਪੁੱਤਰ ਹੁਣ ਉੱਥੇ ਹੀ ਇੱਕ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਹੈ। ਰਾਜਪਾਲ ਜੋ ਕਿ ਖੁਦ ਸੜਕ ਕਿਨਾਰੇ ਦਿਨ ਕੱਟ ਰਿਹਾ ਹੈ, ਉਹ ਵੀ ਇਥੋਂ ਕਿਤੇ ਹੋਰ ਚਲੇ ਜਾਣਾ ਚਾਹੁੰਦਾ ਹੈ। ਉਸ ਨੇ ਕਿਹਾ, ‘‘ਮੈਂ ਆਪਣੇ ਪੁੱਤਰ ਨੂੰ ਇਥੇ ਬਣੇ ਹੜ੍ਹਾਂ ਦੇ ਖਤਰੇ ਕਾਰਨ ਸੁਰੱਖਿਅਤ ਥਾਂ ’ਤੇ ਭੇਜਿਆ ਹੈ।’’ ਮਜ਼ਦੂਰ ਕਿਸਾਨ ਗੁਰਮੇਜ ਸਿੰਘ ਜਿਸਦੇ ਦੋਵੇਂ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਉਸ ਨੇ ਕਿਹਾ ਕਿ ਜੇ ਉਸ ਨੂੰ ਕਿਧਰੇ ਕੋਈ ਨੌਕਰੀ ਮਿਲ ਜਾਂਦੀ ਹੈ ਤਾਂ ਉਹ ਵੀ ਆਪਣੇ ਬੱਚਿਆਂ ਨੂੰ ਲੈ ਕੇ ਸੁਰੱਖਿਅਤ ਥਾਂ ’ਤੇ ਚਲਾ ਜਾਵੇਗਾ। ਉਸ ਨੇ ਕਿਹਾ, ‘‘ਸਕੂਲ ਲੰਮੇ ਸਮੇਂ ਤੋਂ ਬੰਦ ਹਨ। ਜੇ ਮੈਨੂੰ ਮੌਕਾ ਮਿਲ ਗਿਆ ਤਾਂ ਮੈਂ ਇਥੋਂ ਛੱਡ ਕਿਤੇ ਹਰ ਚਲਾ ਜਾਵਾਂਗਾ।’’ ਧੱਕਾ ਬਸਤੀ ਪਿੰਡ ਦੇ ਵਸਨੀਕ ਵੀ ਵਾਪਿਸ ਨਹੀਂ ਜਾਣਾ ਚਾਹੁੰਦੇ ਕਿਉਂਕਿ ਹੜ੍ਹਾਂ ਨੇ ਉਨ੍ਹਾਂ ਦੇ ਘਰਾਂ ਨੂੰ ਤਬਾਹ ਕਰ ਦਿੱਤਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-