ਪੰਜਾਬ

ਸਮਰੱਥਾ ਤੋਂ ਵੱਧ ਕੈਦੀ ਰੱਖਣ ਦੇ ਮਾਮਲੇ ‘ਚ ਸਿਖ਼ਰ ‘ਤੇ ਲੁਧਿਆਣਾ ਦੀ ਕੇਂਦਰੀ ਜੇਲ

ਪੰਜਾਬ ਦੀਆਂ ਜੇਲਾਂ ਦੀ ਇਸਤਰੀ ਅਤੇ ਪੁਰਸ਼ ਕੈਦੀਆਂ ਦੀ ਸਮਰੱਥਾ 26556
ਆਈ. ਜੀ. (ਜੇਲ) ਰੂਪ ਕੁਮਾਰ ਅਰੋੜਾ ਨੇ ਹਾਈ ਕੋਰਟ ‘ਚ ਦਾਖ਼ਲ ਕੀਤੀ ਰੀਪੋਰਟ 

ਜ਼ਿਲ੍ਹਾ               ਕੈਦੀਆਂ ਦੀ ਗਿਣਤੀ (ਸਮਰੱਥਾ ਤੋਂ ਵੱਧ)
ਲੁਧਿਆਣਾ         1071
ਅੰਮ੍ਰਿਤਸਰ         912
ਪਟਿਆਲਾ         642
ਰੂਪਨਗਰ          569
ਹੁਸ਼ਿਆਰਪੁਰ      424

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੁਲਿਸ ਦੇ ਇੰਸਪੈਕਟਰ ਜਨਰਲ, ਜੇਲਾਂ (ਹੈੱਡਕੁਆਰਟਰ) ਦੁਆਰਾ ਦਾਇਰ ਕੀਤੀ ਰਿਪੋਰਟ ਅਨੁਸਾਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਦੀਆਂ ਜੇਲਾਂ ਪੰਜਾਬ ਵਿਚ ਸਭ ਤੋਂ ਵੱਧ ਭੀੜ-ਭੜੱਕੇ ਵਾਲੀਆਂ ਜੇਲਾਂ ਵਿਚੋਂ ਹਨ।

ਇਹ ਰਿਪੋਰਟ 2016 ਦੀ ਇਕ ਸੂਓ ਮੋਟੂ ਪਟੀਸ਼ਨ ਵਿਚ ਦਾਇਰ ਕੀਤੀ ਗਈ ਹੈ ਜਿਸ ਤੇਜਤ ਅਦਾਲਤ ਪੰਜਾਬ ਦੀਆਂ ਜੇਲਾਂ ‘ਚ ਸਿਹਤ, ਬੁਨਿਆਦੀ ਢਾਂਚਾ ਅਤੇ ਨਸ਼ਾ ਛੁਡਾਉਣ ਸਬੰਧੀ ਸਹੂਲਤਾਂ ਅਤੇ ਸੂਬੇ ਦੀਆਂ ਜੇਲਾਂ ਵਿਚ ਮਾਹਰ ਡਾਕਟਰਾਂ ਦੀ ਮੌਜੂਦਗੀ ਵਰਗੀਆਂ ਸਹੂਲਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਆਈਜੀ ਜੇਲਾਂ (ਹੈੱਡਕੁਆਰਟਰ) ਰੂਪ ਕੁਮਾਰ ਅਰੋੜਾ ਦੁਆਰਾ ਹਾਈ ਕੋਰਟ ਵਿਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਸਮਰੱਥਾ ਤੋਂ ਵੱਧ ਕੈਦੀ ਰੱਖਣ ਦੇ ਮਾਮਲੇ ਵਿਚ ਲੁਧਿਆਣਾ ਦੀ ਕੇਂਦਰੀ ਜੇਲ ਸਿਖ਼ਰ ‘ਤੇ ਹੈ ਜਿਥੇ ਸਮਰੱਥਾ ਨਾਲੋਂ 1,071 ਵੱਧ ਪੁਰਸ਼ ਕੈਦੀ ਹਨ। ਅੰਮ੍ਰਿਤਸਰ ਜੇਲ ਵਿਚ 912, ਪਟਿਆਲਾ ਵਿਚ 642, ਰੂਪਨਗਰ 569 ਅਤੇ ਹੁਸ਼ਿਆਰਪੁਰ ਵਿਚ 424 ਕੈਦੀ ਸਮਰੱਥਾ ਤੋਂ ਵੱਧ ਹਨ। ਹਾਲਾਂਕਿ, ਜ਼ਿਆਦਾਤਰ ਜੇਲਾਂ ਵਿਚ ਮਹਿਲਾ ਕੈਦੀਆਂ ਦੀ ਗਿਣਤੀ ਸਮਰੱਥਾ ਤੋਂ ਵੱਧ ਹੋਣ ਬਾਰੇ ਕੋਈ ਅੰਕੜੇ ਨਹੀਂ ਹਨ।

ਪੇਸ਼ ਕੀਤੀ ਗਈ ਰੀਪੋਰਟ ਦੇ ਅੰਕੜਿਆਂ ਵਿਚ ਅੱਗੇ ਦਸਿਆ ਗਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ 100 ਕੈਦੀ ਰੱਖਣ ਦੀ ਸਮਰੱਥਾ ਦੇ ਮੁਕਾਬਲੇ 116 ਪੁਰਸ਼ ਕੈਦੀ ਹਨ। 31 ਮਾਰਚ, 2023 ਤਕ, ਕੁੱਲ 26,556 ਦੀ ਸਮਰੱਥਾ ਦੇ ਮੁਕਾਬਲੇ 29,970 ਪੁਰਸ਼ ਅਤੇ ਮਹਿਲਾ ਕੈਦੀ ਜੇਲਾਂ ਵਿਚ ਬੰਦ ਸਨ। ਕੈਦੀਆਂ ਵਿਚ 24,371 ਪੁਰਸ਼ ਅਤੇ 2,185 ਔਰਤਾਂ ਦੀ ਸਮਰੱਥਾ ਦੇ ਮੁਕਾਬਲੇ 28,357 ਪੁਰਸ਼, 1,613 ਔਰਤਾਂ ਸ਼ਾਮਲ ਹਨ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਤੋਂ ਇਲਾਵਾ ਜੇਲਾਂ ਵਿਚ 44 ਬੱਚੇ ਆਪਣੀਆਂ ਮਾਵਾਂ ਨਾਲ ਰਹਿ ਰਹੇ ਹਨ। ਆਈ.ਜੀ. ਵਲੋਂ ਪੇਸ਼ ਇਸ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੁੱਲ 29,970 ਕੈਦੀਆਂ ਵਿਚੋਂ 23,467 ਕੈਦੀ ਵਿਚਾਰ ਅਧੀਨ ਹਨ ਜਦਕਿ 6,503 ਦੋਸ਼ੀ ਕਰਾਰ ਦਿਤੇ ਜਾ ਚੁੱਕੇ ਹਨ।

ਪੰਜਾਬ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ 26 ਜੇਲਾਂ ਹਨ ਅਤੇ ਕੇਂਦਰੀ ਅਤੇ ਜ਼ਿਲ੍ਹਾ ਜੇਲਾਂ ਲਈ 42 ਮੈਡੀਕਲ ਅਫ਼ਸਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ 33 ਭਰੀਆਂ ਗਈਆਂ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜੇਲਾਂ ਵਿਚ ਮੈਡੀਕਲ ਅਫ਼ਸਰ ਰੋਟੇਸ਼ਨਲ ਆਧਾਰ ‘ਤੇ ਤੈਨਾਤ ਹਨ, ਨਾਲ ਹੀ ਅੱਠ ਮੈਡੀਕਲ ਅਫ਼ਸਰ ਵੀ ਤੈਨਾਤ ਕੀਤੇ ਗਏ ਹਨ ਜਿਥੇ ਜੇਲਾਂ ਵਿਚ ਕੋਈ ਮਨਜ਼ੂਰ ਅਸਾਮੀਆਂ ਨਹੀਂ ਹਨ।

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਐਮਰਜੈਂਸੀ ਮੈਡੀਕਲ ਸਥਿਤੀਆਂ ਨਾਲ ਨਜਿੱਠਣ ਲਈ ਮਾਹਰ ਡਾਕਟਰ ਜਿਵੇਂ ਕਿ ਦੰਦਾਂ ਦੇ ਡਾਕਟਰ, ਚਮੜੀ ਦੇ ਮਾਹਰ, ਮਨੋਵਿਗਿਆਨੀ, ਔਰਤ ਰੋਗਾਂ ਦੇ ਮਾਹਰ ਡਾਕਟਰ ਆਦਿ ਵੀ ਕੈਦੀਆਂ ਦੀ ਸਿਹਤ ਦੀ ਨਿਗਰਾਨੀ ਕਰਨ ਲਈ ਨਿਯਮਿਤ ਤੌਰ ‘ਤੇ ਜੇਲਾਂ ਦਾ ਦੌਰਾ ਕਰਦੇ ਹਨ। ਹਾਈ ਕੋਰਟ ਵਿਚ ਦਾਇਰ ਹਲਫ਼ਨਾਮੇ ਅਨੁਸਾਰ, 15 ਜੇਲ ਵੈਨਾਂ ਤੋਂ ਇਲਾਵਾ 22 ਐਂਬੂਲੈਂਸਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-