ਪੰਜਾਬਫੀਚਰਜ਼

ਸੁਰਿੰਦਰ ਛਿੰਦਾ ਦੀ ਅੰਤਿਮ ਅਰਦਾਸ ‘ਚ ਪਹੁੰਚੀਆਂ ਸਿਆਸੀ ਅਤੇ ਸੰਗੀਤ ਜਗਤ ਦੀਆਂ ਕਈ ਹਸਤੀਆਂ

ਲੁਧਿਆਣਾ – ਲੁਧਿਆਣਾ ਦੇ ਸਰਾਭਾ ਨਗਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਮਰਹੂਮ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਭੋਗ ਪੈ ਗਿਆ ਹੈ। ਇਸ ਦੌਰਾਨ ਕਈ ਰਾਜਨੀਤਕ ਅਤੇ ਫਿਲਮ ਜਗਤ ਦੀ ਵੱਡੀਆਂ ਹਸਤੀਆਂ ਪਹੁੰਚੀਆਂ। ਭੋਗ ਸਮਾਗਮ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੁੱਜੇ। ਉਨ੍ਹਾਂ ਨੇ ਸੁਰਿੰਦਰ ਛਿੰਦਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਚੰਨੀ ਨੇ ਕਿਹਾ ਕਿ ਸੁਰਿੰਦਰ ਛਿੰਦਾ ਦੀ ਯਾਦਗਾਰ ਬਣਾਉਣ ਲਈ ਪੰਜਾਬ ਸਰਕਾਰ ਨੂੰ ਕੋਈ ਐਲਾਨ ਕਰਨਾ ਚਾਹੀਦਾ ਹੈ।

ਉਹਨਾਂ ਨੇ ਇਸ ਦੌਰਾਨ ਕੋਈ ਵੀ ਰਾਜਨੀਤਕ ਬਿਆਨ ਦੇਣ ਤੋਂ ਗੁਰੇਜ਼ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਹੰਸ ਰਾਜ ਹੰਸ ਵੀ ਪਹੁੰਚੇ ਤੇ ਸੁਰਿੰਦਰ ਛਿੰਦਾ ਦਾ ਪੁੱਤਰ ਹੰਸ ਰਾਜ ਹੰਸ ਦੇ ਗਲ ਲੱਗ ਕੇ ਰੋਂਦਾ ਨਜ਼ਰ ਆਇਆ। ਇਸ ਤੋਂ ਇਲਾਵਾ ਭੋਗ ਸਮਾਗਮ ਵਿਚ ਕਈ ਪੰਜਾਬੀ ਅਦਾਕਾਰ ਵੀ ਪਹੁੰਚੇ ਜਿਹਨਾਂ ਵਿਚ ਜਸਵਿੰਦਰ ਭੱਲਾ, ਮਲਕੀਤ ਸਿੰਘ, ਮੁਹੰਮਦ ਸਦੀਕ ਵੀ ਸ਼ਾਮਲ ਸਨ।

ਸੁਰਿੰਦਰ ਛਿੰਦਾ ਦੀ ਅੰਤਿਮ ਅਰਦਾਸ ਮੌਕੇ ਪੁਰਾਣੇ ਰਿਕਾਰਡ ਲੈ ਕੇ ਪਹੁੰਚਿਆ ਵਿਅਕਤੀ 

ਇਸ ਭੋਗ ਸਮਾਗਮ ਦੌਰਾਨ ਇਕ ਵਿਅਕਤੀ ਸੁਰਿੰਦਰ ਛਿੰਦਾ ਦੇ ਸਾਰੇ ਪੁਰਾਣੇ ਰਿਕਾਰਡ ਵੀ ਲੈ ਕੇ ਪਹੁੰਚਿਆ। ਇਹ ਵਿਅਕਤੀ ਰਾਏਕੋਟ ਦੇ ਨਜ਼ਦੀਕੀ ਪਿੰਡ ਤੋਂ ਪਹੁੰਚਿਆ ਤੇ ਉਸ ਨੇ ਸੁਰਿੰਦਰ ਛਿੰਦਾ ਦੇ ਉਹਨਾਂ ਸਾਰੇ ਗਾਣਿਆਂ ਦਾ ਰਿਕਾਰਡ ਰੱਖਿਆ ਹੋਇਆ ਹੈ ਜੋ ਕਿ 50-60 ਸਾਲ ਪੁਰਾਣੇ ਹਨ। ਵਿਅਕਤੀ ਕੋਲ ਮਰਹੂਮ ਗਾਇਕ ਦਾ ਸਭ ਤੋਂ ਪਹਿਲਾਂ ਗੀਤ ਵੀ ਰਿਕਾਰਡ ਪਿਆ ਹੈ। ਵਿਅਕਤੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ ਅਜੇ ਵੀ ਉਸੇ ਤਰ੍ਹਾਂ ਮੰਜਿਆਂ ‘ਤੇ ਸਪੀਕਰ ਲਗਾ ਕੇ ਸੁਰਿੰਦਰ ਛਿੰਦਾ ਦੇ ਗੀਤ ਵੱਜਦੇ ਹਨ ਤੇ ਉਹ ਇਹਨਾਂ ਰਿਕਾਰਡ ਨੂੰ ਵਿਆਹਾਂ ਵਿਚ ਵੀ ਲੈ ਕੇ ਜਾਂਦਾ ਹੈ।  ਵਿਅਕਤੀ ਨੇ ਸੁਰਿੰਦਰ ਛਿੰਦਾ ਦੇ ਸਾਰੇ ਗੀਤ 50 ਸਾਲ ਤੋਂ ਸੰਭਾਲੇ ਹੋਏ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-