ਮਨੁੱਖੀ ਅਧਿਕਾਰਾਂ ਬਾਰੇ ਆਵਾਜ਼ ਬੁਲੰਦ ਕਰਨ ਨਾਲ ਮੈਂ ਦੇਸ਼ ਵਿਰੋਧੀ ਨਹੀਂ ਹੋ ਜਾਂਦਾ : MP ਤਨਮਨਜੀਤ ਸਿੰਘ ਢੇਸੀ
ਅੰਮ੍ਰਿਤਸਰ/ਚੰਡੀਗੜ੍ਹ : ਬੀਤੇ ਦਿਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਯੂ.ਕੇ. ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਰੋਕਿਆ ਗਿਆ ਸੀ ਅਤੇ ਕਰੀਬ ਦੋ ਘੰਟੇ ਤਕ ਪੁਛਗਿਛ ਕੀਤੀ ਗਈ ਸੀ।
ਇਸ ਬਾਰੇ ਵਿਸਥਾਰ ਜਾਣਕਾਰੀ ਸਾਂਝੀ ਕਰਦਿਆਂ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਦਸਿਆ ਕਿ ਉਹ ਲੰਡਨ ਤੋਂ ਗੁਰੂ ਕਿ ਨਗਰੀ ਅੰਮ੍ਰਿਤਸਰ ਵਿਖੇ ਆਏ ਸਨ ਅਤੇ ਇਮੀਗ੍ਰੇਸ਼ਨ ਜਾਂਚ ਦੌਰਾਨ ਉਨ੍ਹਾਂ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਚੈੱਕ ਕੀਤੇ ਗਏ। ਜਾਂਚ ਅਧਿਕਾਰੀਆਂ ਨੇ ਪਹਿਲਾਂ ਉਨ੍ਹਾਂ ਨੂੰ 15 ਮਿੰਟ ਇੰਤਜ਼ਾਰ ਕਰਨ ਦਾ ਕਿਹਾ ਗਿਆ ਪਰ ਜਦੋਂ ਸਾਂਸਦ ਨੇ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਦਸਿਆ ਗਿਆ ਕਿ ਓ.ਸੀ.ਆਈ. ਕਾਰਡ ਵਿਚ ਕੁਝ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਵਲੋਂ ਓ.ਸੀ.ਆਈ. ਕਾਰਡ ਸਸਪੈਂਡ ਕੀਤੇ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ।
ਸਾਂਸਦ ਢੇਸੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਰੋਕੇ ਜਾਣ ਬਾਰੇ ਕੁਝ ਗ਼ਲਤ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਸਨ ਜਿਸ ਬਾਰੇ ਉਨ੍ਹਾਂ ਨੇ ਅਪਣੇ ਸੋਸ਼ਲ ਮੀਡੀਆ ਖਾਤੇ ‘ਤੇ ਸਪਸ਼ਟੀਕਰਨ ਦਿਤਾ ਸੀ। ਉਨ੍ਹਾਂ ਦਸਿਆ ਕਿ ਪਿਛਲੇ ਸਾਲ ਜਦੋਂ ਉਹ ਭਾਰਤ ਆਏ ਤਾਂ ਕਿਸਾਨ ਮੋਰਚੇ ਅਤੇ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਭਰਪੂਰ ਪਿਆਰ ਮਿਲਿਆ ਸੀ ਪਰ ਉਸ ਦੇ ਨਾਲ ਹੀ ਕਈ ਲੋਕਾਂ ਵਲੋਂ ਉਨ੍ਹਾਂ ਨੂੰ ਦੇਸ਼ ਵਿਰੋਧੀ ਵੀ ਕਿਹਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਉਹ ਦੁਨੀਆਂ ਵਿਚ ਕੀਤੇ ਵੀ ਕਿਸੇ ਭਾਈਚਾਰੇ ਨਾਲ ਵਿਤਕਰਾ ਹੁੰਦਾ ਹੈ ਤਾਂ ਮਨੁੱਖੀ ਅਧਿਕਾਰਾਂ ਲਈ ਅਪਣੀ ਆਵਾਜ਼ ਬੁਲੰਦ ਕਰਦੇ ਹਨ ਫਿਰ ਭਾਵੇਂ ਉਹ ਪਾਕਿਸਤਾਨ ਹੋਵੇ, ਮਿਆਂਮਾਰ ਜਾਣ ਸ਼੍ਰੀਲੰਕਾ ਪਰ ਉਨ੍ਹਾਂ ਵਲੋਂ ਚੁੱਕੇ ਜਾਂਦੇ ਕਦਮਾਂ ਦੀ ਤਾਰੀਫ਼ ਵੀ ਹੁੰਦੀ ਹੈ ਅਤੇ ਕਈ ਲੋਕ ਇਸ ਦਾ ਵਿਰੋਧ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮਨੁੱਖੀ ਅਧਿਕਾਰਾਂ ਬਾਰੇ ਆਵਾਜ਼ ਬੁਲੰਦ ਕਰਨ ਨਾਲ ਮੈਂ ਦੇਸ਼ ਵਿਰੋਧੀ ਨਹੀਂ ਹੋ ਜਾਂਦਾ।
ਜ਼ਿਕਰਯੋਗ ਹੈ ਕਿ ਸਾਂਸਦ ਤਨਮਨਜੀਤ ਸਿੰਘ ਢੇਸੀ ਦੇ ਸਾਰੇ ਦਸਤਾਵੇਜ਼ ਪੂਰੇ ਹੋਣ ਮਗਰੋਂ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦਿਤਾ ਗਿਆ ਸੀ। ਐਮ.ਪੀ. ਢੇਸੀ ਵੀਰਵਾਰ ਸਵੇਰੇ ਏਅਰ ਇੰਡੀਆ ਦੀ ਫ਼ਲਾਈਟ ਏ.ਆਈ.-118 ਜ਼ਰੀਏ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਸਨ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਤਕਰੀਬਨ ਦੋ ਘੰਟੇ ਦੀ ਪੁਛਗਿਛ ਮਗਰੋਂ ਉਨ੍ਹਾਂ ਨੂੰ ਜਾਣ ਦਿਤਾ ਸੀ।