ਫੀਚਰਜ਼ਫ਼ੁਟਕਲ

ਜਗਦੀਸ਼ ਟਾਈਟਲਰ ਨੂੰ ਮਿਲੀ ਅਗਾਊਂ ਜ਼ਮਾਨਤ

ਨਵੀਂ ਦਿੱਲੀ – ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਨਸਲਕੁਸ਼ੀ ਮਾਮਲੇ ‘ਚ ਅਗਾਊਂ ਜ਼ਮਾਨਤ ਮਿਲ ਗਈ ਹੈ। 1984 ਦੀ ਸਿੱਖ ਨਸਲਕੁਸ਼ੀ ਦੌਰਾਨ ਪੁਲਬੰਗਸ਼ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਚ ਹੋਏ ਸਿੱਖਾਂ ਦੇ ਕਤਲ ਕੇਸ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

ਅਦਾਲਤ ਨੇ ਟਾਈਟਲਰ ਨੂੰ ਸਬੂਤਾਂ ਨਾਲ ਛੇੜਛਾੜ ਨਾ ਕਰਨ ਜਾਂ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਨਾ ਛੱਡਣ ਦਾ ਨਿਰਦੇਸ਼ ਵੀ ਦਿੱਤਾ ਹੈ। ਕਾਰਵਾਈ ਦੌਰਾਨ ਇੱਕ ਔਰਤ, ਜਿਸ ਨੇ ਖ਼ੁਦ ਨੂੰ ਪੀੜਤ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਅਦਾਲਤ ਨੂੰ ਦੱਸਿਆ ਕਿ 39 ਸਾਲ ਹੋ ਗਏ ਹਨ ਅਤੇ ਉਸ ਨੂੰ ਅਜੇ ਤੱਕ ਨਿਆਂ ਨਹੀਂ ਮਿਲਿਆ ਅਤੇ ਪੀੜਤਾਂ ਜੱਜ ਦੇ ਸਾਹਮਣੇ ਰੋ ਪਈ।

ਕਰੀਬ ਚਾਰ ਦਹਾਕਿਆਂ ਤੋਂ ਦੰਗਾ ਪੀੜਤਾਂ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਐਚ.ਐਸ ਫੂਲਕਾ ਅਤੇ ਹੋਰ ਵਕੀਲਾਂ ਨੇ ਉਸ ਨੂੰ ਸ਼ਾਂਤ ਕੀਤਾ। ਸੁਣਵਾਈ ਦੌਰਾਨ ਸੀਬੀਆਈ ਨੇ ਟਾਈਟਲਰ ਦੀ ਪਟੀਸ਼ਨ ਦਾ ਵਿਰੋਧ ਕੀਤਾ। ਅਦਾਲਤ ਦੀ ਅਗਾਊਂ ਜ਼ਮਾਨਤ ਇਹ ਯਕੀਨੀ ਬਣਾਉਂਦੀ ਹੈ ਕਿ ਟਾਈਟਲਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਇਹ ਜ਼ਮਾਨਤ ਉਸ ਨੂੰ ਇੱਕ ਲੱਖ ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਦਿੱਤੀ ਗਈ ਹੈ।

ਜਗਦੀਸ਼ ਟਾਈਟਲਰ ਨੂੰ ਮਿਲੀ ਅਗਾਊਂ ਜ਼ਮਾਨਤ ਵਿਰੁੱਧ ਉੱਚ ਅਦਾਲਤ ‘ਚ ਕਰਾਂਗੇ ਅਪੀਲ – ਮਨਜਿੰਦਰ ਸਿਰਸਾ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧੀ ਟਵੀਟ ਕਰ ਕੇ ਕਿਹਾ ਕਿ 1984 ਸਿੱਖ ਨਸਲਕੁਸ਼ੀ ਵਿਚ ਇਨਸਾਫ਼ ਦੀ ਸਾਡੀ ਉਡੀਕ ਜਾਰੀ ਹੈ।ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।  ਉਸ ਵਰਗੇ ਕਸਾਈ ਪੂਰੇ ਸਿਸਟਮ ਦਾ ਮਜ਼ਾਕ ਉਡਾਉਂਦੇ ਹਨ। ਪਰ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ ਅਤੇ ਉੱਚ ਅਦਾਲਤ ਵਿਚ ਅਪੀਲ ਕਰਾਂਗੇ।

ਹਰਮੀਤ ਸਿੰਘ ਕਾਲਕਾ (ਪ੍ਰਧਾਨ, ਦਿੱਲੀ ਕਮੇਟੀ) ਦਾ ਬਿਆਨ 
ਟਾਈਟਲਰ ਨੂੰ ਮਿਲੀ ਅਗਾਊਂ ਜ਼ਮਾਨਤ ਨੂੰ ਲੈ ਕੇ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅੱਜ ਹਿੰਦੁਸਤਾਨ ਦੀ ਨਿਆਂਪਾਲਿਕਾ ਲਈ ਕਾਲਾ ਦਿਨ ਹੈ ਕਿਉਂਕਿ 39 ਸਾਲ ਤੋਂ ਜੋ ਲੜਾਈ ਲੜ ਰਹੇ ਉਹਨਾਂ ਨੂੰ ਦੇਸ਼ ਦੀ ਅਦਾਲਤ ‘ਤੇ ਭਰੋਸਾ ਸੀ ਤੇ ਉਹਨਾਂ ਨੂੰ ਅੱਜ ਵੀ ਭਰੋਸਾ ਸੀ ਕਿ ਅੱਜ ਵੀ ਉਸ ਦੀ ਜ਼ਮਾਨਤ ਅਰਜ਼ੀ ਰੱਦ ਹੋਵੇਗੀ ਤੇ ਉਸ ਨੂੰ ਸੰਮਨ ਦੇ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅੱਜ ਦੀ ਇਸ ਜ਼ਮਾਨਤ ਦੇ ਖਿਲਾਫ਼ ਉਹ ਅਪਣੀ ਲੜਾਈ ਲੜਦੇ ਰਹਿਣਗੇ ਤੇ ਪੀੜਤ ਪਰਿਵਾਰਾਂ ਦਾ ਸਾਥ ਦਿੰਦੇ ਰਹਿਣਗੇ।

ਮਨਜੀਤ ਸਿੰਘ ਜੀ.ਕੇ. (ਸਾਬਕਾ ਪ੍ਰਧਾਨ, ਦਿੱਲੀ ਕਮੇਟੀ) ਦਾ ਬਿਆਨ 
ਮਨਜੀਤ ਸਿੰਘ ਜੀਕੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੀਬੀਆਈ ਅਜੇ ਵੀ ਉਸੇ ਮਾਨਸਿਕਤਾ ਨਾਲ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਕਾਂਗਰਸ ਕਰਦੀ ਸੀ। ਉਹਨਾਂ ਨੇ ਕਿਹਾ ਕਿ ਸੀਬੀਆਈ ਨੂੰ ਟਾਈਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ ਕਿਉਂਕਿ 2015 ਵਿਚ ਜੱਜ ਨੇ ਕਿਹਾ ਸੀ ਟਾਈਟਲਰ ਨੇ ਗਵਾਹ ਖਰੀਦੇ ਸਨ ਤੇ ਜੋ ਮੁੱਖ ਗਵਾਹ ਸੁਰਿੰਦਰ ਸਿੰਘ ਸੀ ਉਸ ਦੇ ਪੁੱਤਰ ਨੂੰ ਵੀ ਬਾਹਰ ਭੇਜਿਆ ਹੈ। ਉਹਨਾਂ ਨੇ ਕਿਹਾ ਕਿ ਸੀਬੀਆਈ ਦੀ ਵੀ ਇਹਨਾਂ ਸਭ ਨਾਲ ਮਿਲੀਭੁਗਤ ਹੈ। ਉਹਨਾਂ ਨੇ ਕਿਹਾ ਕਿ ਸੀਬੀਆਈ ਨੂੰ ਜੱਜ ਨੇ ਕਿਹਾ ਸੀ ਕਿ ਉਹ ਉਹਨਾਂ ਕੋਲ ਆ ਕੇ ਬਹਿਸ ਕਿਉਂ ਕਰ ਰਹੇ ਹਨ  ਜਦਕਿ ਸੀਬੀਆਈ ਨੂੰ ਟਾਈਟਲਰ ਨੂੰ ਆਪ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਅੱਜ ਦੀ ਜ਼ਮਾਨਤ ਤੋਂ ਇਹ ਸਪੱਸ਼ਟ ਹੈ ਕਿ ਟਾਈਟਲਰ ਦਾ ਹੱਥ ਵੀ ਅਫ਼ਸਰਾਂ ਨਾਲ ਮਿਲਿਆ ਹੋਇਆ ਹੈ।

ਭਾਜਪਾ ਆਗੂ ਆਰ.ਪੀ ਸਿੰਘ ਦਾ ਬਿਆਨ 

ਆਰਪੀ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਇਨਸਾਫ਼ ਦਾ ਵੱਡਾ ਘਾਣ ਹੋਇਆ ਹੈ ਤੇ ਜਿਸ ਮੁਲਜ਼ਮ ‘ਤੇ 147, 148 ਤੇ 302 ਵਰਗੇ ਮੁਕੱਦਮੇ ਦਰਜ ਹੋਣ ਉਸ ਦੀ ਜ਼ਮਾਨਤ ਅੱਜ ਤੱਕ ਨਹੀਂ ਹੋਈ ਹੈ ਪਰ ਅੱਜ ਦੀ ਉਮੀਦ ਨੂੰ ਅਦਾਲਤ ਨੇ ਤੋੜਿਆ ਤੇ ਅੱਜ ਲੱਖਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਸਮੂਹ ਸਿੱਖ ਕੌਮ ਨੂੰ ਅਦਾਲਤ ‘ਤੇ ਭਰੋਸਾ ਸੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਪੀੜਤ ਪਰਿਵਾਰਾਂ ਨੇ ਵੀ ਅਦਾਲਤ ਦੇ ਬਾਹਰ ਅੱਜ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਜੇ ਅਦਾਲਤ ਟਾਈਟਲਰ ਨੂੰ ਸਜ਼ਾ ਨਹੀਂ ਦੇ ਸਕਦੀ ਤਾਂ ਟਾਈਟਲਰ ਨੂੰ ਉਹਨਾਂ ਦੇ ਹਵਾਲੇ ਕਰ ਦੇਵੇ ਤੇ ਉਹ ਆਪ ਉਸ ਨੂੰ ਸਜ਼ਾ ਦੇ ਦੇਣਗੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-