ਟਾਪਪੰਜਾਬ

ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਹਲਕਾ ਘਨੌਰ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ– ਸਰਬਜੀਤ ਸਿੰਘ ਝਿੰਜਰ

ਪਟਿਆਲਾ-ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਘਨੌਰ ਸ਼ਹਿਰ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਇਲਾਕੇ ਦੀ ਬੇਹੱਦ ਮੰਦਹਾਲੀ ਨੂੰ ਨੇੜੇ ਤੋਂ ਦੇਖਿਆ ਅਤੇ ਲੋਕਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਦਾ ਦਰਦ ਸੁਣਿਆ। ਇਸ ਦੌਰਾਨ ਲੋਕਾਂ ਦੀਆਂ ਅੱਖਾਂ ਵਿਚ ਪਾਣੀ ਨਹੀਂ, ਗੁੱਸਾ ਸੀ। ਉਹ ਗੁੱਸਾ ਜੋ ਸਾਢੇ ਤਿੰਨ ਸਾਲ ਤੋਂ ਸਰਕਾਰ ਦੀ ਠੱਗੀ, ਝੂਠ ਅਤੇ ਅਣਗਹਿਲੀ ਤੋਂ ਪੈਦਾ ਹੋਇਆ ਹੈ।

ਝਿੰਜਰ ਨੇ ਦੱਸਿਆ ਕਿ ਹਲਕਾ ਘਨੌਰ ਦੇ ਲੋਕ ਅੱਜ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ। ਇਲਾਕੇ ਦੀਆਂ ਗਲੀਆਂ ਟੁੱਟੀਆਂ ਹੋਈਆਂ ਹਨ, ਹਰ ਪਾਸੇ ਪਾਣੀ ਖੜ੍ਹਾ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਮੱਛਰਾਂ ਅਤੇ ਬਿਮਾਰੀਆਂ ਦਾ ਕਹਿਰ ਵੱਧ ਰਿਹਾ ਹੈ। ਲੋਕਾਂ ਦੇ ਘਰਾਂ ਵਿੱਚ ਬੱਚੇ ਬੁਖ਼ਾਰ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਕਰਾਹ ਰਹੇ ਹਨ, ਪਰ ਪੰਜਾਬ ਸਰਕਾਰ ਦੇ ਕੰਨ ਉੱਤੇ ਜੂੰ ਤੱਕ ਨਹੀਂ ਰੇਂਗ ਰਹੀ।

ਉਨ੍ਹਾਂ ਕਿਹਾ ਕਿ “ਪੰਜਾਬ ਸਰਕਾਰ ਅਤੇ ਇੱਥੋਂ ਦੇ ਮੌਜੂਦਾ ਵਿਧਾਇਕ ਨੇ ਘਨੌਰ ਹਲਕੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕ ਗੰਦਾ ਤੇ ਬਦਬੂਦਾਰ ਪਾਣੀ ਪੀਣ ਲਈ ਮਜਬੂਰ ਹਨ ਜੋ ਕਿ ਸਿੱਧਾ ਸਿਹਤ ਨਾਲ ਖਿਲਵਾੜ ਹੈ।

ਝਿੰਜਰ ਨੇ ਕਿਹਾ ਕਿ ਸਰਕਾਰ ਫ਼ੇਸਬੁੱਕ ਤੇ ਇਸ਼ਤਿਹਾਰਾਂ ਵਿੱਚ ਨਜ਼ਰ ਆਉਂਦੀ ਹੈ, ਪਰ ਜ਼ਮੀਨ ‘ਤੇ ਇਹ ਸਿਰਫ਼ ਝੂਠ ਦਾ ਮਹਿਲ ਬਣਾਈ ਬੈਠੀ ਹੈ।

ਸਰਬਜੀਤ ਸਿੰਘ ਝਿੰਜਰ ਨੇ ਇਹ ਵੀ ਦੱਸਿਆ ਕਿ ਇਲਾਕੇ ਵਿੱਚ ਗੰਦਗੀ ਅਤੇ ਗੰਦੇ ਪਾਣੀ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਹ ਸੂਬਾ ਸਰਕਾਰ ਅਤੇ ਵਿਧਾਇਕ ਦੀ ਨਾਕਾਮੀ ਦਾ ਸਾਫ਼ ਨਤੀਜਾ ਹੈ। ਇਨ੍ਹਾਂ ਹਾਲਾਤਾਂ ਅਤੇ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ?

ਝਿੰਜਰ ਨੇ ਕਿਹਾ ਕਿ “ਸਾਢੇ ਤਿੰਨ ਸਾਲ ਹੋ ਗਏ, ਪਰ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਵਿਧਾਇਕ ਤੇ ਨਾ ਹੀ ਕੋਈ ਸਰਕਾਰੀ ਨੁਮਾਇੰਦਾ ਇਨ੍ਹਾਂ ਲੋਕਾਂ ਦੀ ਸਾਰ ਲੈਣ ਆਇਆ। ਇਹ ਸਰਕਾਰ ਦੀ ਜ਼ਮੀਨੀ ਹਕੀਕਤਾਂ ਤੋਂ ਅਣਜਾਣਗੀ ਨੂੰ ਦਰਸਾਉਂਦਾ ਹੈ।”

ਝਿੰਜਰ ਨੇ ਕਿਹਾ ਕਿ ਸਾਡਾ ਰੰਗਲਾ ਪੰਜਾਬ, ਜਿਸ ਦੀ ਸੋਹਣੀ ਵਿਰਾਸਤ ਦੁਨੀਆਂ ਭਰ ਵਿੱਚ ਮੰਨੀ ਜਾਂਦੀ ਸੀ, ਉਹ ਅੱਜ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ‘ਗੰਧਲਾ ਪੰਜਾਬ’ ਵਿੱਚ ਬਦਲ ਚੁੱਕਾ ਹੈ।

ਸਰਬਜੀਤ ਸਿੰਘ ਝਿੰਜਰ ਨੇ ਮੰਗ ਕੀਤੀ ਕਿ ਤੁਰੰਤ ਇਲਾਕੇ ਵਿੱਚ ਸਫ਼ਾਈ ਮੁਹਿੰਮ, ਸੜਕਾਂ ਦੀ ਮੁਰੰਮਤ, ਪਾਣੀ ਦੀ ਨਿਕਾਸੀ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।

ਇਸ ਮੌਕੇ ਨਾਲ ਜ਼ਿਲ੍ਹਾ ਪਟਿਆਲਾ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਗ, ਗੁਰਜਿੰਦਰ ਸਿੰਘ ਕਬੂਲਪੁਰ, ਪਰਮਿੰਦਰ ਸਿੰਘ ਸਰਵਾਰਾ, ਗੁਰਜੰਟ ਸਿੰਘ ਮਹਿਦੂਦਾ, ਬਲਕਾਰ ਸਿੰਘ ਸੀਲ ਅਤੇ ਸੁਖਵਿੰਦਰ ਸਿੰਘ ਚਪੜ ਆਦਿ ਹਾਜ਼ਰ ਸਨ।

ਅਖੀਰ ਵਿੱਚ ਝਿੰਜਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਹਲਕੇ ਦੇ ਵਿਧਾਇਕ ਨੇ ਜਨਤਾ ਦੀ ਸੁਣਵਾਈ ਨਾ ਕੀਤੀ, ਤਾਂ ਯੂਥ ਅਕਾਲੀ ਦਲ ਇਲਾਕੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਕਰੇਗਾ।

Leave a Reply

Your email address will not be published. Required fields are marked *