ਅਫ਼ੀਮ ਦੇ ਰਾਸ਼ਨ ਕਾਰਡ- ਚਰਨਜੀਤ ਭੁੱਲਰ

ਜਿਵੇਂ ਹੁਣ ਰੌਲਾ ਪਿਐ ਕਿ ਕੇਂਦਰ ਨੇ ਰਾਸ਼ਨ ਕਾਰਡ ਕੱਟ’ਤੇ | ਮੁਫ਼ਤ ਦੀ ਕਣਕ ਦਾ ਪੰਗਾ ਪਿਐ | ਇਵੇਂ ਹੀ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਜ਼ਿਆਦਤੀ ਹੋਈ ਸੀ, ਉਹ ਅੱਜ ਦੇ ਕਣਕ ਦੇ ਧੱਕੇ ਨਾਲੋਂ ਕਿਤੇ ਵੱਡੀ ਸੀ | ਸਾਲ 1956 ਤੋਂ ਪਹਿਲਾਂ ਸਰਕਾਰ ਨੇ ਅਫ਼ੀਮ ਦੇ ਰਾਸ਼ਨ ਕਾਰਡ ਬਣਾਉਣੇ ਸ਼ੁਰੂ ਕੀਤੇ ਸਨ |
ਸਰਕਾਰੀ ਅੰਕੜਾ ਹੈ ਕਿ ਉਦੋਂ ਸਾਂਝੇ ਪੰਜਾਬ ‘ਚ ਅਮਲੀਆਂ ਦੇ ਅਫ਼ੀਮ ਦੇ 71,165 ਰਾਸ਼ਨ ਕਾਰਡ ਬਣਾਏ ਗਏ ਸਨ | ਜਦੋਂ ਰਾਸ਼ਨ ਕਾਰਡ ਬਣਨੇ ਸ਼ੁਰੂ ਹੋਏ, ਕਤਾਰਾਂ ਲੱਗ ਗਈਆਂ | ਬਹੁਤੇ ਅਮਲੀ ਰਾਸ਼ਨ ਕਾਰਡ ਬਣਾਉਣ ਤੋਂ ਖੁੰਝ ਗਏ | ਅਮਲੀਆਂ ਲਈ ਚੌਧਰੀ ਦੇਵੀ ਲਾਲ ਰੱਬ ਬਣ ਕੇ ਬਹੁੜਿਆ, ਉਹਨੇ ਅਮਲੀਆਂ ਦਾ ਮੁੱਦਾ ਚੁੱਕਿਆ |
ਚੌਧਰੀ ਦੇਵੀ ਲਾਲ ਚਾਹੁੰਦਾ ਸੀ ਕਿ 1956 ‘ਚ ਜਿਹੜੇ ਅਮਲੀ ਕਿਸੇ ਰੁਝੇਵੇਂ ਕਰਕੇ ਅਫ਼ੀਮ ਦੇ ਰਾਸ਼ਨ ਕਾਰਡ ਬਣਾਉਣੋਂ ਖੁੰਝ ਗਏ, ਉਨ੍ਹਾਂ ਨੂੰ ‘ਗੋਲਡਨ ਚਾਂਸ’ ਦਿੱਤਾ ਜਾਵੇ | ਖ਼ੈਰ ਉਸ ਮਗਰੋਂ ਕੇਂਦਰ ਸਰਕਾਰ ਨੇ 30 ਜੂਨ 1959 ਨੂੰ ਅਫ਼ੀਮ ਖਾਣ ਵਾਲਿਆਂ ਨੂੰ ਪਰਮਿਟ ਦੇਣੇ ਸ਼ੁਰੂ ਕਰ ਦਿੱਤੇ | ਇਹ ਸਿਲਸਿਲਾ ਦਸ ਸਾਲ ਚੱਲਿਆ ਅਤੇ 12 ਅਕਤੂਬਰ 1979 ਨੂੰ ਅਫ਼ੀਮ ਦੇ ਪਰਮਿਟਾਂ ਦੀ ਰਜਿਸਟ੍ਰੇਸ਼ਨ ਬੰਦ ਕਰਤੀ |
ਇੱਕ ਅੰਦਾਜ਼ੇ ਅਨੁਸਾਰ ਸਮੁੱਚੇ ਦੇਸ਼ ‘ਚ ਹੁਣ ਪੁਰਾਣੇ ਪਰਮਿਟ ਹੋਲਡਰਾਂ ਦੀ ਗਿਣਤੀ 300 ਤੋਂ ਵੀ ਘੱਟ ਰਹਿ ਗਈ ਹੈ | ਪੰਜਾਬ ਵਿਚ 1995 ‘ਚ ਅਫ਼ੀਮ ਦੇ ਪਰਮਿਟ ਹੋਲਡਰਾਂ ਦੀ ਗਿਣਤੀ 1200 ਸੀ ਅਤੇ ਹੁਣ ਸਮੁੱਚੇ ਸੂਬੇ ‘ਚ ਦੋ ਚਾਰ ਹੀ ਪਰਮਿਟ ਹੋਲਡਰ ਬਚੇ ਹਨ | ਪੁਰਾਣੇ ਬਜ਼ੁਰਗ ਅਮਲੀ ਅੱਜ ਵੀ ਪੁਰਾਣੇ ਰਾਸ਼ਨ ਕਾਰਡਾਂ ਨੂੰ ਚੇਤੇ ਕਰ ਹਉਕਾ ਭਰ ਆਖਦੇ ਨੇ ‘ਓਹ ਮੇਰਿਆ ਰੱਬਾ! ਕਿੱਡਾ ਸੁਨਹਿਰੀ ਯੁੱਗ ਸੀ’ |
ਪੰਜਾਬ ‘ਚ ਅਫ਼ੀਮ ਦੀ ਖੇਤੀ ਦੀ ਚਰਚਾ ਚੱਲਦੀ ਰਹਿੰਦੀ ਹੈ | ਮੱਧ ਪ੍ਰਦੇਸ਼, ਰਾਜਸਥਾਨ ਅਤੇ ਯੂ.ਪੀ ‘ਚ ਅਫ਼ੀਮ ਦੀ ਖੇਤੀ ਹੁੰਦੀ ਹੈ | ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਵੀ ਅਫ਼ੀਮ ਖੇਤੀ ਦੀ ਮੰਗ ਕੇਂਦਰ ਤੋਂ ਕਰ ਚੁੱਕਾ ਹੈ |