ਟਾਪਦੇਸ਼-ਵਿਦੇਸ਼

ਕਾਫ਼ਲੇ ਵੱਲੋਂ ਅਜੀਤ ਹਿਰਖੀ ਅਤੇ ਜਰਨੈਲ ਸਿੰਘ ਕਹਾਣੀਕਾਰ ਨਾਲ ਗੱਲਬਾਤ ਸਲੀਮ ਪਾਸ਼ਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

ਬਰੈਂਪਟਨ:- (ਰਛਪਾਲ ਕੌਰ ਗਿੱਲ) 30 ਅਗਸਤ ਨੂੰ ਰਛਪਾਲ ਕੌਰ ਗਿੱਲ ਦੀ ਸੰਚਾਲਨਾ ਹੇਠ ਹੋਈ ਕਾਫ਼ਲੇ ਦੀ
ਮੀਟਿੰਗ ਦੌਰਾਨ ਗ਼ਜ਼ਲਗੋ ਅਜੀਤ ਹਿਰਖੀ ਅਤੇ ਜਰਨੈਲ ਸਿੰਘ ਕਹਾਣੀਕਾਰ ਨਾਲ ਗੱਲਬਾਤ ਹੋਈ ਅਤੇ ਲਹਿੰਦੇ
ਪੰਜਾਬ ਦੇ ਲੇਖਕ, ਕਲਾਕਾਰ ਸਲੀਮ ਪਾਸ਼ਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਭੁਪਿੰਦਰ ਦੂਲੇ ਵੱਲੋਂ ਅਜੀਤ ਹਿਰਖੀ ਬਾਰੇ ਸੰਖੇਪ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਅਜੀਤ ਹਿਰਖੀ ਨੇ ਕਿਹਾ ਕਿ
ਉਹ ਮੁਢਲੇ ਦੌਰ ਵਿੱਚ ਉਲਫ਼ਤ ਬਾਜਵਾ ਦੀ ਸਰਲ ਪਰ ਪ੍ਰਭਾਵਸ਼ਾਲੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਲਿਖਣ ਵੱਲ ਵਧੇ
ਤੇ ਫਿਰ ਕਈ ਨਾਮਵਰ ਗ਼ਜ਼ਲਗੋਆਂ ਦੀ ਸੰਗਤ ਵਿੱਚ ਪਰਪੱਕ ਹੁੰਦੇ ਗਏ। ਉਨ੍ਹਾਂ ਖ਼ਾਸ ਤੌਰ `ਤੇ ਸਾਧੂ ਸਿੰਘ
ਹਮਦਰਦ, ਰਣਧੀਰ ਸਿੰਘ ਚੰਦ, ਦੀਪਕ ਜੈਤੋਈ ਅਤੇ ਕੁਝ ਹੋਰ ਗ਼ਜ਼ਲਗੋ ਲੇਖਿਕਾਂ ਦੇ ਸਹਿਯੋਗ ਦਾ ਬੜੇ
ਸਤਿਕਾਰ ਨਾਲ ਜ਼ਿਕਰ ਕਰਦਿਆਂ ਦੱਸਿਆ ਕਿ ਉਲਫ਼ਤ ਬਾਜਵਾ ਸਾਹਿਬ ਦੀ ਪ੍ਰੇਰਨਾ ਨਾਲ਼ ਉਨ੍ਹਾਂ ਨੇ ਨਾਮਵਰ
ਸ਼ਾਇਰਾਂ ਦੀ ਸੰਗਤ ਵਿੱਚ ਦੀਪਕ ਜੈਤੋਈ ਜੀ ਨੂੰ ਆਪਣਾ ਉਸਤਾਦ ਧਾਰਿਆ ਸੀ। ਉਨ੍ਹਾਂ ਆਪਣੇ ਕਾਲਿਜ
ਅਧਿਆਪਨ ਦੌਰਾਨ ਸੰਪਰਕ ਵਿੱਚ ਆਏ ਕੁਝ ਵਿਦਿਆਰਥੀ ਗ਼ਜ਼ਲ਼ਗੋਆਂ ਦਾ ਜ਼ਿਕਰ ਵੀ ਕੀਤਾ ਜੋ ਅੱਗੇ ਜਾ ਕੇ
ਨਾਮਵਰ ਸ਼ਾਇਰ ਬਣੇ। ਇਨ੍ਹਾਂ ਵਿੱਚ ਕੁਲਵਿੰਦਰ ਕੈਲੇਫੋਰਨੀਆ ਦਾ ਖ਼ਾਸ ਤੌਰ `ਤੇ ਜ਼ਿਕਰ ਹੋਇਆ। ਉਨ੍ਹਾਂ ਨੇ
ਉਂਕਾਰਪ੍ਰੀਤ ਵੱਲੋਂ ਉਨ੍ਹਾਂ ਦੀ ਕਿਤਾਬ ਦੇ ਲਿਖੇ ਗਏ ਮੁੱਖਬੰਦ `ਚੋਂ ਕੁਝ ਸਤਰਾਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ
ਵਿੱਚ ਉਂਕਾਰਪ੍ਰੀਤ ਵੱਲੋਂ ਉਨ੍ਹਾਂ ਦੀ ਸ਼ਾਇਰੀ ਨੂੰ ਸਹਿਜ ਸੁਭਾਅ ਦੀ, ਨਿੱਕੀਆਂ ਬਹਿਰਾਂ ਦੀ ਚੁਸਤ-ਫੁਰਤ ਅਤੇ
ਲੰਬੀਆਂ ਬਹਿਰਾਂ ਦੀ ਬਿਨਾਂ ਝੋਲ ਸ਼ਾਇਰੀ ਹਿਰਖੀ ਨੂੰ “ਅਸਹਿਜ ਨੂੰ ਲੈਅ `ਚ ਲਿਆ ਕੇ ਸਹਿਜ ਕਰਨ ਦੀ
ਧੁਨ ‘ਚ ਕਾਰਜਸ਼ੀਲ ਸ਼ਾਇਰ” ਕਿਹਾ। ਹਿਰਖੀ ਨੇ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ।
ਜਰਨੈਲ ਸਿੰਘ ਕਹਾਣੀਕਾਰ ਬਾਰੇ ਬੋਲਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਜਰਨੈਲ ਸਿੰਘ ਨਾ ਸਿਰਫ ਕਾਫ਼ਲੇ ਦਾ
ਬੀਜ ਬੀਜਣ ਵਾਲ਼ੇ ਸ਼ਖ਼ਸ ਹੀ ਹਨ ਬਲਕਿ ਇਸ ਸਮੇਂ ਸਿਰਫ ਕੈਨੇਡਾ ਦੇ ਹੀ ਨਹੀਂ ਸਗੋਂ ਸਮੁੱਚੀ ਪੰਜਾਬੀ ਕਹਾਣੀ ਦੇ ਕੁਝ
ਕੁ ਸਿਰਕੱਢ ਲੇਖਕਾਂ ਵਿੱਚੋਂ ਇੱਕ ਹਨ। ਜਰਨੈਲ ਸਿੰਘ ਨੇ ਆਪਣੇ ਜੀਵਨ ਸੰਘਰਸ਼ ਬਾਰੇ ਬੋਲਦਿਆਂ ਦੱਸਿਆ ਕਿ ਉਨ੍ਹਾਂ
ਦੀ ਜ਼ਿੰਦਗੀ ਦਾ ਉਸਾਰ ਚਾਰ ਅਸੂਲਾਂ 'ਤੇ ਆਧਾਰਿਤ ਹੈ, ਜਿਨ੍ਹਾਂ ਵਿੱਚ ਸੰਘਰਸ਼, ਸੁਹਿਰਦਤਾ, ਸੰਤੁਲਨ ਤੇ ਸੰਪੂਰਨਤਾ
(perfection) ਹਨ। ਉਨ੍ਹਾਂ ਵਿਸਥਾਰ ਸਹਿਤ ਦੱਸਿਆ ਕਿ ਇਨ੍ਹਾਂ ਚਾਰਾਂ ਅਸੂਲਾਂ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਹਿਮ
ਭੂਮਿਕਾ ਨਿਭਾਈ ਹੈ। ਉਹ ਇੱਕ ਕਿਸਾਨੀ ਪਰਿਵਾਰ ਵਿੱਚੋਂ ਹਨ। ਉਨ੍ਹਾਂ ਦੀ ਸ਼ਖ਼ਸੀਅਤ `ਤੇ ਪਹਿਲਾ ਪ੍ਰਭਾਵ ਉਨ੍ਹਾਂ ਦੇ
ਬਾਪ ਦਾ ਹੀ ਪਿਆ ਜੋ ਸਿਰਫ ਛੇ ਜਮਾਤਾਂ ਪੜ੍ਹੇ ਹੋਣ ਦੇ ਬਾਵਜੂਦ ਪਿੰਡ ਦੇ ਮੋਹਰੀ, ਸਿੱਖ ਇਤਿਹਾਸ ਦੇ ਗਿਆਤਾ ਅਤੇ
ਜੈਤੋ ਮੋਰਚੇ ਵਿੱਚ ਸ਼ਿਰਕਤ ਕਰਨ ਵਾਲ਼ੇ ਅਜਿਹੇ ਇਨਸਾਨ ਸਨ ਜੋ ਪਿੰਡ ਦੇ ਕਿਸੇ ਵੀ ਮਸਲੇ ਨੂੰ ਪੰਚਾਇਤ ਵਿੱਚ
ਨਜਿੱਠਣ ਦੇ ਮਾਹਿਰ ਸਨ। ਉਨ੍ਹਾਂ ਉੱਤੇ ਦੂਸਰਾ ਪ੍ਰਭਾਵ ਹਾਈ ਸਕੂਲ ਵਿੱਚ ਪੜ੍ਹਦਿਆਂ ਹਾਈ ਸਕੂਲ ਨਥਾਲਾ ਦੇ
ਹੈਡਮਾਸਟਰ ਕੁੰਦਨ ਸਿੰਘ ਸ਼ੀਰਾ ਜੀ ਦਾ ਪਿਆ ਜੋ ਮਿਹਨਤ ਤੇ ਲਗਨ ਦੇ ਮੁਜੱਸਮੇਂ ਸਨ।
ਜਰਨੈਲ ਸਿੰਘ ਹੁਰਾਂ ਦੱਸਿਆ ਕਿ ਉਨ੍ਹਾਂ ਨੇ ਦਸਵੀਂ ਜਮਾਤ ਫ਼ਸਟ ਡੀਵੀਜਨ ਵਿੱਚ ਪਾਸ ਕੀਤੀ ਪਰ ਆਰਥਿਕ
ਝਮੇਲਿਆਂ ਕਾਰਨ ਉਨ੍ਹਾਂ ਦੀ ਕਾਲਜ ਜਾਣ ਦੀ ਇੱਛਾ ਪੂਰੀ ਨਾ ਹੋ ਸਕੀ। ਘਰ ਦੀ ਆਰਥਿਕ ਹਾਲਤ ਨੂੰ ਮੁੱਖ ਰੱਖ ਕੇ
ਉਹ ਏਅਰ ਫੋਰਸ ਵਿੱਚ ਭਰਤੀ ਹੋ ਗਏ, ਜਿੱਥੇ ਉਨ੍ਹਾਂ ਦਾ ਰਾਬਤਾ ਵੱਖ ਵੱਖ ਪ੍ਰਾਂਤਾਂ, ਭਾਸ਼ਾਵਾਂ ਤੇ ਸੱਭਿਆਚਾਰਾਂ ਦੇ

ਵਿਅਕਤੀਆਂ ਨਾਲ ਪਿਆ। ਫੌਜ ਦੀ ਨੌਕਰੀ ਕਰਦਿਆਂ ਹੀ ਉਨ੍ਹਾਂ ਪ੍ਰਾਈਵੇਟ ਪੜ੍ਹਾਈ ਸ਼ੁਰੂ ਕੀਤੀ ਅਤੇ ਇੰਗਲਸ਼ ਤੇ
ਪੰਜਾਬੀ ਦੀ ਐਮ.ਏ. ਤੱਕ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ।
ਉਨ੍ਹਾਂ 65 ਅਤੇ 71 ਦੀ ਲੜਾਈ ਵਿੱਚ ਵੀ ਹਿੱਸਾ ਲਿਆ ਜਿਸ ਦੇ ਬਹੁਤ ਹੀ ਦਰਦਨਾਕ ਤੇ ਕੁਸੈਲੇ ਹਾਦਸੇ ਵੀ
ਉਨ੍ਹਾਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਫੌਜ ਦੀ ਨੌਕਰੀ ਵਤਨ ਪ੍ਰਸਤੀ ਜਾਂ ਦੇਸ਼ ਭਗਤੀ ਤੋਂ ਵੱਧ ਰੁਜ਼ਗਾਰ ਦਾ
ਮੁੱਦਾ ਹੁੰਦਾ ਹੈ। ਉਨ੍ਹਾਂ ਕਿਹਾ ਜੰਗ ਵਿੱਚ ਜਾਨਾਂ ਗਵਾ ਚੁੱਕੇ ਫੌਜੀਆਂ ਦੀਆਂ ਪਤਨੀਆਂ ਨੂੰ ਉਮਰ ਭਰ ਸੰਤਾਪ
ਭੁਗਤਣਾ ਪੈਂਦਾ ਹੈ। ਪੰਦਰਾਂ ਸਾਲ ਸਧਾਰਨ ਰੈਂਕਾਂ ਵਿੱਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਏਅਰ ਫੋਰਸ ਦੀ
ਨੌਕਰੀ ਛੱਡ ਦਿੱਤੀ।
ਆਪਣੀ ਨਿੱਜੀ ਜ਼ਿੰਦਗੀ ਤੋਂ ਇਲਾਵਾਂ ਉਨ੍ਹਾਂ ਨੇ ਆਪਣੀਆਂ ਸਾਹਿਤਕ ਰੁਚੀਆਂ ਬਾਰੇ ਵੀ ਸੰਖੇਪ ਵਿੱਚ ਚਾਨਣਾ
ਪਾਇਆ। ਉਨ੍ਹਾਂ ਦੱਸਿਆ ਕਿ ਜਿੱਥੇ ਉਨ੍ਹਾਂ ਨੂੰ ਪੜ੍ਹਣ ਦੀ ਚੇਟਕ ਆਪਣੇ ਬਾਬਾ ਜੀ ਦੀਆਂ ਕਿਤਾਬਾਂ ਰਾਹੀਂ ਹਾਈ ਸਕੂਲ
ਵਿੱਚ ਪੜ੍ਹਦਿਆਂ ਲੱਗੀ ਓਥੇ ਉਨ੍ਹਾਂ ਦੇ ਬਾਬਾ ਜੀ ਕੋਲ ਬਾਤਾਂ ਦਾ ਬਹੁਤ ਵੱਡਾ ਭੰਡਾਰ ਸੀ, ਜਿਸ ਦਾ ਹੁੰਗਾਰਾ ਉਹ ਦੇਰ
ਰਾਤ ਤੱਕ ਭਰਦੇ ਸਨ। ਇਹ ਬਾਤਾਂ ਤੋਂ ਹੀ ਉਨ੍ਹਾਂ ਨੂੰ ਗਲਪ ਦੀ ਲੱਗਨ ਲੱਗੀ। ਏਅਰ ਫੋਰਸ ਦੀ ਨੌਕਰੀ ਦੌਰਾਨ ਜਦੋਂ
ਉਨ੍ਹਾਂ ਦੀ ਪੋਸਟਿੰਗ ਅਸਾਮ ਵਿੱਚ ਹੋਈ ਤਾਂ ਉੱਥੋਂ ਦੀ ਪ੍ਰਕਿਰਤੀ ਦੀ ਸੁੰਦਰਤਾ ਨੂੰ ਮਾਣਦੇ ਹੋਏ, ਉਨ੍ਹਾਂ ਨਾਨਕ ਸਿੰਘ ਤੇ
ਜਸਵੰਤ ਸਿੰਘ ਕੰਵਲ ਦੇ ਨਾਵਲ ਪੜ੍ਹੇ ਜਿਨ੍ਹਾਂ ਦਾ ਉਨ੍ਹਾਂ ਦੀਆਂ ਸਾਹਿਤਕ ਰੁਚੀਆਂ ਤੇ ਬਹੁਤ ਅਸਰ ਪਿਆ। ਨਾਨਕ
ਸਿੰਘ ਦੇ ਨਾਵਲ ‘ਚਿੱਟਾ ਲਹੂ’ ਅਤੇ ‘ਆਦਮਖੋਰ’ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਵੀਹ ਸਾਲ ਦੀ ਉਮਰ
ਵਿੱਚ ਉਨ੍ਹਾਂ ਇੱਕ ਨਾਵਲ ਲਿਖਿਆ ਜੋ ਉਨ੍ਹਾਂ ਛਪਾਇਆ ਨਹੀਂ।
ਫੌਜ ਦੀ ਨੌਕਰੀ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਸਟੇਟ ਕੌਅਪਰੇਟਿਵ ਬੈਂਕ ਵਿੱਚ ਫ਼ੀਲਡ ਇਕਨੌਮਿਕ
ਇੰਨਵਿਸਟੀਗੇਟਰ ਦੀ ਨੌਕਰੀ ਮਿਲ ਗਈ ਜਿੱਥੇ ਉਨ੍ਹਾਂ ਨੇ ਬੈਂਕ ਵਿੱਚ ਹੋ ਰਹੀਆਂ ਧਾਂਦਲੀਆਂ ਦੀ ਜਾਂਚ ਕਰਨ ਦੀ
ਡਿਊਟੀ ਨਿਭਾਈ। ਉਸ ਸਮੇਂ ਉਨ੍ਹਾਂ ਤਿੰਨ ਕਹਾਣੀ ਸੰਗਹ੍ਰਿ ਲਿਖੇ। 1988 ਵਿੱਚ ਉਹ ਕੇਨੈਡਾ ਆ ਗਏ। ਇੱਥੇ ਆ ਕੇ
ਉਨ੍ਹਾਂ ਨੂੰ ਇੱਕ ਸਿਕਊਰਿਟੀ ਕੰਪਨੀ ਵਿੱਚ ਨੌਕਰੀ ਮਿਲੀ, ਜਿੱਥੇ ਉਹ ਤਰੱਕੀ ਕਰਕੇ ਸੁਪਰਵਾਈਜ਼ਰ ਦੀ ਪੁਜ਼ੀਸ਼ਨ ਤੱਕ
ਪੁੱਜੇ। ਆਪਣੇ ਪਰਿਵਾਰ ਤੇ ਆਪਣੇ ਆਪ ਨੂੰ ਪੈਰਾਂ `ਤੇ ਖੜ੍ਹਾ ਤੋਂ ਕਰਨ ਬਾਅਦ ਉਨ੍ਹਾਂ ਆਪਣੇ ਅੰਦਰਲੀ ਸਾਹਿਤਕ
ਚੰਗਿਆੜੀ ਵੱਲ ਧਿਆਨ ਦਿੱਤਾ ਅਤੇ ਲਿਖਣ ਲੱਗੇ। ਕੇਨੈਡਾ ਵਿੱਚ ਨੌਕਰੀ ਦੌਰਾਨ ਉਨ੍ਹਾਂ ਦਾ ਵਾਹ ਬਹੁ-ਸੱਭਿਆਚਾਰਕ
ਲੋਕਾਂ ਨਾਲ ਪੈਣ ਕਰਕੇ, ਉਨ੍ਹਾਂ ਨੂੰ ਵੱਖ ਵੱਖ ਕੌਮਾਂ ਦੇ ਲੋਕਾਂ ਦੀ ਜੀਵਨ ਸ਼ੈਲੀ ਦਾ ਗਿਆਨ ਹੋਇਆ ਜੋ ਉਨ੍ਹਾਂ ਦੀ
ਲਿਖਤ ਲਈ ਬਹੁਤ ਸਹਾਈ ਹੋਇਆ। ਜਰਨੈਲ ਸਿੰਘ ਦੀਆਂ ਕਹਾਣੀਆਂ ਵਿੱਚ ਬਹੁਤ ਸਾਰੇ ਗੋਰੇ ਪਾਤਰ ਵੀ ਹਨ।
ਉਨ੍ਹਾਂ ਕਿਹਾ ਕਿ ਉਹ ਗੋਰੇ ਸਮਾਜ ਨੂੰ ਸੰਤੁਲਿਤ, ਹਾਂ ਪੱਖੀ ਤੇ ਬੇਬਾਕਸ਼ੀਲ ਸਮਝਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਦਾ
ਵੇਰਵਾ ਇਸ ਤਰਾਂ ਹੈ: ਪਹਿਲੀ ਰਚਨਾ ਸੰਜੋਗ ਵਿਜੋਗ (ਨਾਵਲ) ਜੋ ਮੌਲਿਕਤਾ ਦੀ ਘਾਟ ਕਾਰਨ ਉੁਨਾਂ ਛਪਵਾਇਆ
ਨਹੀਂ, ਕਹਾਣੀ ਸੰਗਹ੍ਰਿ ਮੈਨੂੰ ਕੀ, ਮਨੁੱਖ ਤੇ ਮਨੁੱਖ, ਸਮੇਂ ਦੇ ਹਾਣੀ, ਦੋ ਟਾਪੂ, ਟਾਵਰਜ਼ ਅਤੇ ਕਾਲੇ ਵਰਕੇ ਹਨ। ‘ਮੇਪਲ
ਦੇ ਰੰਗ’ (ਸੰਪਾਦਿਤ ਕਹਾਣੀ ਸੰਗਹ੍ਰਿ) ਸੁਪਨੇ ਤੇ ਵਾਟਾਂ (ਸਵੈ-ਜੀਵਨੀ)।
ਪਿਆਰਾ ਸਿੰਘ ਕੁਦੋਵਾਲ ਨੇ ਸਲੀਮ ਪਾਸ਼ਾ ਜੀ ਦੇ ਬੇਵਕਤੇ ਵਿਛੋੜੇ `ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹੋਇਆ
ਕਿਹਾ ਕਿ ਪੱਛਮੀ ਪੰਜਾਬ ਤੋਂ ਕੈਨੇਡਾ ਆ ਵੱਸੇ ਸਲੀਮ ਪਾਸ਼ਾ ਬਹੁਤ ਹੀ ਮਦਦਗਾਰ ਇਨਸਾਨ ਸਨ ਜੋ ਆਰਟਿਸਟ,
ਫੋਟੋਗ੍ਰਾਫਰ, ਸ਼ਾਇਰ ਤੇ ਵਾਰਤਿਕ ਲੇਖਕ ਸਨ। ਯਾਰਾਂ ਦੇ ਯਾਰ ਸਨ। ਇਕਬਾਲ ਬਰਾੜ ਨੇ ਸਲੀਮ ਪਾਸ਼ਾ ਨੂੰ ਯਾਦ
ਕਰਦਿਆਂ ਉਸ ਦੀ ਕਿਤਾਬ “ਲਹੂ ਦੇ ਰੰਗ” ਵਿੱਚੋਂ ਉਸ ਦੀ ਇਕ ਨਜ਼ਮ “ਇਕ ਲਹੂ ਦੀ ਭਰੀ ਝਨਾਬ ਸੀ, ਜਿਨੂੰ

ਤੱਕਣਾ ਇਕ ਅਜਾਬ ਸੀ” ਤਰੰਨਮ ਵਿੱਚ ਪੇਸ਼ ਕੀਤੀ। ਅਕਰਮ ਧੂਰਕੋਟ ਨੇ ਸਲੀਮ ਪਾਸ਼ਾ ਨਾਲ ਆਪਣੀ ਮੁਹੱਬਤੀ
ਸਾਂਝ ਬਾਰੇ ਗੱਲਬਾਤ ਕੀਤੀ ਅਤੇ ਆਪਣੀ ਇਕ ਨਜ਼ਮ ਸਾਂਝੀ ਕੀਤੀ। ਕੁਲਵਿੰਦਰ ਖਹਿਰਾ ਨੇ ਇਸ ਗੱਲ `ਤੇ ਅਫ਼ਸੋਸ
ਜ਼ਾਹਿਰ ਕੀਤਾ ਕਿ ਸਮੇਂ ਸਿਰ ਪਤਾ ਨਾ ਲੱਗਣ ਕਰਕੇ ਪੂਰਬੀ ਪੰਜਾਬ ਦੇ ਸ਼ਾਇਰ ਪਾਸ਼ਾ ਸਾਹਿਬ ਦੇ ਜਨਾਜ਼ੇ `ਤੇ ਹਾਜ਼ਰ
ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸਾਡਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਅਜਿਹੇ ਮੰਦਭਾਗੇ ਸਮੇਂ ਅਸੀਂ ਇੱਕ-ਦੂਸਰੇ ਨੂੰ
ਇਤਲਾਹ ਦੇਈਏ ਤੇ ਇੱਕ ਦੂਸਰੇ ਦੇ ਦੁੱਖ-ਸੁਖ ਵਿੱਚ ਸ਼ਾਮਿਲ ਹੋਈਏ।
ਬਲਦੇਵ ਢੀਂਡਸਾ ਨੇ ਆਪਣੀ ਪੋਤੀ ਦੀ ਬਿਮਾਰੀ ਦੇ ਦੁਖਾਂਤ ਤੋਂ ਸੁਖਾਂਤ ਦੇ ਸਫ਼ਰ ਦੀ ਗਾਥਾ ਸਾਂਝੀ ਕੀਤੀ। ਉਂਕਾਰਪ੍ਰੀਤ
ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ, ਭੂਪਿੰਦਰ ਦੂਲੇ ਨੇ ਪੰਜਾਬ ਵਿੱਚ ਹੜ੍ਹਾਂ ਦੇ ਦੁਖਾਂਤ ਬਾਰੇ ਲਿਖੀ ਗ਼ਜ਼ਲ ਸਾਂਝੀ ਕੀਤੀ।
ਜਸਵਿੰਦਰ ਸੰਧੂ ਨੇ ਅਮਰੀਕੀ ਤਾਨਾਸ਼ਾਹੀ `ਤੇ ਵਿਅੰਗ ਕਰਦੀ ਅਪਣੀ ਅੰਗ੍ਰੇਜ਼ੀ ਕਵਿਤਾ ਪੇਸ਼ ਕੀਤੀ। ਹਰਦਿਆਲ
ਝੀਤਾ ਨੇ 14 ਸਤੰਬਰ ਨੂੰ ਉਨ੍ਹਾਂ ਦੀ ਸੰਸਥਾ ਵੱਲੋਂ ਕਰਵਾਏ ਜਾਣ ਵਾਲ਼ੇ ਪ੍ਰਿੰ. ਸਰਵਣ ਸਿੰਘ ਸਨਮਾਨ ਸਮਰੋਹ ਵਿੱਚ
ਕਾਫ਼ਲੇ ਦੇ ਮੈਂਬਰਾਂ ਨੂੰ ਆਉਣ ਲਈ ਸੱਦਾ ਦਿੱਤਾ। ਕਿਰਪਾਲ ਕੰਵਲ ਨੇ ਤਰੰਨਮ ਵਿੱਚ ਇੱਕ ਗੀਤ ਪੇਸ਼ ਕੀਤਾ।
ਇਸ ਤੋਂ ਇਲਾਵਾ ਬਲਬੀਰ ਕੌਰ ਸੰਘੇੜਾ, ਲਾਲ ਸਿੰਘ ਸੰਘੇੜਾ, ਸੁੱਚਾ ਸਿੰਘ ਮਾਂਗਟ, ਸ਼ਮਸ਼ੇਰ ਸਿੰਘ, ਗੁਰਜਿੰਦਰ
ਸੰਘੇੜਾ, ਡਾ. ਨਾਹਰ ਸਿੰਘ, ਪ੍ਰਭਜੋਤ ਰਠੌਰ, ਪ੍ਰਿੰਸਪਾਲ ਸਿੰਘ, ਗੁਰਕੀਰਤ ਸਿੰਘ, ਗੁਰਦੇਵ ਚੌਹਾਨ ਅਤੇ ਲੱਖਾ ਸਿੰਘ ਨੇ
ਵੀ ਮੀਟਿੰਗ ਵਿੱਚ ਹਾਜ਼ਰੀ ਲਵਾਈ।

Leave a Reply

Your email address will not be published. Required fields are marked *