ਸਰਕਾਰੀ ਸਰਪ੍ਰਸਤੀ ਹੇਠ ਚੱਲੀ ਗੈਰ-ਕਾਨੂੰਨੀ ਮਾਈਨਿੰਗ ਨੇ ਡੋਬਿਆ ਖਡੂਰ ਸਾਹਿਬ, ‘ਆਪ’ ਸਰਕਾਰ ਜ਼ਿੰਮੇਵਾਰ – ਬ੍ਰਹਮਪੁਰਾ
ਤਰਨ ਤਾਰਨ – ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਖਡੂਰ ਸਾਹਿਬ ਹਲਕੇ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਲਈ ਸਿੱਧੇ ਤੌਰ ‘ਤੇ ‘ਆਪ’ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਫ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਤ੍ਰਾਸਦੀ ਕੁਦਰਤੀ ਨਹੀਂ, ਸਗੋਂ ‘ਆਪ’ ਸਰਕਾਰ ਦੇ ਲਾਲਚ ਅਤੇ ਨਾਕਾਮੀ ਦਾ ਨਤੀਜਾ ਹੈ, ਜਿਸਦੇ ਸਬੂਤ ਜੱਗ ਜ਼ਾਹਿਰ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ, ਸ੍ਰ. ਬ੍ਰਹਮਪੁਰਾ ਨੇ ਕਿਹਾ, “ਇਹ ਬੇਹੱਦ ਸ਼ਰਮਨਾਕ ਹੈ ਕਿ ਜਿਸ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਲਕੇ ਦੇ ਮੌਜੂਦਾ ‘ਆਪ’ ਵਿਧਾਇਕ ਦੀ ਐਸ.ਐਸ.ਪੀ. ਨਾਲ ਸ਼ਰ੍ਹੇਆਮ ਖੜਕੀ ਸੀ, ਉਸੇ ਮਾਈਨਿੰਗ ਨੇ ਅੱਜ ਪੂਰੇ ਇਲਾਕੇ ਨੂੰ ਬਰਬਾਦ ਕਰ ਦਿੱਤਾ ਹੈ। ਇਹ ਘਟਨਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਸਰਕਾਰ ਨੂੰ ਖਤਰੇ ਦਾ ਪੂਰਾ-ਪੂਰਾ ਪਤਾ ਸੀ, ਪਰ ਮਾਫ਼ੀਆ ਨਾਲ ਮਿਲੀਭੁਗਤ ਕਾਰਨ ਇਸ ਨੂੰ ਰੋਕਣ ਦੀ ਬਜਾਏ, ਸਰਕਾਰ ਨੇ ਅੱਖਾਂ ਬੰਦ ਕਰੀ ਰੱਖੀਆਂ।
ਉਨ੍ਹਾਂ ਸਪੱਸ਼ਟ ਕੀਤਾ ਕਿ ਡੈਮਾਂ ਤੋਂ ਪਾਣੀ ਛੱਡਣਾ ਹੜ੍ਹ ਦਾ ਕਾਰਨ ਨਹੀਂ, ਸਗੋਂ ਗੈਰ-ਕਾਨੂੰਨੀ ਮਾਈਨਿੰਗ ਦੁਆਰਾ ਖੋਖਲੇ ਕੀਤੇ ਗਏ ਕਮਜ਼ੋਰ ਧੁੱਸੀ ਬੰਨ੍ਹ ਇਸ ਤਬਾਹੀ ਦਾ ਅਸਲ ਕਾਰਨ ਹਨ। ਜੇਕਰ ਸਰਕਾਰ ਨੇ ਮਾਈਨਿੰਗ ਮਾਫ਼ੀਆ ‘ਤੇ ਨਕੇਲ ਕੱਸੀ ਹੁੰਦੀ ਅਤੇ ਧੁੱਸੀ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਹੁੰਦਾ, ਤਾਂ ਖਡੂਰ ਸਾਹਿਬ ਦੇ ਲੋਕਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਇਸ ਅਪਰਾਧਿਕ ਅਣਗਹਿਲੀ ਲਈ ਸਥਾਨਕ ਵਿਧਾਇਕ ਤੋਂ ਲੈ ਕੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਸਾਰੇ ਬਰਾਬਰ ਦੇ ਜ਼ਿੰਮੇਵਾਰ ਹਨ।
ਸ੍ਰ. ਬ੍ਰਹਮਪੁਰਾ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਮਾਈਨਿੰਗ ਮਾਫ਼ੀਆ ਅਤੇ ਇਸ ਨੂੰ ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਤੋਂ ਕੀਤੀ ਜਾਵੇ। ਉਨ੍ਹਾਂ ਕਿਹਾ, “ਅਸੀਂ ਮੰਗ ਕਰਦੇ ਹਾਂ ਕਿ ਇਸ ਪੂਰੇ ਮਾਮਲੇ ਦੀ ਉੱਚ-ਪੱਧਰੀ ਨਿਰਪੱਖ ਜਾਂਚ ਹੋਵੇ ਅਤੇ ਕਿਸਾਨਾਂ ਲਈ ਤੁਰੰਤ ਪੂਰਾ ਰਾਹਤ ਪੈਕੇਜ ਐਲਾਨਿਆ ਜਾਵੇ, ਜਿਸ ਵਿੱਚ ਰੇਤ ਹਟਾਉਣ ਲਈ 50,000 ਰੁਪਏ ਪ੍ਰਤੀ ਏਕੜ ਦੀ ਗ੍ਰਾਂਟ, ਜ਼ਮੀਨ ਦੀ ਉਪਜਾਊ ਸ਼ਕਤੀ ਦੇ ਨੁਕਸਾਨ ਦਾ ਮੁਆਵਜ਼ਾ ਅਤੇ ਨਵੀਂ ਮਿੱਟੀ ਮੁਹੱਈਆ ਕਰਵਾਉਣਾ ਸ਼ਾਮਲ ਹੋਵੇ।
ਉਨ੍ਹਾਂ ਨੇ ਮੰਤਰੀ ਗੋਇਲ ਦੇ ਤੁਰੰਤ ਅਸਤੀਫ਼ੇ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਜੇਕਰ ਅਸਲ ਦੋਸ਼ੀਆਂ ‘ਤੇ ਕਾਰਵਾਈ ਨਾ ਕੀਤੀ ਗਈ, ਤਾਂ ਇਹ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾਧੜੀ ਹੋਵੇਗੀ