ਟਾਪਪੰਜਾਬ

ਕੇਂਦਰ ਦੀ ਬੋਲੀ ਬੋਲ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ; ਅਨੰਦਪੁਰ ਸਾਹਿਬ ਦੇ ਮਤੇ ਨਾਲ ਗੱਦਾਰੀ ਕਰਕੇ ਪੰਜਾਬ ਦੇ ਹੱਕਾਂ ਦਾ ਕੀਤਾ ਸੌਦਾ – ਬ੍ਰਹਮਪੁਰਾ

ਤਰਨ ਤਾਰਨ – ਜਦੋਂ ਪੂਰੇ ਦੇਸ਼ ਦੀਆਂ ਖੇਤਰੀ ਪਾਰਟੀਆਂ ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਖਿਲਾਫ਼ ਇਕਜੁੱਟ ਹੋ ਰਹੀਆਂ ਹਨ, ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਵਰਗੇ ਸਵੈ-ਘੋਸ਼ਿਤ ਆਗੂ ਆਪਣੀ ਨਿੱਜੀ ਮਸ਼ਹੂਰੀ ਲਈ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੀ ਡੂੰਘੀ ਸਾਜ਼ਿਸ਼ ਰਚ ਰਹੇ ਹਨ। ਅੱਜ ਇੱਥੇ ਇੱਕ ਸਖ਼ਤ ਬਿਆਨ ਜਾਰੀ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰਾਜਾਂ ਦੇ ਹੱਕਾਂ ਦੇ ਨਾਂ ‘ਤੇ ਪੇਸ਼ ਕੀਤਾ ਗਿਆ ‘ਨਵਾਂ ਸਿਧਾਂਤ’ ਅਸਲ ਵਿੱਚ ਪੰਜਾਬ ਦੇ ਹੱਕਾਂ ਦਾ ਸੌਦਾ ਕਰਨ ਲਈ ਕੇਂਦਰ ਨਾਲ ਰਚੀ ਇੱਕ ਮਿਲੀਭੁਗਤ ਹੈ, ਜਿਸਦਾ ਸ਼੍ਰੋਮਣੀ ਅਕਾਲੀ ਦਲ ਨੇ ਪਰਦਾਫਾਸ਼ ਕਰ ਦਿੱਤਾ ਹੈ।

ਸ੍ਰ. ਬ੍ਰਹਮਪੁਰਾ ਨੇ ਸਵਾਲ ਕੀਤਾ ਕਿ ਇੱਕ ਗੈਰ-ਰਜਿਸਟਰਡ ਅਤੇ ਨਕਲੀ ਜਥੇਬੰਦੀ ਦੇ ਮੁਖੀ ਵਜੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਹੈਸੀਅਤ ਵਿੱਚ ਕੌਮੀ ਆਗੂਆਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਢੌਂਗ ਰਚਿਆ ਹੈ? ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ ਦੀ ਪਿੱਠ ਵਿੱਚ ਛੁਰਾ ਮਾਰਦਿਆਂ, ਗਿਆਨੀ ਜੀ ਨੇ ਕੇਂਦਰ ਤੋਂ ਹੱਕ ਮੰਗਣ ਦੇ ਅਸਲ ਸੰਘਰਸ਼ ਨੂੰ ਛੱਡ ਕੇ ‘ਸਹਿਯੋਗ’ ਦਾ ਕਮਜ਼ੋਰ ਰਾਗ ਅਲਾਪਿਆ ਹੈ। ਇਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਹੁਣ ਤਾਂ ਕੇਂਦਰ ਨਾਲ ਗਿਆਨੀ ਜੀ ਘਿਉ ਖਿਚੜੀ ਹਨ ਅਤੇ ਉਨ੍ਹਾਂ ਦੀ ਇਸ ਚਿੱਠੀ ਨਾਲ ਹੁਣ ਤਾਂ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਸ਼ਰੇਆਮ। ਉਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਕਮਜ਼ੋਰ ਕਰਕੇ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਦੇ ਹੱਥ ਮਜ਼ਬੂਤ ਕੀਤੇ ਹਨ।
ਸ੍ਰ. ਬ੍ਰਹਮਪੁਰਾ ਨੇ ਜ਼ੋਰ ਦੇ ਕੇ ਕਿਹਾ, “ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਪੰਜਾਬ ਦੇ ਗਦਾਰ ਹਨ, ਜੋ ਸਹੀ ਸਮੇਂ ‘ਤੇ ਪੰਥਕ ਏਕਤਾ ਨੂੰ ਤੋੜ ਕੇ ਪੰਜਾਬ-ਵਿਰੋਧੀ ਤਾਕਤਾਂ ਨੂੰ ਲਾਭ ਪਹੁੰਚਾਉਂਦੇ ਹਨ। ਜਿਸ ਵਿਅਕਤੀ ਨੂੰ ਪੰਜਾਬ ਦੇ ਦਹਾਕਿਆਂ ਪੁਰਾਣੇ (ਐਸ.ਵਾਈ.ਐਲ) ਵਰਗੇ ਗੰਭੀਰ ਮੁੱਦਿਆਂ ਦੀ ਸਮਝ ਨਹੀਂ, ਉਹ ‘ਰਾਜ-ਤੋਂ-ਰਾਜ ਏਕਤਾ’ ਦੀਆਂ ਹਵਾਈ ਗੱਲਾਂ ਕਰਕੇ ਸਿਰਫ਼ ਆਪਣਾ ਸਿਆਸੀ ਅਨਾੜੀਪਣ ਹੀ ਸਾਬਤ ਕਰ ਰਿਹਾ ਹੈ। ਅੱਜ ਉਨ੍ਹਾਂ ਨੇ ਆਪਣੀ ਇਸ ਕਾਰਵਾਈ ਨਾਲ ਇਹ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਹੈ।
ਸ੍ਰ. ਬ੍ਰਹਮਪੁਰਾ ਨੇ ਅੰਤ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ‘ਤੇ ਕਿਸੇ ਨੂੰ ਡਾਕਾ ਨਹੀਂ ਮਾਰਨ ਦੇਵੇਗਾ ਅਤੇ ਗਿਆਨੀ ਹਰਪ੍ਰੀਤ ਸਿੰਘ ਵਰਗੇ ਗੈਰ-ਪ੍ਰਮਾਣਿਕ ਸਾਬਤ ਹੋ ਚੁੱਕੇ ਹਨ, ਜੋ ਆਪਣੀ ਨਿੱਜੀ ਮਸ਼ਹੂਰੀ ਲਈ ਪੂਰੇ ਪੰਜਾਬ ਦੇ ਭਵਿੱਖ ਨੂੰ ਦਾਅ ‘ਤੇ ਲਗਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ‘ਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੰਦਾ ਹੈ ਅਤੇ ਦਿੰਦਾ ਰਹੇਗਾ।

Leave a Reply

Your email address will not be published. Required fields are marked *