ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ ਭੂਮੀ ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਰਾਜੌਰੀ ਤੋਂ ਪਠਾਨਕੋਟ ਪਰਤੀ ।
ਪਠਾਨਕੋਟ/ਰਾਜੌਰੀ –ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ’ਪੀਸੀਟੀ ਹਿਊਮੈਨਿਟੀ’ ਦੇ ਬਾਨੀ ਡਾ. ਜੋਗਿੰਦਰ ਸਿੰਘ ਸਲਾਰੀਆ ਦੀ ਅਗਵਾਈ ਹੇਠ ਖ਼ਾਲਸਾ ਰਾਜ ਦੇ ਸੰਸਥਾਪਕ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ-ਭੂਮੀ ਅਤੇ ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਰਾਜੌਰੀ (ਜੰਮੂ ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਸ਼ਾਨਦਾਰ ਢੰਗ ਨਾਲ ਸੰਪੰਨ ਹੋਈ। ਅੱਜ ਜਥਾ ਗੁਰਬਾਣੀ ਦੇ ਸੁਰਾਂ ਅਤੇ ਜੈਕਾਰਿਆਂ ਦੀ ਗੂੰਜ ਵਿਚ ਪਠਾਨਕੋਟ ਪਰਤਿਆ।
ਜਥੇ ਦੀ ਰਜੌਰੀ ਤੋਂ ਰਵਾਨਗੀ ਮੌਕੇ ਗੁਰਦੁਆਰਾ ਛੇਵੀਂ ਪਾਤਸ਼ਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਅਤੇ ਚੇਅਰਮੈਨ ਨਿਰਮਾਣ ਸਿੰਘ ਨੇ ਡਾ. ਸਲਾਰੀਆ ਅਤੇ ਅਯੁੱਧਿਆ ਦੇ ਰਾਮਾਨੰਦੀ ਸ੍ਰੀ ਵੈਸ਼ਣਵ ਸੰਪਰਦਾ ਦੇ ਸੰਤ ਸ਼੍ਰੀ ਮਹੰਤ ਆਸ਼ੀਸ਼ ਦਾਸ ਸਮੇਤ ਜਥੇ ’ਚ ਸ਼ਾਮਿਲ ਸੰਗਤਾਂ ਨੂੰ ਸਨਮਾਨ ਸਹਿਤ ਵਿਦਾਇਗੀ ਦਿੰਦਿਆਂਅੱਗੇ ਤੋਂ ਵੀ ਅਜਿਹੀਆਂ ਯਾਤਰਾਵਾਂ ਨਿਰੰਤਰ ਜਾਰੀ ਰਹਿਣ ਦੀ ਕਾਮਨਾ ਕੀਤੀ।
ਡਾ. ਜੋਗਿੰਦਰ ਸਿੰਘ ਸਲਾਰੀਆ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ-ਭੂਮੀ ਨੂੰ ਨਮਸਕਾਰ ਕਰਨਾ ਸਾਡੇ ਲਈ ਮਹਾਨ ਪਾਵਨ ਪਲ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿੰਦਗੀ ਮਨੁੱਖਤਾ, ਇਨਸਾਫ਼ ਅਤੇ ਗੁਰੂ ਦੇ ਹੁਕਮਾਂ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਦੀ ਪ੍ਰੇਰਣਾ ਦਿੰਦੀ ਹੈ। ਰਾਜਪੂਤ ਖੱਤਰੀ ਹੋਣ ਦੇ ਨਾਤੇ ਮੈਂ ਬੇਹੱਦ ਮਾਣ ਮਹਿਸੂਸ ਕਰਦਾ ਹਾਂ ਕਿ ‘ਬੰਦਾ ਬੈਰਾਗੀ’ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਨਾਲ ਜ਼ੁਲਮ ਅੱਗੇ ਡਟ ਕੇ ਬੇਮਿਸਾਲ ਸ਼ਹਾਦਤ ਕਬੂਲ ਕੀਤੀ।
ਡਾ. ਸਲਾਰੀਆ ਨੇ ਕਿਹਾ ਕਿ ਬਾਬਾ ਬੰਦਾ ਬਹਾਦਰ ਦੀ ਸ਼ਹਾਦਤ ਗੁਰੂ ਤੇ ਸਿਖੀ ਪ੍ਰਤੀ ਪ੍ਰੇਮ, ਇਨਸਾਨੀ ਬੁਲੰਦ ਹੌਸਲੇ ਅਤੇ ਬੇਮਿਸਾਲ ਕੁਰਬਾਨੀ ਦੀ ਮਿਸਾਲ ਹੈ। ਉਨ੍ਹਾਂ ਯਾਦ ਕਰਵਾਇਆ ਕਿ ਕਿਵੇਂ ਮੁਗ਼ਲ ਹਾਕਮਾਂ ਨੇ ਬੇਰਹਿਮੀ ਨਾਲ ਬਾਬਾ ਜੀ ਦੇ ਨੰਨੇ ਪੁੱਤਰ ਭਾਈ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ’ਚ ਪਾਏ ਜਾਣਦੇ ਬਾਵਜੂਦ ਬਾਬਾ ਬੰਦਾ ਬਹਾਦਰ ਅਡੋਲ ਰਹੇ ਅਤੇ ਬੇ ਮਿਸਾਲ ਸ਼ਹਾਦਤ ਕਬੂਲ ਕੀਤੀ ।
ਉਨ੍ਹਾਂ ਕਿਹਾ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਸਿਰਫ਼ ਆਤਮਕ ਲਾਭ ਲਈ ਹੀ ਨਹੀਂ, ਸਗੋਂ ਸਾਡੀ ਵਿਰਾਸਤ, ਸਿੱਖ ਇਤਿਹਾਸ, ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਰਾਸ਼ਟਰੀ ਏਕਤਾ ਨਾਲ ਜੁੜਨ ਦਾ ਮਹਾਨ ਯਤਨ ਹਨ। ਇਹ ਸੰਗਤ ਵਿਚਕਾਰ ਪਿਆਰ, ਭਾਈਚਾਰਕ ਸਾਂਝ, ਸੇਵਾ ਭਾਵਨਾ ਅਤੇ ਗੁਰੂ ਪ੍ਰਤੀ ਅਟੱਲ ਸ਼ਰਧਾ ਨੂੰ ਗਹਿਰਾਈ ਪ੍ਰਦਾਨ ਕਰਦੀਆਂ ਹਨ।
ਡਾ. ਸਲਾਰੀਆ ਨੇ ਦੱਸਿਆ ਕਿ ਪੀਸੀਟੀ ਹਿਊਮੈਨਿਟੀ ਵੱਲੋਂ ਯਾਤਰਾ ਦੌਰਾਨ ਫ਼ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਦਾ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਮਨੁੱਖਤਾ ਦੀ ਸੇਵਾ ਨੂੰ ਵੱਡੇ ਪੱਧਰ ’ਤੇ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੇ ਕੰਮ, ਖ਼ਾਸ ਕਰਕੇ ਸਿਹਤ ਸੇਵਾਵਾਂ, ਸਾਡੀ ਵਚਨਬੱਧਤਾ ਅਤੇ ਧਾਰਮਿਕ ਯਤਨਾਂ ਦਾ ਅਟੁੱਟ ਹਿੱਸਾ ਹਨ।
ਯਾਤਰਾ ਦੌਰਾਨ ਜਥੇ ਦਾ ਥਾਂ-ਥਾਂ ਫੁੱਲਾਂ ਦੀ ਵਰਖਾ ਕਰਦਿਆਂ ਅਤੇ ਜੈਕਾਰਿਆਂ ਨਾਲ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ-ਭੂਮੀ ’ਤੇ ਪਹੁੰਚਣ ਮੌਕੇ ਯਾਤਰੀ ਸੰਗਤਾਂ ਨੇ ਬਾਬਾ ਜੀ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਦੇ ਹੋਏ ਅੱਖਾਂ ਨਮ ਕੀਤੀਆਂ ।
ਡਾ. ਸਲਾਰੀਆ ਨੇ ਕਸ਼ਮੀਰ ਵਾਦੀ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਦਾ ਗੁਰੂ ਅੱਗੇ ਅਰਦਾਸ ਰਹਿੰਦੀ ਹੈ ਕਿ ਇੱਥੇ ਅਮਨ, ਚੈਨ ਅਤੇ ਲੋਕਾਂ ਦੀ ਖ਼ੁਸ਼ਹਾਲੀ ਬਣੀ ਰਹੇ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਹਾਲਾਤ ਸੁਧਰਨ, ਭਰਾਤਰੀ ਭਾਵਨਾ ਮਜ਼ਬੂਤ ਹੋਵੇ ਅਤੇ ਲੋਕ ਸੁਖਮਈ ਜੀਵਨ ਜੀ ਸਕਣ, ਇਹ ਸਾਡੀ ਮਨੋਕਾਮਨਾ ਹੈ।
ਵਿਸ਼ੇਸ਼ ਤੌਰ ’ਤੇ ਇਸ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਅਯੁੱਧਿਆ ਦੇ ਸੰਤ ਮਹੰਤ ਅਸ਼ੀਸ਼ ਦਾਸ ਨੇ ਕਿਹਾ ਕਿ ਗੁਰੂ ਦੇ ਸਿੱਖਾਂ ਅਤੇ ਪੰਜਾਬੀਆਂ ਨੇ ਆਪਣੀ ਬੇਮਿਸਾਲ ਸੇਵਾ ਭਾਵਨਾ ਅਤੇ ਸ਼ਹਾਦਤਾਂ ਨਾਲ ਦੁਨੀਆ ਭਰ ਵਿਚ ਇਕ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਲਈ ਇਸ ਯਾਤਰਾ ਦਾ ਹਿੱਸਾ ਬਣਨਾ ਆਪਣੇ ਆਪ ਵਿੱਚ ਗੌਰਵ ਦੀ ਗੱਲ ਹੈ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਸਰਦਾਰ ਰਜਿੰਦਰ ਸਿੰਘ, ਸਰਦਾਰ ਅਮਰਜੀਤ ਸਿੰਘ ਅਤੇ ਯਾਤਰਾ ਪ੍ਰਬੰਧਕ ਸਰਦਾਰ ਗੁਰਮਿੰਦਰ ਸਿੰਘ ਚਾਵਲਾ ਵੀ ਮੌਜੂਦ ਸਨ।
ਫੋਟੋ ਕੈਪਸ਼ਨ – ਬਾਬਾ ਬੰਦਾ ਸਿੰਘ ਬਹਾਦਰ ਦੀ ਜਨਮ-ਭੂਮੀ ਰਾਜੌਰੀ ਤੋਂ ਗੁਰਦੁਆਰਾ ਕਮੇਟੀ ਵੱਲੋਂ ਜਥੇ ਨੂੰ ਸਨਮਾਨਿਤ ਕਰਦਿਆਂ ਪਠਾਨਕੋਟ ਲਈ ਰਵਾਨਾ ਕਰਦੇ ਹੋਏ।