ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੌਗਿੰਗ ਮਸ਼ੀਨਾਂ ਭੇਜੀਆਂ ਗਈਆਂ: ਝਿੰਜਰ
ਡੇਰਾ ਬਾਬਾ ਨਾਨਕ-ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸ. ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਿੰਡ ਪੱਖੋਕੇ ਟਾਹਲੀ ਸਾਹਿਬ ਤੋਂ ਮੱਛਰ ਨਾਸ਼ਕ ਫੌਗਿੰਗ ਮਸ਼ੀਨਾਂ ਨਾਲ ਸਪਰੇਅ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਪਿੰਡ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਕੋਰੀਡੋਰ ਦੇ ਨੇੜੇ ਸਥਿਤ ਹੈ ਅਤੇ ਰਾਵੀ ਦਰਿਆ ਵਿੱਚ ਲਗਭਗ 500 ਫੁੱਟ ਪਾੜ ਪੈਣ ਕਾਰਨ ਸਖ਼ਤ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਪਿੰਡ ਵਿੱਚ ਪਾਣੀ ਦੇ ਭਰਾਅ ਨਾਲ ਸੜਕਾਂ ਅਤੇ ਖੇਤਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਮੁਸ਼ਕਿਲਾਂ ਨਾਲ ਭਰ ਗਈ ਹੈ।
ਝਿੰਜਰ ਨੇ ਦੱਸਿਆ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ 20 ਹਲਕਿਆਂ ਵਿਚ ਫੌਗਿੰਗ ਮਸ਼ੀਨਾਂ ਭੇਜੀਆਂ ਗਈਆਂ ਅਤੇ ਯੂਥ ਅਕਾਲੀ ਦਲ ਦੀਆਂ ਟੀਮਾਂ ਉੱਥੇ ਫੌਗਿੰਗ ਕਰਨ ਦਾ ਕੰਮ ਕਰ ਰਹੀਆਂ ਹਨ। ਪਿੰਡਾਂ ਵਿੱਚ ਹੜ੍ਹ ਕਾਰਨ ਮੱਛਰਾਂ ਦੀ ਸੰਖਿਆ ਬਹੁਤ ਵੱਧ ਗਈ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਵਾਇਰਲ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੇਵਾਵਾਂ ਦਾ ਜਾਲ ਪਿੰਡਾਂ ਵਿੱਚ ਵਿਛਾਇਆ ਗਿਆ ਹੈ।
ਝਿੰਜਰ ਨੇ ਦੱਸਿਆ ਕਿ ਪੀੜਤ ਲੋਕਾਂ ਲਈ ਰਾਸ਼ਨ ਤੇ ਹੋਰ ਲੋੜੀਂਦਾ ਸਮਾਨ ਅਤੇ ਪਸ਼ੂਆਂ ਲਈ ਸੈਂਕੜੇ ਟਰਾਲੀਆਂ ਭਰ ਕੇ ਚਾਰਾ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਜਾਨਵਰ ਭੁੱਖ ਅਤੇ ਤਕਲੀਫ਼ ਤੋਂ ਬਚ ਸਕਣ।
ਝਿੰਜਰ ਨੇ ਦੱਸਿਆ ਕਿ ਮੱਛਰਾਂ ਨੂੰ ਨਸ਼ਟ ਕਰਨ ਲਈ ਫੌਗਿੰਗ ਮਸ਼ੀਨਾਂ ਨਾਲ ਸਪਰੇਅ ਕਰਕੇ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਦਾ ਕੰਮ ਜਾਰੀ ਹੈ। ਇਸ ਦੇ ਨਾਲ ਹੀ ਹੜ੍ਹ ਕਾਰਨ ਨੁਕਸਾਨੀਆਂ ਜ਼ਮੀਨਾਂ ਨੂੰ ਪੱਧਰਾ ਕਰਨ ਅਤੇ ਮੁੜ ਉਪਜਾਊ ਬਣਾਉਣ ਲਈ ਵਿਸ਼ੇਸ਼ ਟੀਮਾਂ ਦੀ ਮਦਦ ਨਾਲ ਕੰਮ ਕੀਤਾ ਜਾ ਰਿਹਾ ਹੈ। ਪਿੰਡ ਦੇ ਬੱਚਿਆਂ ਅਤੇ ਬੁਜ਼ੁਰਗਾਂ ਲਈ ਸਿਹਤ ਸੰਬੰਧੀ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਮੌਜੂਦਾ ਸਿਹਤ ਸੰਕਟਾਂ ਨੂੰ ਧਿਆਨ ਵਿੱਚ ਰੱਖ ਕੇ ਸਿਹਤ ਕੈਂਪ ਅਤੇ ਦਵਾਈਆਂ ਦੀ ਵਿਵਸਥਾ ਕੀਤੀ ਗਈ ਹੈ।
ਸਰਬਜੀਤ ਸਿੰਘ ਝਿੰਜਰ ਨੇ ਕਿਹਾ, “ਇਸ ਮੁਸ਼ਕਲ ਵਕਤ ਵਿੱਚ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਸਾਰੇ ਮਿਲ ਕੇ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਈਏ। ਸ਼੍ਰੋਮਣੀ ਅਕਾਲੀ ਦਲ ਆਪਣੀ ਪੂਰੀ ਸੰਸਥਾਨਕ ਤਾਕਤ ਅਤੇ ਸਾਧਨ ਇਸ ਕੰਮ ਵਿੱਚ ਲਗਾ ਰਿਹਾ ਹੈ ਤਾਂ ਜੋ ਹਰ ਲੋੜਵੰਦ ਤੱਕ ਸਹਾਇਤਾ ਪਹੁੰਚੇ।
ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੜ੍ਹ ਪੀੜਤਾਂ ਲਈ ਲਗਾਤਾਰ ਮਦਦ ਭੇਜ ਰਹੇ ਹਨ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿੱਧਾ ਸੰਪਰਕ ਕਰ ਕੇ ਲੋਕਾਂ ਦੀਆਂ ਜ਼ਰੂਰਤਾਂ ਦਾ ਮੁਆਇਨਾ ਕੀਤਾ ਅਤੇ ਸਹਾਇਤਾ ਦੇ ਲਈ ਤੁਰੰਤ ਕਾਰਵਾਈ ਕਰਨ ਦੀ ਹਿਦਾਇਤ ਦਿੱਤੀ। ਪੀੜਤਾਂ ਦੇ ਦੁੱਖ ਦਰਦ ਵਿੱਚ ਸਾਥ ਦੇਣਾ ਸਾਡਾ ਧਰਮ ਅਤੇ ਫ਼ਰਜ਼ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਹਰ ਹਾਲਤ ਵਿੱਚ ਲੋਕਾਂ ਦੇ ਨਾਲ ਖੜੀ ਰਹੇਗੀ।
ਝਿੰਜਰ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ, ਪਿੰਡਾਂ ਵਿੱਚ ਰਾਸ਼ਨ, ਸਿਹਤ ਸੇਵਾਵਾਂ, ਅਤੇ ਚਾਰਾ ਵੰਡਣ ਦੇ ਕੰਮ ਤੇਜ਼ੀ ਨਾਲ ਹੋ ਰਹੇ ਹਨ। ਇਸ ਦੇ ਨਾਲ ਹੀ ਉਹ ਸਥਾਨਕ ਅਧਿਕਾਰੀਆਂ ਅਤੇ ਵਲੰਟੀਅਰਾਂ ਨਾਲ ਮਿਲ ਕੇ ਭਵਿੱਖ ਵਿੱਚ ਇਨ੍ਹਾਂ ਪਿੰਡਾਂ ਨੂੰ ਮੁੜ ਖੜਾ ਕਰਨ ਲਈ ਯੋਜਨਾਵਾਂ ਬਣਾ ਰਹੇ ਹਨ। ਸਰਦਾਰ ਬਾਦਲ ਦਾ ਮਕਸਦ ਹੈ ਕਿ ਕੋਈ ਵੀ ਪੀੜਤ ਪਰਿਵਾਰ ਭੁੱਖ ਜਾਂ ਬਿਮਾਰੀ ਨਾਲ ਨਾ ਜੂਝੇ ਅਤੇ ਹਰ ਪਰਿਵਾਰ ਨੂੰ ਸਹੂਲਤਾਂ ਮਿਲਣ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਇੰਚਾਰਜ ਹਰਿੰਦਰ ਸਿੰਘ, ਯੂਥ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਗੁਰਜੀਤ ਸਿੰਘ ਬਿਜਲੀਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ, ਜਸਪ੍ਰੀਤ ਸਿੰਘ ਰਾਣਾ, ਕਮਲਪ੍ਰੀਤ ਸਿੰਘ ਕਾਕੀ ਅਤੇ ਹੋਰ ਆਗੂ ਮੌਜੂਦ ਸਨ।