ਨਾਪਾ ਵੱਲੋਂ ਸ਼ੁਭਕਰਨ ਸਿੰਘ ਦੇ ਕਤਲ ‘ਤੇ ਪੰਜਾਬ ਸਰਕਾਰ ਦੀ ਚੁੱਪੀ ਦੀ ਕੜੀ ਨਿੰਦਾ
ਕੈਲੀਫੋਰਨੀਆ/ਚੰਡੀਗੜ੍ਹ – ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਮੁਖੀ ਸਤਨਾਮ ਸਿੰਘ ਚਾਹਲ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਸ਼ੁਭਕਰਨ ਸਿੰਘ ਦੀ ਹੱਤਿਆ ਦੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ‘ਤੇ ਗੰਭੀਰ ਨਾਰਾਜ਼ਗੀ ਪ੍ਰਗਟ ਕੀਤੀ ਹੈ।
ਚਾਹਲ ਨੇ ਕਿਹਾ ਕਿ ਇਹ ਸ਼ਰਮਨਾਕ ਤੇ ਦੁਖਦਾਈ ਗੱਲ ਹੈ ਕਿ ਉਹੀ ਹਰਿਆਣਾ ਦੇ ਮੁੱਖ ਮੰਤਰੀ, ਜਿਨ੍ਹਾਂ ਦੇ ਰਾਜ ਵਿੱਚ ਪੰਜਾਬ ਦੇ ਕਿਸਾਨ ਦੀ ਹੱਤਿਆ ਹੋਈ, ਹੁਣ ਪੰਜਾਬ ਆ ਕੇ ਲੰਮੇ ਚੌੜੇ ਦਾਅਵੇ ਕਰ ਰਹੇ ਹਨ, ਜਦਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਖਾਮੋਸ਼ ਹੈ।ਉਨ੍ਹਾਂ ਨੇ ਕਿਹਾ, “ਦੋ ਪਾਰਟੀਆਂ, ਇੱਕ ਸੋਚ — ਚੁੱਪੀ ਅਤੇ ਸਾਂਝੀ ਸਾਜ਼ਿਸ਼। ਪੰਜਾਬ ਦੇ ਲੋਕ ਇਸ ਦੋਗਲੇ ਰਵੱਈਏ ਨੂੰ ਕਦੇ ਮਾਫ਼ ਨਹੀਂ ਕਰਨਗੇ।”
ਚਾਹਲ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪਾਰਟੀ ਰਾਜਨੀਤੀ ਤੋਂ ਉੱਪਰ ਉਠ ਕੇ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ ਨਿਆਂ ਯਕੀਨੀ ਬਣਾਏ।ਉਨ੍ਹਾਂ ਕਿਹਾ ਕਿ ਨਾਪਾ ਪੰਜਾਬ ਦੇ ਕਿਸਾਨਾਂ ਨਾਲ ਪੂਰੀ ਏਕਜੁੱਟਤਾ ਨਾਲ ਖੜ੍ਹੀ ਹੈ ਅਤੇ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ‘ਤੇ ਉਠਾਉਂਦੀ ਰਹੇਗੀ ਜਦ ਤੱਕ ਨਿਆਂ ਨਹੀਂ ਮਿਲਦਾ।
