Image for representation only

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਉਪਰੰਤ ਜਦ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦਰਬਾਰ ਪੇਸ਼ ਹੋਣ ਲਈ ਚਾਲੇ ਪਾਉਂਦੇ ਹਨ ਤਾਂ ਉਹਨਾਂ ਨੂੰ ਰੋਪੜ ਲਾਗੇ ਮਲਕਪੁਰ ਰੰਘੜਾਂ ਕੋਲ ਉਹਨਾਂ ਦੇ ਅਨਿੰਨ ਸਿੱਖਾਂ ਭਾਈ ਦਿਆਲਾ ਜੀ ਭਾਈ ਮਤੀ  ਦਾਸ ਜੀ ਅਤੇ ਭਾਈ ਸਤੀ ਦਾਸ ਜੀ ਸਮੇਤ  ਗ੍ਰਿਫਤਾਰ ਕਰਕੇ ਪਹਿਲਾਂ ਬੱਸੀ ਪਠਾਣਾਂ ਦੀ ਜੇਲ੍ਹ ਵਿੱਚ ਅਤੇ ਬਾਅਦ ਵਿੱਚ ਦਿੱਲੀ ਦੇ ਕੈਦਖਾਨੇ ਵਿੱਚ ਕੈਦ ਕਰ ਲਿਆ ਜਾਂਦਾ ਹੈ ।ਗੁਰੂ ਸਾਹਿਬ ਨੂੰ ਸਿਦਕ ਤੋਂ ਡੁਲਾਉਣ  ਖਾਤਰ ਉਹਨਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਭਾਈ ਦਿਆਲਾ ਜੀ  ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ। ਸਮੁੱਚਾ ਸਿੱਖ ਪੰਥ ਹੀ ਨਹੀਂ ਸਗੋਂ ਪੂਰਾ ਹਿੰਦੋਸਤਾਨ ਅਤੇ ਪੂਰੇ ਵਿਸ਼ਵ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ੩੫੦ਵੇਂ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਹੇ ਹਨ  ਉੱਥੇ ਭਾਈ ਦਿਆਲਾ ਜੀ ਭਾਈ ਮਤੀਦਾਸ ਅਤੇ ਭਾਈ ਸਤੀਦਾਸ ਜੀ ਨੂੰ ਵੀ ਸ਼ਰਧਾ ਨਾਲ ਯਾਦ ਕੀਤਾ ਜਾ ਰਿਹਾ ਹੈ ਪੇਸ਼ ਹੈ ਇਹਨਾਂ ਮਹਾਨ ਸਿੱਖਾਂ ਦੀ ਜੀਵਨੀ ਦੇ ਕੁਝ ਅੰਸ਼ ।

ਭਾਈ ਦਿਆਲ ਦਾਸ ਜੀ
ਪ੍ਰੋਫੈਸਰ ਪਿਆਰਾ ਸਿੰਘ ਪਦਮ (ਗੁਰੂ ਤੇਗ ਬਹਾਦਰ ਜੀਵਨ, ਸੰਦੇਸ਼ ਤੇ ਸ਼ਹਾਦਤ )ਅਨੁਸਾਰ ਭਾਈ ਦਿਆਲ ਦਾਸ ਤੇ ਉਹਨਾਂ ਦਾ ਪਰਿਵਾਰ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਇਹ ਪਰਿਵਾਰ ਗੁਰੂ ਅਰਜਨ ਦੇਵ ਸਾਹਿਬ ਦੇ ਵੇਲੇ ਤੋਂ ਸਿੱਖੀ ਨਾਲ ਜੁੜਿਆ ਹੋਇਆ ਸੀ ਭਾਈ ਦਿਆਲ ਦਾਸ ਦਾ ਜਨਮ ਪਿੰਡ ਅਲੀਪੁਰ ਤਹਿਸੀਲ ਅਤੇ ਜ਼ਿਲ੍ਹਾ ਮੁਜਫਰਗੜ੍ਹ ਵਿੱਚ ਇੱਕ ਰਾਜਪੂਤ ਘਰਾਣੇ ਵਿੱਚ ਭਾਈ ਮਾਈ ਦਾਸ ਦੇ ਘਰ ਮਧੁਰੀ ਬਾਈ ਦੀ ਕੁੱਖੋਂ ਹੋਇਆ । ਆਪ ਭਾਈ ਬੱਲੂ ਦੇ ਪੋਤਰੇ ਅਤੇ ਭਾਈ ਮੂਲਾ ਦੇ ਪੜਪੋਤਰੇ ਸਨ।ਮਾਈ ਦਾਸ ਸ਼ਾਹ ਜਹਾਨ ਦੇ ਜ਼ਮਾਨੇ ਵਿੱਚ ਸਰਕਾਰੀ ਅਹੁਦੇ ਤੇ ਸੀ ਅਤੇ ਚੰਗੀ ਮਾਨਤਾ ਰੱਖਦਾ ਸੀ ਮਾਈ ਦਾਸ ਦੇ ਦੋ ਵਿਆਹ ਸਨ
  ਮਧੂਰੀ ਬਾਈ ਅਤੇ ਲਡਿਕੀ।
ਮਧੁਰੀ ਬਾਈ ਦੀ ਕੁੱਖ ਤੋਂ ਜੇਠਾ, ਦਿਆਲ ਦਾਸ, ਮਨੀਰਾਮ, ਦੁਨੀਆ ,ਮਾਨਾ ,ਅਮਰ ਚੰਦ, ਰੂਪਾ ਅਤੇ ਲਡਿਕੀ ਦੇ ਪੇਟੋਂ ਜਗਤੂ, ਸੋਹਣਾ ,ਲਹਿਣਾ ,ਰਾਇ ਅਤੇ ਹਰੀ ਚੰਦ ਕੁਲ 12 ਪੁੱਤਰ ਪੈਦਾ ਹੋਏ ਇਹਨਾਂ 12 ਵਿੱਚੋਂ ਸਿਵਾਏ ਅਮਰ ਚੰਦ ਦੇ ਬਾਕੀ 11 ਸਿੱਖੀ ਖਾਤਰ ਸ਼ਹੀਦ ਹੋਏ ।ਭਾਈ ਦਿਆਲਾ ਭਾਈ ਮਨੀ ਸਿੰਘ ਦੇ ਵੱਡੇ ਭਰਾ ਸਨ ਜੋ ਉਮਰ ਭਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਰਹੇ ਜਦੋਂ 1713 ਬਿਕਰਮੀ ਮੁਤਾਬਿਕ 1656 ਈਸਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਤੀਰਥ ਯਾਤਰਾ ਲਈ ਨਿਕਲੇ ਤਾਂ ਭਾਈ ਦਿਆਲਾ ਗੁਰੂ ਜੀ ਦੇ ਸਾਰੇ ਕਾਰੋਬਾਰ ਦੇ ਮੁੱਖ ਪ੍ਰਬੰਧਕ ਸਨ ਪਟਨੇ ਦੀ ਸੰਗਤ ਦੇ ਨਾਂ ਗੁਰੂ ਜੀ ਦੇ ਜਿੰਨੇ ਹੁਕਮਨਾਮੇ ਮਿਲਦੇ ਹਨ ਇਹਨਾਂ ਵਿੱਚ ਸਭ ਤੋਂ ਪਹਿਲਾਂ ਭਾਈ ਦਿਆਲਾ ਜੀ ਨੂੰ ਹੀ ਸੰਬੋਧਨ ਕੀਤਾ ਗਿਆ ਹੈ ਬਜ਼ੁਰਗ ਸਿੱਖ ਹੋਣ ਦੇ ਨਾਤੇ ਆਪ ਦਾ ਸਦਾ ਸਤਿਕਾਰ ਰਿਹਾ ਇੱਕ ਹੁਕਮਨਾਮੇ ਵਿੱਚ ਅੰਕਿਤ ਹੈ ‘ਭਾਈ ਦਿਆਲ ਦਾਸ ਕਹੇ ਸੰਗਤਿ ਗੁਰੂ ਕਾ ਹੁਕਮੁ ਕਰਿ ਮੰਨਣਾ…… (ਹੁਕਮਨਾਮੇ ਗੁਰੂ ਸਾਹਿਬਾਨ ,ਮਾਤਾ ਸਾਹਿਬਾਨ ,ਬੰਦਾ ਸਿੰਘ ਅਤੇ ਖਾਲਸਾ ਜੀ ਦੇ ਸੰਪਾਦਕ ਗੰਡਾ ਸਿੰਘ ਪੰਨਾ ੮੮)
 1665 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਨੂੰ ਧਮਧਾਨ ਤੋਂ ਗ੍ਰਿਫਤਾਰ ਕੀਤਾ ਗਿਆ ਤਾਂ ਵੀ ਆਪ ਗੁਰੂ ਜੀ ਦੇ ਨਾਲ ਹੀ ਸਨ। ਜੁਲਾਈ 1675 ਵਿੱਚ ਜਦੋਂ ਗੁਰੂ ਸਾਹਿਬ ਕਸ਼ਮੀਰੀ ਪੰਡਤਾਂ ਦੀ ਫਰਿਆਦ ਲੈ ਕੇ ਔਰੰਗਜ਼ੇਬ ਨੂੰ ਮਿਲਣ ਵਾਸਤੇ ਦਿੱਲੀ ਵੱਲ ਚੱਲੇ ਤਾਂ ਵੀ ਭਾਈ ਦਿਆਲ ਦਾਸ ਗੁਰੂ ਜੀ ਦੇ ਨਾਲ ਸਨ 12 ਜੁਲਾਈ 1675 ਦੇ ਦਿਨ ਮਲਕਪੁਰ ਰੰਘੜਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੀ ਆਪ ਨੂੰ ਗ੍ਰਿਫਤਾਰ ਕੀਤਾ ਗਿਆ ਆਪ ਗੁਰੂ ਸਾਹਿਬ ਦੇ ਨਾਲ ਹੀ ਬੱਸੀ ਪਠਾਣਾ ਜੇਲ੍ਹ ਵਿੱਚ ਸਾਢੇ ਤਿੰਨ ਮਹੀਨੇ ਕੈਦ ਰਹੇ ਇੰਝ ਜਾਪਦਾ ਹੈ ਕਿ ਭਾਈ ਦਿਆਲ ਦਾਸ ਹਮੇਸ਼ਾ ਹੀ ਗੁਰੂ ਸਾਹਿਬ ਦੇ ਅੰਗ ਸੰਗ ਰਹੇ ਸਨ। ਡਾ ਹਰਜਿੰਦਰ ਸਿੰਘ ਦਿਲਗੀਰ ਆਪਣੀ ਪੁਸਤਕ ਭਾਈ ਮਨੀ ਸਿੰਘ ਤੇ ਉਨ੍ਹਾਂ ਦਾ ਪਰਵਾਰ ਵਿੱਚ ਜ਼ਿਕਰ ਕਰਦੇ ਹਨ ਕਿ 11 ਨਵੰਬਰ 1675 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਆਪ ਨੂੰ ਵੀ ਸ਼ਹੀਦ ਕੀਤੇ ਜਾਣ ਦਾ ਫਤਵਾ ਜਾਰੀ ਕੀਤਾ ਗਿਆ ਉਸ ਦਿਨ ਸਭ ਤੋਂ ਪਹਿਲਾਂ ਆਪ ਨੂੰ ਸ਼ਹੀਦ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਭਾਈ ਦਿਆਲ ਦਾਸ ਨੂੰ ਦੇਗ ਵਿੱਚ ਬੰਦ ਕਰਕੇ ਉਬਾਲ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਹੋਇਆ ਤੇ ਆਪ ਅਡੋਲ ਰਹੇ ਅਤੇ ਆਪਣੇ ਪਿਆਰੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੱਖਾਂ ਸਾਹਮਣੇ ਸ਼ਹੀਦੀ ਜਾਮ ਪੀ ਗਏ। ਇਸ ਘਟਨਾ ਦਾ ਵਰਨਣ ਕਰਤਾਰ ਸਿੰਘ ਬਲੱਗਣ ਆਪਣੀ ਕਵਿਤਾ ਵਿੱਚ ਇਸ ਤਰ੍ਹਾਂ ਕਰਦੇ ਹਨ
ਉਬਲੀ ਦੇਗ ਦਿਆਲੇ ਨੂੰ ਗੜ੍ਹਕ ਆਇਆ
ਪਰ ਨਾ ਜ਼ੁਲਮ ਦਾ ਲੱਥਾ ਉਬਾਲ ਹਾਲੀ
 ਸੀਰਾਂ ਫੁੱਟੀਆਂ ਦੇ ਉੱਤੋਂ ਲੂਣ ਪਾਉਂਦੇ
 ਜਦੋਂ ਵੇਖਿਆ ਗਲੀ ਨਹੀਂ ਦਾਲ ਹਾਲੀ
ਸੜਦੇ ਕਾਜੀ ਨੇ ਕਿਹਾ ਜਲਾਦ ਤਾਈਂ
ਇਹਦੇ ਸਿਦਕ ਦੇ ਲੋਹੇ ਨੂੰ ਢਾਲ ਹਾਲੀ
ਹੱਸ ਕੇ ਕਿਹਾ ਦਿਆਲੇ ਨੇ ਡਰ ਕਾਹਦਾ
ਅੰਗ ਸੰਗ ਮੇਰਾ ਗੁਰੂ ਮੇਰੇ ਨਾਲ ਹਾਲੀ।।
ਬੋਹਥ ਦੇ ਪੁੱਤਰ ਦੇਸੂ ਭੱਟ ਦਾ ਕਥਨ ਹੈ
ਧੰਨ ਧੰਨ ਮਾਤਾ ਮਧੁਰੀ ਬਾਈ ਤਉ ਜਾਇਆ ਮਨੀ ਰਾਮ ਪੂਤ ਸੁਪੁੱਤਾ
 ਸਪੂਤ ਬੇਟਾ ਤਉ ਗਾਊਂ ਦਯਾਲਦਾਸ ਜੀਤੇ ਜੀ ਦੇਗੇ ਉਬਲਿੱਤਾ
ਇਸ ਤਰ੍ਹਾਂ ਦੇਸਾ ਸਿੰਘ ਦੇ ਪੁੱਤਰ ਭੀਮ ਸਿੰਘ ਭੱਟ ਨੇ ਕਿਹਾ ਹੈ
 ਧੰਨ ਧੰਨ ਦਯਾਲ ਦਾਸ ਜਸ ਤਉ ਕਾ ਰਿੱਧ ਚੁਗੱਤੇ ਦੇਗੇ ਭੀਤਰ ਧਰਿਆ
 ਧੰਨ ਧੰਨ ਮਨੀ ਸਿੰਘ ਜਸ ਤਉ ਕਾ ਬੰਦ ਬੰਦ ਕੱਟਿ ਪੋਸ਼ ਉਖਰਿਆ (ਭਟ ਵਹੀ ਮੁਲਤਾਨੀ ਸਿੰਧੀ )
ਭਾਈ ਦਿਆਲ ਦਾਸ ਸਿਰਫ ਆਪ ਹੀ ਸ਼ਹੀਦ ਨਹੀਂ ਹੋਏ ਬਲਕਿ ਉਹਨਾਂ ਦੇ ਪਰਿਵਾਰ ਵਿੱਚੋਂ ਹੋਰ ਵੀ ਬਹੁਤ ਜਣਿਆਂ ਨੇ ਸ਼ਹੀਦੀਆਂ ਪਾਈਆਂ ਭਾਈ ਦਿਆਲੇ ਦਾ ਪੁੱਤਰ ਕਲਿਆਣ ਸਿੰਘ ਤਾਰਾਗੜ ਅਨੰਦਪੁਰ ਸਾਹਿਬ ਪਹਾੜੀ ਰਾਜਿਆਂ ਨਾਲ ਲੜਦਾ ਸ਼ਹੀਦ ਹੋਇਆ ਤੇ ਦੂਜਾ ਪੁੱਤਰ ਮਥੁਰਾ ਸਿੰਘ ਨਿਰਮੋਹਗੜ ਜੂਝਦਾ ਸ਼ਹੀਦੀ ਪਾ ਗਿਆ।
ਭਾਈ ਮਤੀ ਦਾਸ ਜੀ
 ਸਿੱਖ ਇਤਿਹਾਸ ਵਿੱਚ ਛਿਬਰ ਘਰਾਣਾ ਕਾਫੀ ਪ੍ਰਸਿੱਧ ਹੈ ਇਹਨਾਂ  ਦੇ ਵਡੇਰੇ ਭਾਈ ਗੌਤਮ ਪਹਿਲੇ ਪਹਿਲ ਸਿੱਖੀ ਵਿੱਚ ਆਏ। ਗੌਤਮ ਦਾ ਪੁੱਤਰ ਭਾਈ ਪਰਾਗਾ ਗੁਰੂ ਹਰਗੋਬਿੰਦ ਸਾਹਿਬ ਦਾ ਨਾਮੀ ਸੂਰਬੀਰ ਸਿੱਖ  ਸੀ ਅਤੇ ਪਰਾਗੇ ਦਾ ਪੁੱਤਰ ਭਾਈ ਦੁਆਰਕਾ ਦਾਸ। ਦੁਆਰਕਾ ਦਾਸ ਦੇ ਪੁੱਤਰ ਦਰਗਾਹ ਮੱਲ ਅਤੇ ਹੀਰਾ ਮੱਲ ਸਨ। ਭਾਈ ਦਰਗਾਹ ਮੱਲ ਗੁਰੂ ਹਰਿ ਰਾਇ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਦੀਵਾਨ ਰਹੇ ਸਨ ਅਤੇ ਦਿੱਲੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਲਈ ਗੁਰਿਆਈ ਦਾ ਤਿਲਕ ਬਕਾਲੇ ਇਹੋ ਲੈ ਕੇ ਆਏ ਸਨ। ਬਜ਼ੁਰਗ ਉਮਰ ਹੋਣ ਨਾਤੇ ਗੁਰਿਆਈ ਦੀ ਰਸਮ ਬਾਅਦ ਇਨ੍ਹਾਂ ਨੇ ਸਤਿਗੁਰੂ ਜੀ ਪਾਸੋ ਛੁੱਟੀ ਲੈ ਲਈ ਤੇ ਆਪਣੇ ਭਤੀਜਿਆਂ ਭਾਈ ਮਤੀਦਾਸ ਅਤੇ ਸਤੀਦਾਸ ਨੂੰ ਦੀਵਾਨੀ ਦਾ ਕਾਰੋਬਾਰ ਸੌਂਪਿਆ। ਇਹ ਦੋਵੇਂ ਭਾਈ ਹੀਰਾ ਮੱਲ ਦੇ ਸਪੁੱਤਰ ਸਨ। ਭਾਈ ਮਤੀਦਾਸ ਜੀ ਗੁਰੂ ਸਾਹਿਬ ਦੇ ਦਰਬਾਰੀ ਦੀਵਾਨ ਸਨ ਭਾਵ ਸੰਗਤਾਂ ਨਾਲ ਸੰਪਰਕ ਰੱਖ ਕੇ ਗੁਰੂ ਦਰਬਾਰ ਦਾ ਕੰਮ ਕਾਜ ਦੇਖਦੇ ਸਨ ਅਤੇ ਭਾਈ ਸਤੀਦਾਸ ਜੀ ਘਰਬਾਰੀ ਦੀਵਾਨ ਸਨ ਭਾਵ ਗੁਰੂ ਪਰਿਵਾਰ ਦੀਆਂ ਜ਼ੁੰਮੇਵਾਰੀਆਂ ਨਿਭਾਉਂਦੇ ਸਨ। ਮਹਿਮਾ ਪ੍ਰਕਾਸ਼ ਦੇ ਕਰਤਾ ਸਰੂਪ ਦਾਸ ਭੱਲਾ ਲਿਖਦੇ ਹਨ
ਮਤੀ ਦਾਸ ਗੁਰ ਕੇ ਦੀਵਾਨ ਸਿੱਖੀ ਮੈਂ ਪੂਰਨ ਪ੍ਰਮਾਨ
ਦੋਵੇਂ ਵਾਰੀ ਗ੍ਰਿਫਤਾਰੀ ਸਮੇਂ ਭਾਈ ਮਤੀਦਾਸ ਗੁਰੂ ਜੀ ਨਾਲ ਗ੍ਰਿਫਤਾਰ ਹੋਏ ਅਤੇ ਅਖੀਰ  ਚਾਂਦਨੀ ਚੌਂਕ ਵਿੱਚ ਔਰੰਗਜ਼ੇਬ ਦੀ ਕਚਹਿਰੀ ਵਿੱਚ ਭਾਈ ਮਤੀ ਦਾਸ ਨੂੰ
 ਧਰਮ ਤੋਂ ਥਿੜਕਾਉਣ ਲਈ ਅਨੇਕਾਂ ਤਰ੍ਹਾਂ ਦੇ ਡਰਾਵੇ ਦਿਤੇ  ਅਤੇ ਧਰਮ ਤਬਦੀਲ ਨਾ ਕਰਨ ਤੇ ਆਰੇ ਨਾਲ ਦੋ ਫਾੜ ਕਰਨ ਦਾ ਹੁਕਮ ਸੁਣਾਇਆ । ਇਤਿਹਾਸ ਦੱਸਦਾ ਹੈ ਕਿ ਜਦੋਂ ਭਾਈ ਮਤੀ ਦਾਸ ਜੀ ਨੂੰ ਉਹਨਾਂ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਜੋ ਉਹਨਾਂ ਨੇ ਜਵਾਬ ਦਿੱਤਾ ਉਸ ਦਾ ਜ਼ਿਕਰ ਪ੍ਰਸਿੱਧ ਪੰਜਾਬੀ ਸ਼ਾਇਰ ਫ਼ਿਰੋਜ਼ਦੀਨ ਸ਼ਰਫ ਨੇ ਆਪਣੀ ਕਵਿਤਾ ਵਿੱਚ ਇਸ ਤਰਾਂ ਕੀਤਾ ਹੈ
ਦੂਜੀ ਨੁੱਕਰੇ ਪਿਆ ਜਲਾਦ ਆਖੇ ਮਤੀ ਦਾਸ ਹੁਣ ਹੋਰ ਨਾ ਗੱਲ ਹੋਵੇ
 ਛੇਤੀ ਦੱਸ ਜੇ ਆਖਰੀ ਇੱਛਿਆ ਈ ਇਸੇ ਥਾਂ ਹਾਜ਼ਰ ਇਸੇ ਪਲ ਹੋਵੇ
ਉਹਨੇ ਆਖਿਆ ਹੋਰ ਕੋਈ ਇੱਛਿਆ ਨਹੀਂ ਔਕੜ ਆਖਰੀ ਮੇਰੀ ਇਹੋ ਹੱਲ ਹੋਵੇ
 ਮੇਰੇ ਸੀਸ ਉੱਤੇ ਜਦੋਂ ਚੱਲੇ ਆਰਾ ਮੇਰਾ ਮੂੰਹ  ਗੁਰੂ ਪਿੰਜਰੇ ਵੱਲ ਹੋਵੇ
ਹੁਕਮ ਮਿਲਦਿਆਂ ਹੀ ਜਲਾਦਾਂ ਨੇ ਭਾਈ ਸਾਹਿਬ ਦੇ ਸੀਸ ਤੇ ਆਰਾ ਫੇਰਨਾ ਸ਼ੁਰੂ ਕਰ ਦਿੱਤਾ ਆਰਾ ਸੀਸ ਵਿੱਚ ਖੁਭਿਆ ਲਹੂ ਦੇ ਫੁਟਾਰੇ ਫੁੱਟ ਪਏ ਉਧਰ ਭਾਈ ਮਤੀ ਦਾਸ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਨਾਲ ਨਾਲ ਆਰੇ ਦਾ ਚੀਰ ਪੈ ਰਿਹਾ ਸੀ ਤੇ ਨਾਲ ਨਾਲ ਭਾਈ ਮਤੀ ਦਾਸ ਜੀ ਜਪੁਜੀ ਦਾ ਪਾਠ ਕਰ ਰਹੇ ਸਨ। ਜਦੋਂ ਗੁਰਬਾਣੀ ਦਾ ਪਾਠ ਸੰਪੂਰਨ ਹੋਇਆ  ਭਾਈ ਸਾਹਿਬ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਭਾਈ ਮਤੀ ਦਾਸ ਜੀ ਦੇ ਤਿੰਨ ਸਪੁੱਤਰ ਭਾਈ ਸਾਹਿਬ ਸਿੰਘ ਭਾਈ ਮੁਕੰਦ ਸਿੰਘ ਅਤੇ ਭਾਈ ਚਰਨ ਸਿੰਘ ਸਨ। ਭਾਈ ਸਾਹਿਬ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰਬਾਰੀ ਦੀਵਾਨ ਸਨ ਜੋ ਨਿਰਮੋਹਗੜ੍ਹ ਦੀ ਜੰਗ ਵਿੱਚ ਸ਼ਹੀਦ ਹੋਏ ਭਾਈ ਮੁਕੰਦ ਸਿੰਘ  ਚਮਕੌਰ ਸਾਹਿਬ ਵਿੱਚ ਸ਼ਹੀਦੀ ਪਾ ਗਏ ਸਨ ਅਤੇ ਭਾਈ ਚਰਨ ਦਾਸ ਸਾਧੂ ਰੂਪ ਵਿੱਚ ਵਿਚਰਦੇ ਰਹੇ।
ਭਾਈ ਸਤੀ ਦਾਸ ਜੀ
ਭਾਈ ਸਤੀਦਾਸ ਜੀ ਬਾਬਾ ਹੀਰਾ ਮੱਲ ਦੇ ਸਪੁੱਤਰ ਸਨ ਤੇ ਭਾਈ ਮਤੀਦਾਸ ਦੇ ਛੋਟੇ ਭਾਈ ਸਨ ਜਿੱਥੇ ਮਤੀਦਾਸ ਜੀ ਦਰਬਾਰੀ ਦੀਵਾਨ ਸਨ ਉੱਥੇ ਸਤੀਦਾਸ ਜੀ ਘਰਬਾਰੀ ਦੀਵਾਨ ਸਨ।
ਬੰਸਾਵਲੀਨਾਮਾ ਵਿਚ ਜ਼ਿਕਰ ਆਉਂਦਾ ਹੈ
 ਗੁਰੂ ਤੇਗ ਬਹਾਦਰ ਸਭੇ ਰੱਖ ਲਏ।
 ਚਾਕਰ ਨਫਰ ਮਸੱਦੀ ਜੋ ਗੁਰੂ ਹਰਿਕ੍ਰਿਸ਼ਨ ਦੇ ਗਏ।੩੩।।
 ਦੀਵਾਨ ਦਰਗਹਿ ਮੱਲ ਆਹਾ ਬ੍ਰਹਮਨ ਛਿੱਬਰੁ।
 ਸੋ ਚਰਨੀ ਆਇ ਲੱਗਾ ਤਜਿ ਮਨ ਦਾ ਕਿਬਰੁ।
 ਸਿਰੋਪਾਏ ਦੀਵਾਨੀ ਦਾ ਗੁਰੂ ਤੇਗ ਬਹਾਦਰ ਤਿਸਨੂੰ ਦਿਤਾ ।
ਤਿਸ ਦਾ ਸਰੀਰ ਹੈ ਸੀ ਵੱਡਾ,
 ਉਸ ਨੇ ਕੰਮ ਵਿੱਚ ਦੋਨੋ ਭਤੀਜੇ ਖੜੇ ਕਿਤਾ।੩੪।।
 ਸਤੀਦਾਸ ਮਤੀਦਾਸ ਇਹ  ਦੋਨੋਂ ਭਾਈ ।
ਗੁਰੂ ਕੇ ਘਰਿ ਦੀ ਕੰਮ ਟਹਿਲ ਏਨਾ ਸਭ ਉਠਾਈ ।….
……ਸਤੀਦਾਸ ਮਤੀਦਾਸ ਗੁਰੂ ਤੇਗ ਬਹਾਦਰ ਨੂੰ ਕਹਿਆ ।
ਜੀ ਮੁਸੱਦੀਆ ਮਸੰਦਾਂ ਨੂੰ ਸਿਰੋਪਾਉ ਭੇਜੋ ਜਿੱਥੇ ਕੋਈ ਹੈ ਰਹਿਆ।
(ਬੰਸਾਬਲੀ ਨਾਮਾ ਭਾਈ ਕੇਸਰ ਸਿੰਘ ਛਿੱਬਰ ੧੧੨)
ਭਾਈ ਸਤੀ ਦਾਸ ਜੀ ਫਾਰਸੀ ਦੇ ਬਹੁਤ ਅੱਛੇ ਵਿਦਵਾਨ ਸਨ ਤੇ ਗੁਰੂ ਜੀ ਦੀ ਬਾਣੀ ਫਾਰਸੀ ਅੱਖਰਾਂ ਵਿੱਚ ਲਿਖ ਕੇ ਸੰਭਾਲ ਲੈਂਦੇ ਸਨ । ਬੰਸਾਵਲੀਨਾਮੇ ਵਿੱਚ ਜ਼ਿਕਰ ਹੈ
ਬਾਣੀ ਜੋ ਸਾਹਿਬ ਕਰਨ ਉਚਾਰੁ
ਸੋ ਸਤੀ ਦਾਸ ਨਿਤ ਕਰੇ ਫਾਰਸੀ ਅਖਰਾਂ ਵਿੱਚ ਉਤਾਰੁ।…
 ਨਿਤ ਸਾਹਿਬ ਬਾਣੀ ਉਚਾਰਦੇ ਜਾਨ।
ਅਤੇ ਸਤੀ ਦਾਸ ਲਿਖ ਲਿਖ ਰਖਨ ਅਮਾਨ। ਬਾਣੀ ਬਹੁਤ ਆਹੀ ਸਤੀਦਾਸ ਪੁਰਸ ਲਿਖੀ ਹੋਈ ਤੁਰਕਾਂ ਨੇ ਖੋਹਿ ਲੀਤੀ ਸੋਈ ।
ਗੁਰੂ ਦਰਬਾਰ ਦੇ ਚਿੱਠੀ ਪੱਤਰ ਦਾ ਕੰਮ ਵੀ ਭਾਈ ਸਤੀ ਦਾਸ ਜੀ ਹੀ ਕਰਦੇ ਸਨ ਕਿਉਂਕਿ ਆਪ ਗੁਰਮੁਖੀ  ਵੀ ਸੁੰਦਰ ਲਿਖ ਲੈਂਦੇ ਸਨ।
ਭਾਈ ਸਾਹਿਬ ਨੇ ਸਾਰੀ ਉਮਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਗ ਸੰਗ ਰਹਿ ਕੇ ਉਹਨਾਂ ਦੀ ਸੇਵਾ ਕਰਦਿਆਂ ਬਿਤਾਈ ਅਤੇ ਆਖਰੀ ਸਮੇਂ ਵੀ ਗੁਰੂ ਸਾਹਿਬ ਦੇ ਸਨਮੁਖ ਭਾਈ ਸਾਹਿਬ ਨੂੰ ਰੂੰ ਵਿੱਚ ਲਪੇਟ ਕੇ ਜਿਉਂਦਿਆਂ ਨੂੰ ਅੱਗ ਲਾ ਕੇ ਸ਼ਹੀਦ ਕੀਤਾ ਗਿਆ।।
 ਤਿੰਨਾਂ ਗੁਰੂ ਸਿੱਖਾਂ ਦੇ ਸਿਦਕ ਭਰੋਸੇ ਤੇ ਦ੍ਰਿੜਤਾ ਮੂਹਰੇ ਹਿੰਦੁਸਤਾਨ ਦਾ ਤਾਕਤਵਰ ਬਾਦਸ਼ਾਹ ਔਰੰਗਜ਼ੇਬ ਹਾਰ ਗਿਆ। ਗੁਰੂ ਕੀਆਂ ਸਾਖੀਆਂ ਵਿੱਚ ਇਹਨਾਂ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਸ੍ਵਰੂਪ ਸਿੰਘ ਕੋਸ਼ਿਸ਼ ਨੇ ਲਿਖਿਆ ਹੈ
 ਸ਼ਾਹੀ ਕਾਜੀ ਨੇ ਪ੍ਰਿਥਮੇਂ ਇਨ ਤੀਨ ਸਿਖੋਂ ਕੋ ਫਤਵਾ ਦੀਆ, ਕਹਾ- ਇਹ ਤੀਨੋ ਏਸ ਕੇ ਸਾਥੀ ਏਸ ਕੇ ਸਾਹਵੇਂ ਮਾਰ ਦੀਏ ਜਾਏਂ ।ਅਗਰ ਫਿਰ ਵੀ ਨਾ ਮਾਨਾ ਤਾਂ ਇਸੇ ਵੀ ਅਗਲੇ ਜਹੱਨਮ ਤੋਰ ਦੀਆ ਜਾਏ। ਅੱਵਲ ਦਿਆਲ ਦਾਸ ਕੋ ਏਕ ਰੀਝਤੇ ਦੇਗੇ ਮੇਂ ਬੰਦ ਕਰਕੇ ਮਾਰਾ ।ਇਸ ਕੇ ਬਾਦ ਮਤੀਦਾਸ ਕੋ ਆਰੇ ਗੈਲ ਚੀਰਾ ਗਿਆ। ਉਪਰੰਤ ਗੁਰੂ ਜੀ ਕੇ ਤੀਜੇ ਸਾਥੀ ਸਤੀ ਦਾਸ ਕੋ ਰੂੰਈ ਮੇ ਵਲ੍ਹੇਟ ਜਿੰਦਾ ਜਲਾਇ ਦੀਆ। ਇਨ ਤੀਨ ਸਿੱਖੋਂ ਕੀ ਸ਼ਹਾਦਤ ਗੁਰੂ ਜੀ ਨੇ ਆਖੋਂ ਸੇ ਦੇਖੀ। ਬਚਨ ਹੋਆ, ‘ਧੰਨ ਸਿੱਖੀ ਧੰਨ ਸਿੱਖੀ ‘ਕਹਿ ਕੇ ਬੋਲੇ, ਇਨ ਸਿੱਖੋਂ ਕੀ ਸ਼ਹਾਦਤ ਨੇ ਤੁਰਕ ਰਾਜ ਕੀਆਂ ਜੜ੍ਹਾਂ ਖੋਖਲੀਆਂ ਕਰ ਦਈ ਹੈਂ ,ਇਹ ਰਾਜ ਜ਼ਿਆਦਾ ਸਮਾਂ ਨਹੀਂ ਰਹੇਗਾ ।ਜਬ ਤੀਕ ਜ਼ਿਮੀ ਤੇ ਅਸਮਾਨ ਖਲਾ ਹੈ ਅਤੇ ਚਾਂਦ ਤੇ ਸੂਰਜ ਕਾਇਮ ਹੈ, ਇਨ ਕਾ ਨਾਉਂ ਦੁਨੀਆ ਮੇਂ ਰੌਸ਼ਨ ਰਹੇਗਾ। ਇਨ ਤੀਨ ਸਿੱਖੋਂ ਕੀ ਸ਼ਹਾਦਤ ਦੇਖ ਸਾਰੇ ਹਾਹਾਕਾਰ ਮੱਚ ਗਈ, ਸਭ ਕੇ ਮੁਖ ਥੀਂ ਨਿਕਲ ਰਹਾ ਥਾ ਕਿ ਜ਼ੁਲਮੀ ਰਾਜ ਸਦਾ ਇਸਥਿਤ ਨਹੀਂ ਰਹੇਗਾ।  (ਸੰਪਾਦਕ ਪ੍ਰੋਫੈਸਰ ਪਿਆਰਾ ਸਿੰਘ ਪਦਮ ਪੰਨਾ  83 ਗੁਰੂ ਕੀਆਂ ਸਾਖੀਆਂ)
ਇਹਨਾਂ ਤਿੰਨਾਂ ਸ਼ਹੀਦਾਂ ਵਿੱਚੋਂ ਪਹਿਲਾਂ ਕੌਣ ਸ਼ਹੀਦ ਹੋਇਆ ਇਸ ਬਾਰੇ ਵੀ ਲੇਖਕਾਂ ਦੀ ਰਾਇ ਵੱਖੋ ਵੱਖਰੀ  ਹੈ। ਇਹ ਵੀ ਨਹੀਂ ਹੋ ਸਕਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਅਤੇ ਤਿੰਨੇ ਸਿੱਖਾਂ ਨੂੰ ਇੱਕੋ ਦਿਨ ਹੀ ਸ਼ਹੀਦ ਕੀਤਾ ਗਿਆ ਹੋਵੇ ਕਿਉਂਕਿ ਹਕੂਮਤ ਦਾ ਇਰਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਸਿਦਕ ਤੋਂ ਥਿੜਕਾਉਣ ਦਾ ਸੀ ਇਸ ਕਰਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਪਹਿਲਾਂ ਉਹਨਾਂ ਦੇ ਸਿੱਖਾਂ ਨੂੰ ਸ਼ਹੀਦ ਕਰਨਾ ਸ਼ੁਰੂ ਕੀਤਾ। ਇਹ ਵੀ ਨਹੀਂ ਹੋ ਸਕਦਾ ਕਿ ਤਿੰਨਾਂ ਸਿੱਖਾਂ ਦੀ ਸ਼ਹੀਦੀ ਇੱਕ ਦਿਨ ਹੀ ਹੋਈ ਹੋਵੇ ਕਿਉਂਕਿ ਉਹ ਤਾਂ ਗੁਰੂ ਸਾਹਿਬ  ਦੇ ਸਿਦਕ ਨੂੰ ਪਰਖ ਰਹੇ ਸਨ।ਹੋ ਸਕਦਾ ਹੈ ਕਿ ਇੱਕ ਇੱਕ ਦਿਨ ਕਰਕੇ ਇਹਨਾਂ ਤਿੰਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਹੋਵੇ ਪਰ ਇਹਨਾ  ਮਰਜੀਵੜਿਆਂ ਨੂੰ ਜਿਨ੍ਹਾਂ ਨੇ ਆਪਣਾ ਆਪ ਗੁਰੂ ਸਾਹਿਬ ਤੋਂ ਕੁਰਬਾਨ ਕਰ ਦਿੱਤਾ ਅਤੇ ਸਿੱਖੀ ਨੂੰ  ਕੇਸਾਂ ਸੁਆਸਾਂ ਸੰਗ ਨਿਭਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਧਰਮ ਨਹੀਂ ਹਾਰਿਆ ਆਰਿਆਂ ਨਾਲ ਚਿਰਾਏ ਗਏ ਦੇਗਾਂ ਵਿੱਚ ਉਬਾਲੇ ਗਏ ਅਤੇ ਰੂੰ ਵਿੱਚ ਲਪੇਟ ਕੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ
ਤਿਨ੍ਹਾਂ ਦੀ ਕੁਰਬਾਨੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਡਾ  ਅਮਨਦੀਪ ਸਿੰਘ ਟੱਲੇਵਾਲੀਆ
 ਬਾਬਾ ਫਰੀਦ ਨਗਰ ਕਚਹਿਰੀ ਚੌਕ ਬਰਨਾਲਾ
9814699446