ਪੰਜਾਬ ਦੀ 25 ਲੱਖ ਤੋਂ ਉੱਪਰ ਆਬਾਦੀ ਵਿਦੇਸ਼ਾਂ ਚ ਵਸੀ ਹੈ। ਤਤਕਾਲੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜੋਗਿੰਦਰ ਸਿੰਘ ਪਵਾਰ ਨੇ ਪ੍ਰਵਾਸ ਦੇ ਰੁਝਾਨ ਰੋਕਣ ਲਈ ਰੁਜ਼ਗਾਰ ਗਰੰਟੀ ਘੜਨ ਦੀ ਨਸੀਹਤ ਦਿੱਤੀ ਸੀ। ਪੰਜਾਬ ਵਿੱਚ ਇੱਕ ਵਾਰ ਸਕਿਲਡ ਸੈਂਟਰ ਅਤੇ ਆਈਟੀ ਆਈਜ਼ ਸਥਾਪਿਤ ਹੋਈਆਂ ਹਨ। ਪਰ ਇਹ ਇਹਨਾਂ ਵਿੱਚੋਂ ਨਿਕਲੇ ਨੌਜਵਾਨਾਂ ਨੂੰ ਅੱਗੇ ਕੋਈ ਸੁਰੱਖਿਤ ਰਸਤਾ ਨਹੀਂ ਦਿਖਿਆ। ਇਹ ਇੱਕ ਵੱਡਾ ਕਾਰਨ ਹੈ ਪੰਜਾਬ ਦੀ ਬੇਰੁਜ਼ਗਾਰੀ ਦਰ 2019 ਵਿੱਚ 8.2 ਸੀ। ਕਨੇਡਾ ਦੀ ਵਸੋਂ ਦਾ 1.3 ਪ੍ਰਤੀਸ਼ਤ ਪੰਜਾਬੀ ਹਨ। ਪੰਜਾਬ ਚ 55 ਲੱਖ ਘਰ ਹਨ 2014 ਤੋਂ 2021 ਤੱਕ 54.36 ਲੱਖ ਪਾਸਪੋਰਟ ਬਣੇ। ਪੰਜਾਬ ਚ 14 ਪਾਸਪੋਰਟ ਕੇਂਦਰ 7 ਤੋਂ 11 ਦਿਨਾਂ ਦੇ ਅੰਦਰ ਅੰਦਰ ਪਾਸਪੋਰਟ ਬਣਾਉਂਦੇ ਹਨ। 2018 ਚ 6031, 2019 ਚ 73574, 2020 ਚ 3312 ਅਤੇ ਕਰੋਨਾ ਕਾਲ ਵਿੱਚ ਕੁੱਝ ਮੱਧਮ ਪਏ। ਕਰੋਨਾ ਨੇ ਅੰਕੜੇ ਥੰਮੇ ਸਨ। ਸਿਰਫ ਕਨੇਡਾ ਦਾ ਰੁਝਾਨ 2014 -16 ‘ਚ ਜਿਆਦਾ ਵਧਿਆ ਸੀ, ਇਸ ਸਮੇਂ 75,000 ਪੰਜਾਬੀ ਕਨੇਡਾ ਗਏ ਸਨ।ਉਸ ਤੋਂ ਬਾਅਦ ਚੱਲ ਸੋ ਚੱਲ। ਕੈਨੇਡਾ ਨੇ 200 ਕਾਲਜ ਵਿਦੇਸ਼ੀਆਂ ਲਈ ਖੋਲੇ ਸਨ । ਜਿਸਦਾ ਟੀਚਾ 4,9400 ਸੀ। 2018 ਵਿੱਚ 25 ਹਜ਼ਾਰ ਵਿਦਿਆਰਥੀ ਆਸਟਰੇਲੀਆ ਗਏ। ਹਰ ਸਾਲ 27 ਹਜਾਰ ਕਰੋੜ ਰੁਪਈਆ ਪੰਜਾਬੀਆਂ ਦਾ ਵਿਦੇਸ਼ੀ ਖਾਤਿਆਂ ਵਿੱਚ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਉੱਥੋਂ ਦੇ ਕਾਲਜ ਮਨਮਰਜ਼ੀ ਕਰਕੇ ਨੌਜਵਾਨਾਂ ਦਾ ਸ਼ੋਸਣ ਵੀ ਕਰਦੇ ਹੋਣਗੇ।
ਸਭ ਤੋਂ ਮਾੜਾ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਕਰਨਾ। ਪੰਜਾਬੀ ਇੱਕ ਸਮੇਂ ਤਾਂ ਗੈਰਕੁਨੀ ਪ੍ਰਵਾਸ ਨੂੰ ਆਪਣੀ ਹੋਬੀ ਸਮਝਦੇ ਸਨ। ਪਨਾਮਾ ਜੰਗਲ ਅਤੇ ਕਿਸ਼ਤੀਆਂ ਦਾ ਡੁੱਬਣਾ ਵੀ ਗੈਰ ਕਾਨੂੰਨੀ ਪ੍ਰਵਾਸ ਦੀ ਗਤੀ ਨੂੰ ਮੱਧਮ ਨਹੀਂ ਕਰ ਸਕਿਆ।ਇਸ ਤੋਂ ਸਾਡੇ ਸਿਸਟਮ ਦਾ ਪਤਾ ਚਲਦਾ ਹੈ ਕਿ ਕਿੰਨਾ ਜੋਖ਼ਮ ਉੱਠਾ ਕੇ ਵੀ ਸਾਡੇ ਨੌਜਵਾਨ ਗੈਰ ਕਾਨੂੰਨੀ ਪ੍ਰਵਾਸ ਨੂੰ ਤਰਜੀਹ ਦਿੰਦੇ ਹਨ।ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸ ਘੱਟ ਕਰਨ ਦੇ ਚੋਣ ਵਾਅਦੇ ਨਾਲ ਅਮਰੀਕਾ ਚ ਪ੍ਰਵਾਸ ਦੀ ਗਤੀ ਮੱਧਮ ਹੋਈ ਹੈ ।ਅਮਰੀਕਾ ਵਿੱਚ ਸਰਹੱਦ ਪਾਰ ਕਰਨ ਵਾਲੇ ਜਿਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਹਨਾਂ ਦੀ ਗਿਣਤੀ ਪਿਛਲੇ 50 ਸਾਲਾਂ ਦੇ ਇਤਿਹਾਸ ਦੇ ਹੇਠਲੇ ਪੱਧਰ ਤੇ ਆ ਗਈ ਹੈ। ਸਤੰਬਰ 2025 ਵਿੱਚ ਅਮਰੀਕਾ ਮੈਕਸੀਕੋ ਸਰਹੱਦ ਤੇ 11647 ਲੋਕਾਂ ਨੂੰ ਹਿਰਾਸਤ ਲਿਆ ਗਿਆ, ਜਦਕਿ ਸਤੰਬਰ 2024 ਵਿੱਚ ਇਹ ਗਿਣਤੀ ਇਕ 101000 ਹੋ ਗਈ,2023 ਸਤੰਬਰ ਵਿੱਚ 69700 ਸੀ। ਇਸ ਤੋਂ ਜ਼ਾਹਿਰ ਹੈ ਕਿ ਟਰੰਪ ਦਾ ਚੋਣ ਵਾਅਦੇ ਵਾਲਾ ਪੱਤਾ ਕੰਮ ਕਰ ਗਿਆ। 2025 ‘ਚ ਅਮਰੀਕਾ ਨੇ 3528 ਭਾਰਤੀ ਡਿਪੋਰਟ ਕੀਤੇ, 2024 ਵਿੱਚ ਇਹ ਗਿਣਤੀ 1368 ਸੀ, ਜਦ ਕਿ 2023 ਵਿੱਚ ਇਹ ਗਿਣਤੀ 617 ਸੀ। ਮਨੁੱਖੀ ਸਮਗਲਿੰਗ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਸ ਤੋਂ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਜਾਂਦੇ ਹਨ। ਸਟੇਟਸ ਸਿੰਬਲ ਅਤੇ ਲੈ-ਨੱਠ ਰੀਸੋ ਰੀਸ ਕਰਕੇ ਵੀ ਪੰਜਾਬੀ ਪ੍ਰਵਾਸ ਦੀ ਚੱਕੀ ਵਿੱਚ ਪਿਸ ਰਹੇ ਹਨ।
ਪ੍ਰਵਾਸ ਦਾ ਸਾਡੇ ਪੰਜਾਬ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਪਤਾ ਨਹੀਂ ਨੈਤਿਕ ਨਾਬਰੀ ਵਿੱਚੋਂ ਗੁਜਰਦਾ ਹੋਇਆ ਵੀ ਪ੍ਰਵਾਸ ਵੱਲ ਕਿਵੇਂ ਦੀਵਾਨਾ ਹੋ ਗਿਆ। ਇਹ ਗੱਲ ਸਮਝ ਤੋਂ ਬਾਹਰ ਹੈ। ਦੁਨੀਆਂ ਦੇ ਪ੍ਰਵਾਸੀਆਂ ਵਿੱਚੋਂ ਇੱਕ ਵੀਹਵਾਂ ਭਾਰਤ ਵਿੱਚ ਪੈਦਾ ਹੋਇਆ ਹੈ। ਇਹ ਅੰਕੜਾ ਵਿਸ਼ਵ ਵਿਆਪੀ ਪ੍ਰਵਾਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਵਿਸ਼ਵ ਪ੍ਰਵਾਸ ਰਿਪੋਰਟ 2024 ਤਹਿਤ ਸਾਲ 2022 ਤੱਕ ਭਾਰਤ ਚ ਪੈਦਾ ਹੋਏ ਲਗਭਗ 1.8 ਕਰੋੜ ਲੋਕ ਦੁਨੀਆਂ ਦੇ ਦੂਜੇ ਦੇਸ਼ਾਂ ਵਿੱਚ ਜਾ ਕੇ ਵਸ ਗਏ। ਪਿਛਲੇ 25 ਸਾਲਾਂ ਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਦੁਗਣੀ ਤੋਂ ਵੀ ਵੱਧ ਗਈ।ਦੁਬਈ ਯੂਏਈ ਵਿੱਚ 35 ਲੱਖ ਪ੍ਰਵਾਸੀ ਭਾਰਤੀ ਹਨ। ਅਮਰੀਕਾ ਅਤੇ ਸਾਊਦੀ ਅਰਬ ਵਿਚ 27 ਅਤੇ 25 ਲੱਖ ਪ੍ਰਵਾਸੀ ਹਨ। ਅਮਰੀਕਾ ਦੀ ਇੱਕ ਆਡਿਟ ਪ੍ਰਕਿਰਿਆ ਮੁਕੰਮਲ ਕੀਤੀ ਗਈ ਜਿਸ ਚ 17 ਹਜ਼ਾਰ ਵਪਾਰਕ ਡਰਾਈਵਰ ਲਾਇਸੰਸ ਰੱਦ ਕੀਤੇ ਗਏ। ਇਹ ਲਾਇਸੈਂਸ ਉਹਨਾਂ ਲੋਕਾਂ ਦੇ ਸਨ ਜਿਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਰਹਿਣ ਦੀ ਆਗਿਆ ਨਹੀਂ ਸੀ।ਉਹ ਗੈਰਕਨੂੰਨੀ ਰਹਿ ਰਹੇ ਸਨ।
ਪੰਜਾਬ ਵਿੱਚ ਪ੍ਰਵਾਸ ਦਾ ਸੱਭਿਆਚਾਰ ਤੇ ਪ੍ਰਭਾਵ ਉਦੋਂ ਪੈਣਾ ਸ਼ੁਰੂ ਹੋਇਆ ਜਦੋਂ ਚਾਰ ਦਹਾਕੇ ਪਹਿਲਾਂ ਦੁਬਈ ਜਾਣਾ ਸ਼ੁਰੂ ਹੋਇਆ ਦੁਬਈ ਪੱਕੇ ਨਹੀਂ ਹੁੰਦੇ ਸਨ। ਪੰਜਾਬੀ ਲੋਕ ਕਮਾਈ ਲਈ ਜਾਂਦੇ ਸਨ ਤੇ ਕੁਝ ਟਾਈਮ ਕਮਾ ਕੇ ਜਵਾਨੀ ਦੇ ਦਿਨਾਂ ਵਿੱਚ ਵਾਪਸ ਆ ਜਾਂਦੇ ਸਨ। ਉਸ ਤੋਂ ਬਾਅਦ ਆਪਣਾ ਜੀਵਨ ਪੰਜਾਬ ਵਿੱਚ ਬਸਰ ਕਰਕੇ ਪੰਜਾਬੀ ਸੱਭਿਆਚਾਰ ਪ੍ਰਤੀ ਸਮਰਪਿਤ ਰਹਿੰਦੇ ਸਨ। ਸਾਡੇ ਗੀਤਾਂ ਸੰਗੀਤਾਂ ਰੀਤੀਆਂ ਵਿੱਚ ਵੀ ਪ੍ਰਵਾਸ ਦਾ ਅਸਰ ਹੈ। ਹੇਠ ਲਿਖੀ ਬੋਲੀ ਇਸਦੀ ਗਵਾਹੀ ਹੈ,” ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਰੰਬੇ, ਡੁਬਈ ਲੈ ਗਈ ਪੁੱਟ ਕੇ, ਸਾਰੇ ਰੌਣਕੀ ਬੰਦੇ” ਹਾਂ ਇੱਕ ਗੱਲ ਜ਼ਰੂਰ ਹੈ ਸਾਡੇ ਪ੍ਰਵਾਸੀਆਂ ਨੇ ਵਿਦੇਸ਼ਾਂ ਵਿੱਚ ਵੀ ਸੱਭਿਆਚਾਰ ਸਾਂਭ ਕੇ ਰੱਖਿਆ ਹੋਇਆ ਹੈ ।ਪ੍ਰਵਾਸ ਕਰਕੇ ਜਦੋਂ ਨਵੀਂ ਜਗ੍ਹਾ ਜਾਂਦੇ ਹਾਂ ਤਾਂ ਉੱਥੋਂ ਦਾ ਸੱਭਿਆਚਾਰ ਕਬੂਲਣਾ ਪੈਂਦਾ ਹੈ। ਮਾਣਮੱਤੇ ਪੰਜਾਬੀਆਂ ਨੇ ਆਪਣਾ ਸੱਭਿਆਚਾਰ ਵਿਦੇਸ਼ਾਂ ਵਿੱਚ ਵੀ ਸਾਂਭ ਕੇ ਰੱਖਿਆ ਹੋਇਆ ਹੈ।ਹੁਣ ਤਾਂ ਸੋਸ਼ਲ ਮੀਡੀਏ ਨੇ ਕੰਮ ਸੁਖਾਲਾ ਕਰ ਦਿੱਤਾ ਹੈ ।ਜਦੋਂ ਪੰਜਾਬ ਨੂੰ ਪ੍ਰਵਾਸ ਦੀ ਹੋੜ ਵਿੱਚ ਦੇਖਿਆਂ ਜਾਂਦਾ ਹੈ ਤਾਂ ਇੱਕ ਗੱਲ ਸ਼ਸ਼ ਮੀਸ਼ਾ ਜੀ ਦੀ ਨਜ਼ਮ ਵਿੱਚੋਂ ਸੰਭਲਣ ਦਾ ਮੌਕਾ ਦਿੰਦੀ ਹੈ, “ਪੱਤੀ ਪੱਤੀ ਵਲੂੰਧਰੀ ਗਈ, ਉਸ ਦੀ, ਸ਼ਰਫ ਕਰਦਾ ਸੀ, ਜਿਹੜੇ ਪੰਜਾਬ ਦੀ ਗੱਲ” ਓਪਰੇ ਮਾਹੌਲ ਵਿੱਚ ਵਿਚਰਨ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਬਾਬੂ ਫ਼ਿਰੋਜ਼ਦੀਨ ਸ਼ਰਫ ਦੀ ਇਹ ਸਤਰ ਵੀ ਯਾਦ ਆਉਂਦੀ ਹੋਵੇਗੀ, “ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ, ਜਿਵੇਂ ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ”
ਮਿਹਨਤ ਕਰਨੀ, ਕਮਾਉਣਾ ਅਤੇ ਰੁਜ਼ਗਾਰ ਪਾਲਣਾ ਮਾੜੀ ਗੱਲ ਨਹੀਂ ਹੈ ।ਰੌਲਾ ਇਹ ਹੈ ਜਦੋਂ ਪ੍ਰਵਾਸ ਵਿੱਚੋਂ ਆਵਾਸ ਪੈਦਾ ਹੁੰਦਾ ਹੈ ਤਾਂ ਪੰਜਾਬ ਨੂੰ ਹਰ ਪੱਖੋਂ ਨੁਕਸਾਨ ਹੁੰਦਾ ਹੈ।
ਅੱਜ ਪੰਜਾਬ ਪ੍ਰਵਾਸ ਸਬੰਧੀ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਖੁਸ਼ੀ ਨਾਲ ਅਤੇ ਲਾਚਾਰੀ ਨਾਲ ਕੀਤੇ ਗਏ ਪ੍ਰਵਾਸ ਵਿੱਚ ਫ਼ਰਕ ਹੁੰਦਾ ਹੈ। ਅੱਜ ਭਾਵੇਂ ਸਰਕਾਰ ਨੇ ਨੌਜਵਾਨਾਂ ਪ੍ਰਤੀ ਨੌਕਰੀਆਂ ਦੇਣ ਦੇ ਯਤਨ ਜਾਰੀ ਰੱਖੇ ਹੋਏ ਹਨ, ਪਰ ਫਿਰ ਵੀ ਨੌਜਵਾਨ ਠੱਗਿਆ ਅਤੇ ਅਸੁੱਰਖਿਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਵਿੱਚੋਂ ਪ੍ਰਵਾਸ ਲਈ ਗਿਆ ਪੈਸਾ ਉਥੋਂ ਦੇ ਅਰਥਚਾਰੇ ਨੂੰ ਮਜਬੂਤ ਕਰ ਰਿਹਾ ਹੈ। ਮਾਹਰ ਦੱਸਦੇ ਹਨ ਕਿ ਭਵਿੱਖੀ ਪੰਜਾਬ ਦੀ ਚਿੰਤਾ ਇਹ ਹੈ ਕਿ ਪ੍ਰਵਾਸ ਦਾ ਯੂ ਟਰਨ ਔਖਾ ਹੈ। ਇਸ ਨਾਲ ਲੱਖਾਂ ਪੰਜਾਬੀ ਆਪਣੇ ਪੇਟ ਨੂੰ ਗੰਢ ਮਾਰ ਕੇ ਵਿਕਸਿਤ ਦੇਸ਼ਾਂ ਨੂੰ ਹੋਰ ਮਜ਼ਬੂਤ ਕਰਨ ਤੇ ਤੁਲੇ ਹੋਏ ਹਨ। ਮਾਹੌਲ ਇਹ ਵੀ ਬਣ ਜਾਂਦਾ ਹੈ ਕਿ ਪੰਜਾਬੀਆਂ ਅੰਦਰ ਪੰਜਾਬ ਪ੍ਰਤੀ ਡਰ ਭੈਅ ਹਊਆ ਬਣਿਆ ਰਹਿੰਦਾ ਹੈ। ਪੰਜਾਬ ਲਈ ਪੰਜਾਬੀਆਂ ਦੀ ਇਹ ਬੇਵਿਸਾਹੀ ਬੇਹੱਦ ਫਿਕਰ ਵਾਲਾ ਵਿਸ਼ਾ ਬਣ ਗਈ ਹੈ।ਜਿਸ ਲਈ ਵੇਲਾ ਬੀਤਣ ਤੋਂ ਬਾਅਦ ਜਾਗਣ ਨਾਲ ਹੋਰ ਵੀ ਔਖਾ ਹੋ ਜਾਵੇਗਾ। ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਪੰਜਾਬ ਦਾ ਪ੍ਰਵਾਸ ਨਾਲ ਪੁਰਾਣਾ ਰਿਸ਼ਤਾ ਹੈ ਉਸ ਤਰਜ਼ ਤੇ ਦੇਖਿਆ ਜਾਵੇ ਤਾਂ ਸਾਡੀ ਪਹਿਲੀ ਪੀੜ੍ਹੀ ਆਰਥਿਕਤਾ ਦੀ ਝੰਬੀ ਪ੍ਰਵਾਸ ਕਰ ਗਈ,ਦੂਜੀ ਪੀੜ੍ਹੀ ਹੋਂਦ ਦੀ ਲੜਾਈ ਵਿੱਚ ਭਟਕ ਕੇ ਗਈ,ਤੀਜੀ ਪੀੜ੍ਹੀ ਸਵੈਮਾਣ ਅਤੇ ਸਵੈ ਹੋਂਦ ਲਈ ਗਈ,ਚੌਥੀ ਪੀੜ੍ਹੀ ਉੱਥੋਂ ਦੇ ਕਲਚਰ ਵਿੱਚ ਢਲ ਗਈ। ਇਹਨਾਂ ਵਲ ਦੇਖਕੇ ਐਥੇ ਵਾਲੇ ਹੋਰ ਵੀ ਆਕਰਸ਼ਿਤ ਹੋ ਰਹੇ ਹਨ। ਪਹਿਲੇ ਪ੍ਰਵਾਸ ਮੁਸ਼ਕਲ ਵਾਲਾ ਹੁੰਦਾ ਹੈ। ਸਥਿਤੀਆਂ ਅਤੇ ਪ੍ਰਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ।ਹੁਣ ਵੀ ਲਚਾਰੀ ਅਤੇ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਪ੍ਰਵਾਸ ਦੀ ਸਮੱਸਿਆ ਦਾ ਹੱਲ ਲੱਭਣਾ ਸਰਕਾਰ ਦੇ ਜ਼ਿੰਮੇ ਹੈ। ਸਰਕਾਰੀ ਢਾਂਚੇ ਨੂੰ ਸੁਧਾਰ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਪੰਜਾਬੀ ਅਵਾਮ ਖੁਦ ਵੀ ਸੋਚੇ। ਨੌਜਵਾਨ ਅਜਿਹੇ ਤਾਣੇ ਬਾਣੇ ਵਿੱਚ ਫਸ ਗਏ ਹਨ ਕਿ ਕੋਈ ਸੰਘਰਸ਼ ਵੀ ਨਹੀਂ ਕਰ ਸਕਦੇ।ਉਹ ਤਾਂ ਪ੍ਰਵਾਸ ਕਾਰਨ ਮਾਪਿਆਂ ਸਮੇਤ ਸਿਰ ਚੜ੍ਹੇ ਕਰਜ਼ੇ ਦੀ ਪੀੜਾਂ ਹੰਢਾ ਰਹੇ ਹਨ। ਪੰਜਾਬ ਚ ਰੁਜ਼ਗਾਰ ਦੇ ਨਾਕਾਫੀ ਮੌਕੇ ਮੌਜੂਦਾ ਸਰਕਾਰ ਸਹੀ ਕਰਨ ਵਲ ਕਦਮ ਚੁੱਕ ਰਹੀ ਹੈ। ਇੱਥੇ ਕੁਨਬਾ ਪ੍ਰਸਤੀ, ਬੇਇਨਸਾਫ਼ੀ, ਗੁੰਡਾਗਰਦੀ ਅਤੇ ਪੁਲਿਸ ਦਾ ਅਮਾਨਵੀ ਵਿਵਹਾਰ ਖਤਮ ਹੋਣਾ ਚਾਹੀਦਾ ਹੈ। ਇੱਥੇ ਮਾਪੇ ਅੱਜ ਵੀ ਕਹਿੰਦੇ ਹਨ ਕਿ ਅਸੀਂ ਤਾਂ ਲੰਘਾ ਲਈ ਤੁਸੀਂ ਬਾਹਰ ਜਾ ਕੇ ਸੁਰੱਖਿਅਤ ਹੋ ਜਾਓ। ਅਜਿਹਾ ਕਿਉਂ? ਇੱਕ ਪ੍ਰੀਵਾਰ ਦੇ ਪ੍ਰਵਾਸ ਵਾਲੇ ਬੱਚੇ ਨੂੰ ਮਾਂ ਪਿਓ ਮਿਲਣ ਜਾਂਦੇ ਹਨ ਤਾਂ ਚਾਰ ਪੰਜ ਲੱਖ ਦਾ ਫਾਇਦਾ ਦੂਜੇ ਮੁਲਕ ਨੂੰ ਦੇ ਆਉਂਦੇ ਹਨ। ਪੰਜਾਬ ਅਤੇ ਪੰਜਾਬੀ ਉਸੇ ਕਾਇਨਾਤ ਦਾ ਹਿੱਸਾ ਹਨ ਜਿਸ ਵਿੱਚ ਕਾਰਪੋਰੇਟ ਵਲ ਝੁਕਾ ਹੈ। ਹੁਣੇ ਹਵਾਈ ਲਫ਼ੜਾ ਹੋਇਆ ਹਵਾਈ ਟਿਕਟ ਵਧਾ ਦਿੱਤੀ।ਕੀ ਪੰਜਾਬੀ ਆਪਣੀ ਫਸਲ ਦਾ ਭਾਅ ਵਧਾ ਸਕਦੇ ਹਨ। ਨਹੀਂ ਕਦਾਚਿੱਤ ਨਹੀਂ। ਮੌਜੂਦਾ ਸਰਕਾਰ ਦੇ ਨਿਵੇਸ਼ ਦੇ ਯਤਨ ਜਾਰੀ ਹਨ,ਪਰ ਆਰਥਿਕ ਅਤੇ ਸਿਹਤ ਪੱਖੋਂ ਸੂਬਾ ਸਹਿਕਦਾ ਹੈ। ਉਜ਼ਰਤਾਂ ਘੱਟ ਹਨ।ਇਸ ਸਮੁੱਚੇ ਜ਼ੁਲਮ ਵਿਰੁੱਧ ਪੰਜਾਬੀ ਨੌਜਵਾਨ ਬੇਵੱਸ ਹਨ। ਪਿਛਲੀਆਂ ਸਰਕਾਰਾਂ ਪ੍ਰਵਾਸ ਨੂੰ ਰੋਕਣ ਚ ਠੋਸ ਉਪਰਾਲੇ ਨਹੀਂ ਕਰ ਸਕੀਆਂ। ਹੁਣ ਤਾਂ ਪੰਜਾਬੀ ਪ੍ਰਵਾਸ ਲੋਚਦੇ ਹਨ। ਪੰਜਾਬ ਨੂੰ ਹਮੇਸ਼ਾ ਛੱਡਦੇ ਹੋਏ ਕਿਸੇ ਸ਼ਾਇਰ ਦੀ ਜ਼ਬਾਨੀ ਇਹ ਗਵਾਹੀ ਭਰਦੇ ਹਨ,
“ਅਸੀਂ ਹਵਾਈ ਅੱਡਿਆਂ ਤੇ ਖੜੇ ਹਾਂ, ਅਸੀਂ ਵਾਪਿਸ ਨਹੀਂ ਆਉਣਾ,ਇਹ ਨਾੜੂ ਅਸੀਂ ਵੱਢ ਦਿੱਤਾ ਏ, ਅਸੀਂ ਪ੍ਰਦੇਸ਼ ਜਾਵਾਂਗੇ, ਪਿੰਡ ਆਪਣੇ ਉੱਥੇ ਵਸਾਵਾਂਗੇ, ਗੁਰੂ ਘਰ ਬਣਾ ਅਰਦਾਸ ਕਰਾਂਗੇ, ਪਿੰਡ ਪਿਛਲਾ ਵਸਦਾ ਰਹੇ, ਗੁਆਂਢੀਆਂ ਦਾ ਬਾਪੂ ਹੱਸਦਾ ਰਹੇ,ਸਾਡੇ ਨਾਲ ਨਾਰਾਜ਼ ਨਾ ਹੋਣਾ,ਬਿਰਖ ਤੋਂ ਵੱਖ ਹੋ ਰਹੇ ਪੱਤੇ ਹਾਂ ਅਸੀਂ, ਭੰਗੜੇ ਪਾ ਪਾ ਸਭ ਦਾ ਧਿਆਨ ਖਿੱਚਦੇ,ਥਈਆਂ ਥਈਆਂ ਨੱਚਦੇ, ਅਸੀਂ ਬਹੁਤ ਕੁੱਝ ਭੁੱਲਣਾ ਚਾਹੁੰਦੇ ਹਾਂ, ਗ਼ਦਰੀ ਬਾਬੇ, ਜਲਿਆਂਵਾਲਾ ਬਾਗ਼, ਰਬਾਬ ਚੋਂ ਉੱਠਦੇ ਰਾਗ,ਕੋਈ ਕਿੰਨਾ ਕੁਝ ਯਾਦ ਰੱਖੇ? ਦੁੱਖ ਕਿੰਨਾ ਕੁਝ ਵੰਡਾਏ ਕੋਈ? ਅਸੀਂ ਜਾ ਰਹੇ ਹਾਂ”
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445