ਅਮਰੀਕਾ ਵਿੱਚ ਬਜ਼ੁਰਗਾਂ ਨਾਲ ਧੋਖਾਧੜੀ: ਭਾਰਤੀ ਨੌਜਵਾਨ ਨੂੰ 18 ਸਾਲ ਕੈਦ ਦੀ ਸਜ਼ਾ
ਅਮਰੀਕਾ ਵਿੱਚ ਬਜ਼ੁਰਗ ਨਾਗਰਿਕਾਂ ਨੂੰ ਨਿਸ਼ਾਨਾ ਬਣਾਕੇ ਕੀਤੀ ਗਈ ਵੱਡੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਭਾਰਤੀ ਨਾਗਰਿਕ ਨੂੰ 18 ਸਾਲ ਦੀ ਫੈਡਰਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਕੀਮ ਰਾਹੀਂ ਕਈ ਰਾਜਾਂ ਵਿੱਚ ਰਹਿੰਦੇ ਬਜ਼ੁਰਗਾਂ ਤੋਂ ਕਰੋੜਾਂ ਡਾਲਰ ਦੀ ਨਕਦੀ ਅਤੇ ਸੋਨਾ ਠੱਗੀ ਨਾਲ ਇਕੱਠਾ ਕੀਤਾ ਗਿਆ।
ਨਾਰਦਰਨ ਡਿਸਟ੍ਰਿਕਟ ਆਫ਼ ਫਲੋਰੀਡਾ ਦੇ ਯੂਨਾਈਟਿਡ ਸਟੇਟਸ ਅਟਾਰਨੀ ਜੌਨ ਪੀ. ਹੀਕਿਨ ਨੇ 26 ਜਨਵਰੀ ਨੂੰ ਗੇਨਸਵਿਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਸ ਸਜ਼ਾ ਦਾ ਐਲਾਨ ਕੀਤਾ। ਦੋਸ਼ੀ ਦੀ ਪਹਿਚਾਣ 23 ਸਾਲਾ ਅਥਰਵਾ ਸ਼ੈਲੇਸ਼ ਸਥਾਵਨੇ ਵਜੋਂ ਹੋਈ ਹੈ, ਜਿਸਨੂੰ ਵਾਇਰ ਫ੍ਰਾਡ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਦੋਸ਼ਾਂ ਹੇਠ ਦੋਸ਼ੀ ਕਰਾਰ ਦਿੱਤਾ ਗਿਆ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸਥਾਵਨੇ ਇੱਕ ਸੰਗਠਿਤ ਠੱਗੀ ਗਿਰੋਹ ਦਾ ਅਹਿਮ ਹਿੱਸਾ ਸੀ, ਜੋ ਬਜ਼ੁਰਗਾਂ ਨੂੰ ਡਰਾ-ਧਮਕਾ ਕੇ ਇਹ ਯਕੀਨ ਦਿਵਾਉਂਦਾ ਸੀ ਕਿ ਉਨ੍ਹਾਂ ਦੀ ਜਮ੍ਹਾਂ ਪੂੰਜੀ ਖਤਰੇ ਵਿੱਚ ਹੈ। ਇਸ ਡਰ ਦਾ ਫਾਇਦਾ ਚੁੱਕਦਿਆਂ, ਠੱਗ ਬਜ਼ੁਰਗਾਂ ਤੋਂ ਨਕਦੀ ਅਤੇ ਸੋਨਾ ਹਾਸਲ ਕਰਦੇ ਸਨ।
ਦੋਸ਼ੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਇੱਕ ਅੰਡਰਕਵਰ ਆਪਰੇਸ਼ਨ ਦੌਰਾਨ ਇੱਕ ਪੀੜਤ ਕੋਲੋਂ ਸੋਨਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਗ੍ਰਿਫ਼ਤਾਰੀ ਨਾਲ ਪੂਰੇ ਫ੍ਰਾਡ ਨੈੱਟਵਰਕ ਦਾ ਪਰਦਾਫਾਸ਼ ਹੋਇਆ।
ਇਸ ਮਾਮਲੇ ਦੀ ਜਾਂਚ ਗੇਨਸਵਿਲ ਪੁਲਿਸ ਡਿਪਾਰਟਮੈਂਟ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਅਤੇ ਇੰਟਰਨਲ ਰੈਵਨਿਊ ਸਰਵਿਸ–ਕ੍ਰਿਮਿਨਲ ਇਨਵੈਸਟੀਗੇਸ਼ਨ (IRS-CI) ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।
ਸਜ਼ਾ ਦੇ ਐਲਾਨ ਮੌਕੇ ਗੇਨਸਵਿਲ ਪੁਲਿਸ ਮੁਖੀ ਨੇਲਸਨ ਮੋਇਆ ਨੇ ਕਿਹਾ, “ਸਾਡੇ ਡਿਟੈਕਟਿਵਜ਼ ਦੀ ਅਥਕ ਮਿਹਨਤ ਕਾਬਿਲ-ਏ-ਤਾਰੀਫ਼ ਹੈ। ਅਸੀਂ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ।”
ਫੈਡਰਲ ਅਧਿਕਾਰੀਆਂ ਨੇ ਦੁਹਰਾਇਆ ਕਿ ਬਜ਼ੁਰਗਾਂ ਨਾਲ ਜੁੜੀ ਧੋਖਾਧੜੀ ਖਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦਿੱਤੀ ਜਾਵੇ।
