ਟਾਪਫ਼ੁਟਕਲ

ਕਾਫ਼ਲੇ ਵਲੋਂ ‘ਬਹਿਰ’ ਉੱਤੇ ਗੋਸ਼ਟੀ,ਨਿਰੰਜਨ ਸਿੰਘ ਨੂਰ ਅਤੇ ਬਸ਼ੀਰ ਬਦਰ ਨੂੰ ਸ਼ਰਧਾਂਜ਼ਲੀ

ਉਂਕਾਰਪ੍ਰੀਤ-ਟਰਾਂਟੋ ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮਈ 2026 ਦੀ ਮੀਟਿੰਗ ਉੁੱਘੇ ਸ਼ਾਇਰ ਮਲਵਿੰਦਰ ਦੀ ਕਾਵਿ-ਪੁਸਤਕ ‘ਬਹਿਰ’ ਅਤੇ ਉੱਘੇ
ਪ੍ਰਗਤੀਸ਼ੀਲ ਕਵੀ ਨਿਰੰਜਨ ਸਿੰਘ ਨੂਰ ਦੀ ਮਾਣਮੱਤੀ ਯਾਦ ਨੂੰ ਸਮਰਪਿਤ ਰਹੀ।
ਮੀਟਿੰਗ ਦੀ ਸ਼ੁਰੂਆਤ ਮੰਚ ਸੰਚਾਲਕ ਕੁਲਵਿੰਦਰ ਖ਼ਹਿਰਾ ਜੀ ਨੇ ਕਾਫ਼ਲੇ ਦੇ ਸੰਵਿਧਾਨ ਵਿੱਚ ਦਰਜ ਸਭਾ ਦੀਆਂ ਮੀਟਿੰਗਾਂ ਵਿਚਲੇ ਅਨੁਸਾਸ਼ਨੀ ਜਾਬਤੇ ਬਾਰੇ
ਜਾਣਕਾਰੀ ਨਾਲ ਕੀਤੀ। ਊਹਨਾਂ ਨੇ ਕਾਫਲੇ ਦੇ ਇਤਿਹਾਸ ‘ਚ ਹੁਣ ਤੀਕ ਇਸ ਅਨੁਸਾਸ਼ਨੀ ਜਾਬਤੇ ਤਹਿਤ ਹੋਈਆਂ ਕਾਰਵਾਈਆਂ ਦਾ ਸੰਖੇਪ ਜ਼ਿਕਰ ਕਰਦਿਆਂ
ਪਿਛਲੇ ਕੁਝ ਸਮੇਂ ਤੋਂ ਕਾਫ਼ਲੇ ਦੇ ਵੱਕਾਰ ਨੂੰ ਢਾਹ ਲਾਉਣ ਵਾਲੀਆਂ ਦੁਖਦਾਈ ਘਟਨਾਵਾਂ ਬਾਰੇ ਵੀ ਦੱਸਿਆ। ਇਸ ਮੌਕੇ ਉਹਨਾਂ ਅਜਿਹੀਆਂ ਤਾਜ਼ਾ ਘਟਨਾਵਾਂ
ਲਈ ਜ਼ਿੰਮੇਵਾਰ ਜਗੀਰ ਸਿੰਘ ਕਾਹਲੋਂ ਨੂੰ ਕਾਫ਼ਲੇ ਦੀ ਮੁਢਲੀ ਮੈਂਬਰਸ਼ਿੱਪ ਤੋਂ ਹਟਾਉਣ ਤੇ ਭਵਿੱਖਲੀਆਂ ਕਾਫ਼ਲਾ ਮੀਟਿੰਗਾਂ ‘ਚ ਸ਼ਮੂਲੀਅਤ ਤੇ ਰੋਕ ਲਾਊਣ ਲਈ
ਇੱਕ ਮਤਾ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਕਾਫ਼ਲਾ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਉਪਰੰਤ ਕਾਫ਼ਲੇ ਦੇ ਅਗਲੇ ਸੈਸ਼ਨ 2026-27 ਲਈ ਨਵੀਂ ਸੰਚਾਲਨਾ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਮੰਚ ਸੰਚਾਲਕ ਲਈ ਭੁਪਿੰਦਰ ਦੁਲੇ, ਮੀਡੀਆ
ਸੰਚਾਲਕ ਲਈ ਉਂਕਾਰਪ੍ਰੀਤ ਅਤੇ ਵਿੱਤ ਸੰਚਾਲਕ ਲਈ ਗੁਰਪ੍ਰੀਤ ਬਟਾਲਵੀ ਨੂੰ ਸਰਬ-ਸੰਮਤੀ ਨਾਲ ਚੁਣ ਲਿਆ ਗਿਆ। ਜਰਨੈਲ ਸਿੰਘ ਕਹਾਣੀਕਾਰ ਹੁਰਾਂ ਨੇ
ਇਸ ਮੌਕੇ ਨਵੀਂ ਸੰਚਾਲਨਾ ਕਮੇਟੀ ਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ
ਉਹਨਾਂ ਦਾ ਧੰਨਵਾਦ ਕੀਤਾ।
ਉੱਘੇ ਸ਼ਾਇਰ ਮਲਵਿੰਦਰ ਹੁਰਾਂ ਦੀ ਕਾਵਿ-ਪੁਸਤਕ ‘ਬਹਿਰ’ ਨੂੰ ਸਮਰਪਿਤ ਅਗਲੇ ਭਾਗ ਵਿੱਚ ਉੱਘੇ ਸ਼ਾਇਰ ਭੁਪਿੰਦਰ ਦੁਲੇ ਅਤੇ ਸ਼ਾਇਰਾ ਸੁਰਜੀਤ ਕੌਰ ਵਲੋਂ
ਪੁਸਤਕ ਬਾਰੇ ਅਪਣੇ ਪੇਪਰ ਪੇਸ਼ ਕੀਤੇ ਗਏ।
ਭੁਪਿੰਦਰ ਦੁਲੇ ਨੇ ਅਪਣੇ ਪੇਪਰ ਵਿੱਚ ‘ਬਹਿਰ’ ਦੀ ਕਵਿਤਾ ਨੂੰ ਪ੍ਰਮੁੱਖ ਤਿੰਨ ਭਾਗਾਂ ਪਰਵਾਸ, ਬਹਿਰ (ਸ਼ਾਇਰ ਮਲਵਿੰਦਰ ਦੀ ਪੋਤਰੀ), ਅਤੇ ਬੀਤੇ ਦੇ ਨਕਸ਼਼
ਨਾਲ ਸਬੰਧਿਤ ਦੱਸਿਆ। ਊਹਨਾਂ ਨੇ ਇਸ ਪੱਖ ਤੋਂ ‘ਬਹਿਰ’ ਦੀ ਕਵਿਤਾ ਵਿਚਲੇ ਵਿਸ਼ੇ, ਕਾਵਿ-ਬਿੰਬਾਵਲੀ ਅਤੇ ਸ਼ਾਬਦਿਕ ਚਿੱਤਰਣ ਦੀ ਵੰਨ-ਸੁਵੰਨਤਾ ਅਤੇ
ਦੁਹਰਾ ਮੁਕਤੀ ਵਰਗੇ ਗੁਣਾਂ ਨੂੰ ਖਾਸ ਤੌਰ ਤੇ ਉਜਾਗਰ ਕੀਤਾ। ਮਲਵਿੰਦਰ ਦੀ ਕਵਿਤਾ ਪੜ੍ਹਦਿਆਂ ਕਵੀ ਅਤੇ ਕਵਿਤਾ ਵਿਚਲੀ ਇਕਮਿਕਤਾ ਦਾ ਬਾਕਮਾਲ
ਅਨੁਭਵ ਹੁੰਦਾ ਹੈ। ਬਹਿਰ ਵਿਚਲੀਆਂ ਪਰਵਾਸ ਬਾਰੇ ਕਵਿਤਾਵਾਂ ਬਾਰੇ ਭੁਪਿੰਦਰ ਨੇ ਇਹਨਾਂ ਵਿਚ ਮੌਜੂਦ ਕਵੀ ਦੇ ‘ਸਵੈ ਚੋਂ ਮੈਂ’ ਨੂੰ ਮਨਫ਼ੀ ਨਾ ਕਰ ਪਾਉਣ ਦੇ
ਦਵੰਧ ਅਤੇ ਇਹਨਾਂ ਵਿਚਲੇ ਪਰਵਾਸ ਦੇ ਪੇਤਲੇ ਅਨੁਭਵ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਬਹਿਰ ਵਿਚਲੀਆਂ ਲੰਬੀਆਂ ਕਵਿਤਾਵਾਂ ‘ਚ ਨਿਭਾਅ ਦੀ
ਸਮੱਸਿਆ ਵੀ ਕਿਤੇ ਕਿਤੇ ਮਹਿਸੂਸ ਹੁੰਦੀ ਹੈ ਪਰ ਸਮੁੱਚੇ ਤੌਰ ਤੇ ‘ਬਹਿਰ’ ਇਕ ਪੜ੍ਹਨਯੋਗ ਅਤੇ ਸਾਂਭਣਯੋਗ ਕਾਵਿ-ਪੁਸਤਕ ਹੈ।
ਸੁਰਜੀਤ ਕੌਰ ਹੁਰਾਂ ਨੇ ਬਹਿਰ ਬਾਰੇ ਅਪਣੇ ਵਿਚਾਰ ਇਸ ਵਿਚਲੇ ਬਾਲ-ਭਾਸ਼ਾ ਵਿਗਿਆਨ ਤੱਤਾਂ ਦੇ ਹਵਾਲੇ ਨਾਲ ਪੇਸ਼ ਕੀਤੇ। ਮਲਵਿੰਦਰ ਹੁਰਾਂ ਦੁਆਰਾ ਇਸ
ਪੁਸਤਕ ‘ਚ ਅਪਣੀ ਪੋਤਰੀ ਬਹਿਰ ਬਾਰੇ ਕਵਿਤਾਵਾਂ ਬਾਰੇ ਗੱਲ ਕਰਦਿਆ ਸੁਰਜੀਤ ਜੀ ਨੇ ਇਹਨਾਂ ਵਿਚ ਸਮੋਈ ਬਚਪਨ ਦੀ ਮੈਲੋਡੀ, ਬੱਚੇ ਦੀ ਭਾਸ਼ਾ ਅਤੇ
ਉਸਦੀ ਜੀਵਨ ਰਿਦਮ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਮਲਵਿੰਦਰ ਦੀਆਂ ਇਹਨਾਂ ਕਵਿਤਾਵਾਂ ਵਿੱਚ ਬੱਚੇ ਦੀ ਭਾਸ਼ਾ ਵਿਚਲੀ ਗੱਲ ਬੁੱਝਣ ਅਤੇ ਉਸ ਨੂੰ
ਕਵਿਤਾਊਣ ਦੀ ਬਾਕਮਾਲ ਸਮਰੱਥਾ ਹੈ। ਇਹਨਾਂ ਕਵਿਤਾਵਾਂ ਨੂੰ ਪੜ੍ਹਦਿਆਂ ਪਤਾ ਲਗਦਾ ਹੈ ਕਿ ਬੱਚੇ ਦੇ ਅੰਗਾਂ ਦੀ ਅਤੇ ਅਲੱਗ ਅਲੱਗ ਆਵਾਜ਼ਾਂ ਦੀ ਅਪਣੀ
ਇਕ ਨਿਵੇਕਲੀ ਭਾਸ਼ਾ ਹੁੰਦੀ ਹੈ ਅਤੇ ਇਹਨਾਂ ਚੋਂ ਅਲੌਕਿਕ ਸ਼ਬਦ ਰੂਪਮਾਨ ਹੁੰਦੇ ਹਨ। ਮਲਵਿੰਦਰ ਦੀਆਂ ਬਹਿਰ ਵਿਚਲੀਆਂ ਕਵਿਤਾਵਾਂ ਅਸਲ ‘ਚ ਬੱਚੇ ਦੀ
ਭਾਸ਼ਾ ਨੂੰ ਡੀਕੋਡ ਕਰਕੇ ਇੱਕ ਨਿਵੇਕਲਾ ਕਾਵਿ-ਸੰਸਾਰ ਸਿਰਜਦੀਆਂ ਹਨ। ਬੱਚੇ ਦੇ ਮਨੋਵਿਗਿਆਨ ਨੂੰ ਬਾਖੂਬੀ ਪ੍ਰਗਟਾਉਂਦੀਆਂ ਬਹਿਰ ਦੀਆਂ ਕਵਿਤਾਵਾਂ
ਦੁਨੀਆਂ ਦੇ ਸਮੁੱਚੇ ਬਾਲਾਂ ਦੀ ਭਾਸ਼ਾ ਚੋਂ ਜਿਵੇਂ ਇੱਕ ਬ੍ਰਹਿਮੰਡੀ ਭਾਸ਼ਾ ਤਲਾਸ਼ਦੀਆਂ ਹਨ।
ਬਹਿਰ ਦੀਆਂ ਕਵਿਤਾਵਾਂ ਬਾਰੇ ਬੋਲਦਿਆਂ ਸ਼ਾਇਰ ਗੁਰਦੇਵ ਚੌਹਾਨ ਨੇ ਇਹਨਾਂ ਨੂੰ ਮੀਨਿੰਗਫੁੱਲਨੈਸ ਦੀਆਂ ਕਵਿਤਾਵਾਂ ਦੱਸਿਆ। ਊਹਨਾਂ ਕਿਹਾ ਕਿ ਮਲਵਿੰਦਰ
ਨੇ ਅਪਣੀ ਪੋਤਰੀ ਬਹਿਰ ਬਾਰੇ ਕਵਿਤਾਵਾਂ ਦੇ ਬਹਾਨੇ ਜਿਵੇਂ ਪੂਰੀ ਜ਼ਿੰਦਗੀ ਦੇ ਫਲਸਫੇ ਦਾ ਨਿਚੋੜ ਕਵਿਤਾਅ ਦਿੱਤਾ ਹੈ। ਇਹ ਇਵੇਂ ਹੈ ਕਿ ਬਾਲੜੀ ਬਹਿਰ ਨੇ
ਇੱਕ ਕਦਮ ਪੁੱਟਿਆ ਤੇ ਦੁਨੀਆਂ ਇਕ ਕਦਮ ਛੋਟੀ ਹੋ ਗਈ।
ਬਹਿਰ ਬਾਰੇ ਪਰਚਿਆਂ ਅਤੇ ਪੇਸ਼ ਵਿਚਾਰਾਂ ਤੋਂ ਉਪਰੰਤ ਮਲਵਿੰਦਰ ਹੁਰਾਂ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਨ ਵਾਲੇ ਸਮੂਹ ਸਿਆਣਿਆਂ ਦਾ ਧੰਨਵਾਦ ਕੀਤਾ
ਅਤੇ ਪੁਸਤਕ ਦੇ ਰਚਣ ਪਲਾਂ ਤੇ ਇਸ ਵਿਚ ਰਮੇਂ ਅੰਤ੍ਰੀਵੀ ਖਿਆਲ ਬਾਰੇ ਸੰਖੇਪ ਤੇ ਭਾਵਪੂਰਤ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਫ਼ਲੇ ਵਲੋਂ ਕਾਵਿ-ਪੁਸਤਕ
ਬਹਿਰ ਦਾ ਲੋਕ ਅਰਪਣ ਵੀ ਕੀਤਾ ਗਿਆ ਅਤੇ ਹਾਜ਼ਰ ਲੇਖਕਾਂ ਪਾਠਕਾਂ ਨੇ ਮਲਵਿੰਦਰ ਹੁਰਾਂ ਨੂੰ ਏਨੀ ਮਿਆਰੀ ਕਾਵਿ-ਪੁਸਤਕ ਰਚਣ ਤੇ ਵਧਾਈ ਦਿੱਤੀ।
ਮਲਵਿੰਦਰ ਹੁਰਾਂ ਦੀ ਕਾਵਿ ਪੁਸਤਕ ਬਹਿਰ ਬਾਰੇ ਗੋਸ਼ਟੀ ਤੋਂ ਊਪਰੰਤ ਊੱਘੇ ਕਹਾਣੀਕਾਰ ਬਲਦੇਵ ਸਿੰਘ ਢੀਡਸਾ ਹੁਰਾਂ ਦਾ ਕਹਾਣੀ ਸੰਗ੍ਰਹਿ ‘ਡੁੱਬਦੇ ਸੂਰਜ’ ਦਾ
ਲੋਕ-ਅਰਪਣ ਕੀਤਾ ਗਿਆ। ਬਲਦੇਵ ਸਿੰਘ ਢੀਡਸਾ ਅਤੇ ਊਹਨਾਂ ਦੇ ਕਹਾਣੀ ਸੰਗ੍ਰਹਿ ਬਾਰੇ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਵਲੋਂ ਸਵਾਗਤੀ ਸ਼ਬਦ ਕਹੇ ਗਏ।
ਕਾਫ਼ਲਾ ਮੀਟਿੰਗ ਦਾ ਦੂਸਰਾ ਭਾਗ ਉੱਘੇ ਪ੍ਰਗਤੀਸ਼ੀਲ ਸ਼ਾਇਰ ਸਵ:ਨਿਰੰਜਨ ਸਿੰਘ ਨੂਰ ਹੁਰਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਸੀ। ਕਵੀ ਦਰਬਾਰ ਦੀ
ਸ਼ੁਰੂਆਤ ਉਂਕਾਰਪ੍ਰੀਤ ਵਲੋਂ ਨੂਰ ਹੁਰਾਂ ਬਾਰੇ ਭਾਵਪੂਰਤ ਸ਼ਰਧਾਂਜਲੀ ਵਿਚਾਰਾਂ ਨਾਲ ਹੋਈ। ਨੂਰ ਹੁਰਾਂ ਨੂੰ ਯਾਦ ਕਰਦਿਆਂ ਉਂਕਾਰਪ੍ਰੀਤ ਨੇ ਨਿਰੰਜਨ ਸਿੰਘ ਨੂਰ ਨੂੰ
ਅਸੂਲ-ਪ੍ਰਸਤ ਤੇ ਜ਼ਿੰਦਗੀ ਦਾ ਆਸ਼ਕ ਕਵੀ ਆਖਿਆ। ਉਹਨਾਂ ਕਿਹਾ ਕਿ ਤਰੱਕੀ ਪਸੰਦ ਤਹਿਜ਼ੀਬ ਦੇ ਕਰਮਸ਼ੀਲ ਨਾਇਕ ਨਿਰੰਜਨ ਸਿੰਘ ਨੂਰ ਦੀ ਮੌਜੂਦਗੀ
ਇਰਦ ਗਿਰਦ ਵਿੱਚ ਜ਼ਿੰਦਗੀ ਦਾ ਰੰਗ ਭਰ ਦਿੰਦੀ ਸੀ। ਨਿਰੰਜਨ ਸਿੰਘ ਨੂਰ ਵਰਗੇ ਖਾਲਸ ਨੂਰੀ ਕਵੀ ਹਰ ਸਮੇਂ ਤੇ ਸਥਿਤੀ ਵਿੱਚ ਕਰਮਸ਼ੀਲ ਰਹਿ ਕੇ ਜ਼ਿੰਦਗੀ ਅਤੇ ਸਾਹਿਤ ਦੀ ਚੰਘਿਆੜੀ ਮਘਾਈ ਰੱਖਦੇ ਹਨ। ਇਸ ਮੌਕੇ ਊਹਨਾਂ ਨੇ ਨੂਰ ਹੁਰਾਂ ਦੀ ਪ੍ਰਸਿੱਧ ਕਵਿਤਾ ‘ਗੋਰੀ ਕਾਲ਼ਖ਼’ ਵੀ ਹਾਜ਼ਰ ਸਰੋਤਿਆਂ ਨਾਲ ਸਾਂਝੀ ਕੀਤੀ।
ਕਵੀ ਦਰਬਾਰ ‘ਚ ਕਿਰਪਾਲ ਕੰਵਲ ਤੇ ਹਰਮੇਸ਼ ਸਿੰਘ ਨੇ ਨੂਰ ਹੁਰਾਂ ਦੀਆਂ ਚੋਣਵੀਆਂ ਕਵਿਤਾਵਾਂ ਤਰੰਨੁਮ ‘ਚ ਪੇਸ਼ ਕੀਤੀਆਂ। ਉਪਰੰਤ ਪਰਮਜੀਤ ਢਿੱਲੋਂ,
ਰੁਪਿੰਦਰ ਗਿੱਲ,ਗਿਆਨ ਸਿੰਘ ਦਰਦੀ,ਸੁਰਜੀਤ ਕੌਰ, ਦਵਿੰਦਰ ਕੌਰ ਰੰਧਾਵਾ, ਕੁਲਵਿੰਦਰ ਖਹਿਰਾ,ਰਸ਼ਪਾਲ ਕੌਰ ਗਿੱਲ, ਦਰਸ਼ਨ ਸਿੰਘ, ਭੁਪਿੰਦਰ ਦੁਲੇ ਅਤੇ
ਉਂਕਾਰਪ੍ਰੀਤ ਵਲੋਂ ਅਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਹਾਲ ਹੀ ਵਿੱਚ ਵਿਛੋੜਾ ਦੇ ਗਏ ਉਰਦੂ ਜ਼ੁਬਾਨ ਦੇ ਊੱਘੇ ਸ਼ਾਇਰ, ਜਨਾਬ ਬਸ਼ੀਰ ਬਦਰ ਹੁਰਾਂ ਨੂੰ ਯਾਦ ਕਰਦਿਆਂ ਪ੍ਰਭਜੋਤ ਰਾਠੌਰ ਹੁਰਾਂ ਵਲੋਂ ਊਹਨਾਂ ਦੇ ਕਲਾਮ
ਨਾਲ ਹਾਜ਼ਰੀ ਲੁਆਈ ਗਈ:
ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ
ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।
ਇਸ ਮੌਕੇ ਕਾਫ਼ਲੇ ਵਲੋਂ ਕੁਲਵਿੰਦਰ ਖ਼ਹਿਰਾ ਅਤੇ ਭੁਪਿੰਦਰ ਦੁਲੇ ਨੇ ਬਸ਼ੀਰ ਬਦਰ ਹੁਰਾਂ ਦੇ ਮਿਆਰੀ ਤੇ ਲੋਕਪੱਖੀ ਸ਼ਾਇਰੀ ਪ੍ਰਤੀ ਯੋਗਦਾਨ ਅਤੇ ਉਹਨਾਂ ਦੀ
ਕਾਵਿਕ ਸਖ਼ਸ਼ੀਅਤ ਨੂੰ ਯਾਦ ਕਰਦਿਆਂ, ਨੇੜਲੇ ਭਵਿੱਖ ਵਿੱਚ ਉਹਨਾਂ ਦੀ ਸ਼ਾਇਰੀ ਤੇ ਸ਼ਖਸੀਅਤ ਨੂੰ ਸਮਰਪਿਤ ਇੱਕ ਕਾਫ਼ਲਾ ਸੈਸ਼ਨ ਕਰਨ ਬਾਰੇ ਵੀ
ਦੱਸਿਆ।
ਤਕਰੀਬਨ ਚਾਰ ਘੰਟੇ ਚੱਲੀ ਇਸ ਭਾਵਪੂਰਤ ਕਾਫ਼ਲਾ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ, ਮਾਲੂਕ ਸਿੰਘ
ਕਾਹਲ਼ੋਂ, ਦਰਸ਼ਨ ਸਿੰਘ ਬਾਸੀ, ਸੁਭਾਸ਼ ਸ਼ਰਮਾਂ, ਜਸਵੀਰ ਕੌਰ, ਨਵਦੀਪ ਬਰਾੜ, ਬਲਵਿੰਦਰ ਰੋਡੇ, ਹਰਮਿੰਦਰ ਸਿੰਘ, ਰਾਵੀ ਕੌਰ, ਗੁਰਜਿੰਦਰ ਸੰਘੇੜਾ, ਰਾਜ
ਘੁੰਮਣ, ਜਤਿੰਦਰ ਰੰਧਾਵਾ, ਬਲਵਿੰਦਰ ਰੰਧਾਵਾ, ਸੁਰਿੰਦਰ ਕੌਰ ਖਹਿਰਾ, ਲਖਵੀਰ ਸਿੰਘ ਲਿੱਧੜ, ਸੁਰਿੰਦਰ ਕੌਰ ਮਾਨ, ਹਰਜੀਤ ਸੰਧੂ, ਡਾਕਟਰ ਮਹਿੰਦਰ ਸਿੰਘ,
ਸੁਰਿੰਦਰ ਸਿੰਘ, ਲਖਵਿੰਦਰ ਗਿੱਲ, ਡਾਕਟਰ ਕੰਵਲਪ੍ਰੀਤ ਗਿੱਲ, ਹੀਰਾ ਲਾਲ ਅਗਨੀਹੋਤਰੀ, ਲਖਵਿੰਦਰ ਸਿੰਘ, ਸੁਰਜੀਤ ਰੱਖੜਾ ਅਤੇ ਡਾਕਟਰ ਨਾਹਰ ਸਿੰਘ
ਖਾਸ ਤੌਰ ਤੇ ਸ਼ਾਮਿਲ ਹੋਏ।
ਮੀਟਿੰਗ ਦੀ ਸਮਾਪਤੀ ਕਾਫ਼ਲੇ ਦੇ ਮੋਢੀ ਸੰਚਾਲਕ ਤੇ ਉੱਘੇ ਕਹਾਣੀਕਾਰ ਜਰਨੈਲ ਸਿੰਘ ਅਤੇ ਰਸ਼ਪਾਲ ਕੌਰ ਗਿੱਲ ਹੁਰਾਂ ਦੇ ਧੰਨਵਾਦੀ ਸ਼ਬਦਾਂ ਨਾਲ ਹੋਈ।
ਉਹਨਾਂ ਜਿੱਥੇ ਮੀਟਿੰਗ ਦੇ ਵੱਖੋ ਵੱਖ ਸੈਸ਼ਨਾਂ ‘ਚ ਪੇਸ਼ ਹੋਏ ਪਰਚੇ ਅਤੇ ਵਿਚਾਰਾਂ ਬਾਰੇ ਅਪਣੀਆਂ ਕੁੰਜੀਵਤ ਟਿੱਪਣੀਆਂ ਕੀਤੀਆਂ ਓਥੇ ਸਮੁੱਚੇ ਪੇਸ਼ਕਾਰਾਂ ਦਾ
ਸਵਾਗਤ ਤੇ ਧੰਨਵਾਦ ਵੀ ਕੀਤਾ। ਇਸ ਮਿਲਣੀ ਵਿੱਚ ਚਾਹ-ਪਾਣੀ ਅਤੇ ਰਿਫਰੈਸ਼ਮੈਂਟ ਦੀ ਸੇਵਾ ਲਈ ਕਿਰਪਾਲ ਕੰਵਲ ਹੁਰਾਂ ਦਾ ਉਚੇਚਾ ਧੰਨਵਾਦ ਕੀਤਾ
ਗਿਆ। ਅਗਲੀ ਕਾਫਲਾ ਮਿਲਣੀ ਲਈ 27 ਜੂਨ ਨੂੰ ਮੁੜ ਮਿਲਣ ਦੇ ਖੂਬਸੂਰਤ ਇਕਰਾਰ ਨਾਲ ਇਹ ਮਿਲਣੀ ਸਮਾਪਤ ਹੋਈ।

Leave a Reply

Your email address will not be published. Required fields are marked *