ਟਾਪਪੰਜਾਬ

ਮੋਹਾਲੀ ‘ਚ ‘ਆਪ’ ਨੇ ਲੋਕਤੰਤਰ ਅਤੇ ਆਪਣੇ ਹੀ ਅਸੂਲਾਂ ਦਾ ਜਨਾਜ਼ਾ ਕੱਢਿਆ: ਬਲਬੀਰ ਸਿੱਧੂ

ਐਸ.ਏ.ਐਸ. ਨਗਰ: ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਲਏ ਗਏ ਫੈਸਲੇ ‘ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ, ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ‘ਆਪ’ ਨੇ ਮੋਹਾਲੀ ਵਿੱਚ ਲੋਕਤੰਤਰ ਅਤੇ ਆਪਣੇ ਹੀ ਕਥਿਤ ਅਸੂਲਾਂ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ।

ਸ਼੍ਰੀ ਸਿੱਧੂ ਨੇ ਅੱਜ ਇੱਥੋਂ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ‘ਆਪ’ ਹਮੇਸ਼ਾ ਰਾਜਨੀਤਿਕ ਅਹੁਦੇ ਆਮ ਘਰਾਂ ਦੇ ਵਲੰਟੀਅਰਾਂ ਨੂੰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਰਹੀ ਹੈ, ਪਰ ਮੋਹਾਲੀ ‘ਚ ਕਰੋੜਪਤੀ ਕਾਰੋਬਾਰੀ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਮੇਅਰ ਬਣਾ ਕੇ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਕਥਨੀ ਅਤੇ ਕਰਨੀ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਉਹਨਾਂ ਕਿਹਾ ਕਿ ਮੇਅਰ ਦੀ ਚੋਣ ਵੇਲੇ ਪਾਰਟੀ ਨੇ ਆਪਣੇ ਹੀ ਸਭ ਤੋਂ ਸੀਨੀਅਰ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਪਾਰਟੀ ਦੇ ਸੀਨੀਅਰ ਸੂਬਾ ਆਗੂ ਡਾ. ਸੰਨੀ ਆਹਲੂਵਾਲੀਆ ਵਰਗੇ ਤਜਰਬੇਕਾਰ ਚਿਹਰਿਆਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ।

ਉਨ੍ਹਾਂ ਕਿਹਾ ‘ਇੱਕ ਪਰਿਵਾਰ, ਇੱਕ ਅਹੁਦਾ’ ਦਾ ਢਿੰਡੋਰਾ ਪਿੱਟਣ ਵਾਲੀ ‘ਆਪ’ ਨੇ ਮੋਹਾਲੀ ਵਿੱਚ ਖੁੱਲ੍ਹੇਆਮ ਪਰਿਵਾਰਵਾਦ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਹੁਣ ਇੱਕੋ ਪਰਿਵਾਰ ਕੋਲ ਵਿਧਾਇਕੀ ਅਤੇ ਮੇਅਰ ਵਰਗੇ ਦੋਵੇਂ ਅਹਿਮ ਸਿਆਸੀ ਅਹੁਦੇ ਆ ਗਏ ਹਨ, ਜੋ ਕਿ ਸਾਧਾਰਣ ਘਰਾਂ ਦੇ ਕੌਂਸਲਰਾਂ ਅਤੇ ਆਮ ਲੋਕਾਂ ਨਾਲ ਸਰਾਸਰ ਧੋਖਾ ਹੈ।

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਦੂਜੀ ਪਾਰਟੀਆਂ ਨੇ ਹਮੇਸ਼ਾਂ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਹੈ ਅਤੇ ਮੇਰੇ ਤੇ ਵੀ ਇਲਜ਼ਾਮ ਲਗਾਉਂਦੇ ਰਹੇ ਕਿ ਮੈਂ ਆਪਣੇ ਭਰਾ ਨੂੰ ਮੇਅਰ ਬਣਾਇਆ ਜਦਕਿ ਅੱਜ ਉਨ੍ਹਾਂ ਦੀ ਖੁਦ ਦੀ ਬਦਲਾਵ ਵਾਲੀ ਪਾਰਟੀ ਨੇ ਆਮ ਵਰਕਰਾਂ ਦਾ ਹੱਕ ਕੁਚਲ ਕੇ ਆਪਣੇ ਵਿਧਾਇਕ ਦੇ ਮੁੰਡੇ ਨੂੰ ਹੀ ਮੇਅਰ ਬਣਾਇਆ ਹੈ।

ਕਾਂਗਰਸੀ ਆਗੂ ਨੇ ‘ਆਪ’ ਦੀ ਮਹਿਲਾ ਵਿਰੋਧੀ ਮਾਨਸਿਕਤਾ ‘ਤੇ ਵੀ ਸਖ਼ਤ ਸਵਾਲ ਚੁੱਕਦਿਆਂ ਕਿਹਾ ਕਿ ਨਗਰ ਨਿਗਮ ਦੇ ਤਿੰਨੋਂ ਅਹੁਦੇ (ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ) ਸਿਰਫ਼ ਮਰਦਾਂ ਨੂੰ ਦੇ ਕੇ ਪਾਰਟੀ ਨੇ ਔਰਤਾਂ ਨੂੰ ਪੂਰੀ ਤਰ੍ਹਾਂ ਹਾਸ਼ੀਏ ‘ਤੇ ਧੱਕ ਦਿੱਤਾ ਹੈ।

ਮੋਹਾਲੀ ਦੀਆਂ ਚੋਣਾਂ ਵਿੱਚ ਔਰਤਾਂ ਦੀ ਬਰਾਬਰ ਹਿੱਸੇਦਾਰੀ ਹੋਣ ਦੇ ਬਾਵਜੂਦ ਕਿਸੇ ਵੀ ਮਹਿਲਾ ਕੌਂਸਲਰ ਨੂੰ ਕੋਈ ਅਹੁਦਾ ਨਾ ਦੇਣਾ ‘ਆਪ’ ਦੀ ਔਰਤਾਂ ਪ੍ਰਤੀ ਵਿਤਕਰੇਬਾਜ਼ੀ ਵਾਲੀ ਸੋਚ ਨੂੰ ਜੱਗ-ਜ਼ਾਹਿਰ ਕਰਦਾ ਹੈ।
ਸਾਬਕਾ ਮੰਤਰੀ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਮੋਹਾਲੀ ਦੇ ਸੂਝਵਾਨ ਲੋਕ ‘ਆਪ’ ਦੇ ਇਸ ਨਾਦਰਸ਼ਾਹੀ ਫੈਸਲੇ ਅਤੇ ਧਨਾਢਾਂ ਨੂੰ ਪਹਿਲ ਦੇਣ ਵਾਲੀ ਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜਨਤਾ ਇਸ ਪਰਿਵਾਰਵਾਦ ਅਤੇ ਧੋਖੇਬਾਜ਼ੀ ਦਾ ਮੂੰਹ ਤੋੜ ਜਵਾਬ ਦੇਵੇਗੀ।

Leave a Reply

Your email address will not be published. Required fields are marked *