ਅੰਮ੍ਰਿਤ ਬੂੰਦ ਸੁਹਾਵਣੀ ਬਾਣੀ, ਹਿਰਦੇ-ਸਰ ਨੂੰ ਭਰਦੀ ਜਾਵੇ
🙏ਅੰਮ੍ਰਿਤ ਬੂੰਦ ਸੁਹਾਵਣੀ ਬਾਣੀ,
ਹਿਰਦੇ-ਸਰ ਨੂੰ ਭਰਦੀ ਜਾਵੇ
ਜੁਗਾਂ-ਜੁਗੰਤਰ ਤੋਂ ਜੋ ਸੁੱਕਿਆ,
ਡਲਕਾਂ ਮਾਰੇ ਕਮਲ ਖਿੜਾਵੇ
ਅੱਗ ਵਿਕਾਰੀਂ ਸੜਿਆ ਮਨੂਆ,
ਠੰਢਾ ਹੋਵੇ ਤਾਰੀਆਂ ਲਾਵੇ
ਮੁੱਢ-ਕਦੀਮੋਂ ਪਿਆਸ ਲੱਗੀ ਸੀ ,
ਪੀ ਅੰਮ੍ਰਿਤ ਮਨ ਤ੍ਰਿਪਤ ਅਘਾਵੇ
ਜਲ ਬਿਹੂਨ ਮਛੁਲੀ ਦੀ ਤੜਫਣ,
ਨਾਮ-ਹੋਂਦ-ਰਸ ਪੀ ਤ੍ਰਿਪਤਾਵੇ
ਪ੍ਰੀਯ ਬਿਨ ਸੂਲ,ਸੁਰਾਹੀ ਲੱਗੇ,
ਖ਼ੰਜਰ ਪਿਆਲਾ ਘਾਓ ਕਰਾਵੇ
ਬਿੰਗ ਕਸਾਈਆਂ ਦਾ ਸਹਿਣ ਜਿਉਂ,
ਪਿਰੀ ਵਿਛੋੜਾ ਇਉਂ ਤੜਫਾਵੇ
ਪੀਊਸ ਪੀਣ ਦੀ ਆਸ ਘਨੇਰੀ,
ਕਰ ਕਿਰਪਾ ਮਾਹੀ ਆਣ ਪਿਲਾਵੇ
ਪ੍ਰਿਯ ਕੀ ਪ੍ਰੀਤ ਪਿਆਸੀ ਸਾਧਨ,
ਕੋਇਲ ਜਿਓਂ ਅੰਬੀਂ ਕੂਕਾਵੇ
ਮਾਹਲ-ਪੂੜੇ-ਖੀਰ-ਨਾਮ ਘਿਆਲੀ,
ਸਾਵਣ ਰੁੱਤੇ ਪ੍ਰੀਯ ਮੁੱਖ ਪਾਵੇ
ਬੋਲ ਨਾਮ ਦੇ ਹਿਰਦਾ ਭਰਦੇ,
ਪ੍ਰੀਤਮ ਹੀ ਪ੍ਰੀਤਮ ਦਰਸਾਵੇ
ਅਪ ਤੇਜ ਵਾਏ ਪ੍ਰਿਥਮੀ ਆਕਾਸ਼ੀਂ,
ਹੋਂਦ-ਜੋਤ-ਰਸ ਪੂਰ ਪੂਰਾਵੇ
ਪ੍ਰਿਓ ਪ੍ਰਿਓ ਕਰੇ ਪਪੀਹਾ ਬੋਲੇ,
ਜਲ-ਹਰਿ ਬੂੰਦ ਪ੍ਰੀਤਮ ਮੁੱਖ ਪਾਵੇ
ਦਿਨ ਰੈਣ ਨਾਮ-ਖੁਮਾਰੀ ਜੀਵਾਂ,
ਅੰਤ ਕਾਲ ਵੀ ਨਾਲ ਸਿਧਾਵੇ
ਕਾਸ਼! ਇਹ ਦਾਤ ਚਾਹਲ ਦੀ ਝੋਲੀ,
ਹਰਿ-ਗੁਰ-ਪ੍ਰੀਯ-ਪ੍ਰੀਤਮ ਜੀ ਪਾਵੇ
(ਜਸਵੰਤ ਸਿੰਘ ਚਾਹਲ)
(ਬਿੰਗ=ਮਾਰਨ ਤੋਂ ਪਹਿਲਾਂ ਜਾਨਵਰ ਦਾ ਸਾਹ ਲੈਣਾ ਔਖਾ ਕਰਨ ਦੀ ਕਿਰਿਆ,ਗਲ਼-ਘੋਟੂ
ਮੁੱਢ-ਕਦੀਮੋਂ= ਸ੍ਰਿਸ਼ਟੀ ਦੇ ਸ਼ੁਰੂ ਤੋਂ,
ਸਾਧਨ=ਇਸਤਰੀ
ਘਿਆਲੀ=ਘਿਓ ਵਾਲ਼ੀ
ਘਨੇਰੀ=ਬਹੁਤ,
ਪਿਊਸ=ਅੰਮ੍ਰਿਤ,
ਅਪ=ਪਾਣੀ,
ਤੇਜ=ਅੱਗ,
ਵਾਏ=ਹਵਾ
ਸਿਧਾਵੇ =ਜਾਵੇ
ਜਲ-ਹਰਿ=ਨਾਮ)
