ਚਿੱਠੀਆਂ ਪਾਉਣੀਆਂ ਭੁੱਲ ਗਏ !!!ਡਾ: ਨਿਸ਼ਾਨ ਸਿੰਘ ਰਾਠੌਰ
ਸਿਆਣਿਆਂ ਦਾ ਕਹਿਣਾ ਹੈ ਕਿ ਵਕਤ ਦੇ ਨਾਲ ‘ਬਦਲ’ ਜਾਣਾ ‘ਸਿਆਣੇ’ ਮਨੁੱਖਾਂ ਦਾ ਕੰਮ
ਹੁੰਦਾ ਹੈ। ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਉਹਨਾਂ ਨੂੰ ਸਮੇਂ ਅਤੇ ਥਾਂ ਦੇ ਹਿਸਾਬ ਨਾਲ ਨਜਿੱਠ ਲੈਣਾ ਸਿਆਣਪ ਹੈ ਪਰ! ਆਪਣੀਆਂ ਹੱਠ-ਕਰਮੀਆਂ ਅਤੇ ਅੜੀ ਕਰਕੇ ਅੜੇ ਰਹਿਣਾ; ਮੂਰਖ਼ਤਾ ਕਹੀ ਜਾਂਦੀ ਹੈ। ਗੁਰਬਾਣੀ ਵਿਚ ਵੀ ਕਿਹਾ ਗਿਆ ਹੈ; ‘ਵਖਤੁ ਵੀਚਾਰੇ ਸੁ ਬੰਦਾ ਹੋਇ॥’ (ਗੁਰੂ ਗ੍ਰੰਥ ਸਾਹਿਬ ਜੀ, ਅੰਗ-83, 84) ਜਿਹੜਾ ਮਨੁੱਖ ਸਮੇਂ ਅਤੇ ਥਾਂ ਦੇ ਬਦਲਣ ਨਾਲ ਆਪਣੇ- ਆਪ ਨੂੰ ਬਦਲ ਲੈਂਦਾ ਹੈ ਉਹ ਬੰਦਾ ਅਮੁਮਨ ਸੁਖੀ ਰਹਿੰਦਾ ਹੈ ਅਤੇ ਆਪਣੀ ਜਿ਼ੰਦਗੀ ਵਿਚ ਕਾਮਯਾਬ ਹੋ ਜਾਂਦਾ ਹੈ। ਦੂਜੇ ਪਾਸੇ; ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਉਮਰ ਦੇ ਵੱਧਣ ਦੇ ਨਾਲ-ਨਾਲ ਆਪਣੀਆਂ ਆਦਤਾਂ ਨੂੰ ਬਦਲ ਨਹੀਂ ਸਕਦੇ। ਉਹ ਜਿਸ ਤਰ੍ਹਾਂ ਜਵਾਨੀ ਵਿਚ ਕੰਮ ਕਰਦੇ ਸਨ ਉਸੇ ਤਰ੍ਹਾਂ ਬੁਢਾਪੇ ਵਿਚ ਵੀ ਕੰਮ ਕਰਨ ਦੇ ਚਾਹਵਾਨ ਹੁੰਦੇ ਹਨ ਪਰ! ਉਸ ਸਮੇਂ ਉਹਨਾਂ ਦੀ ਸਿਹਤ ਅਤੇ ਸਰੀਰ ਸਾਥ ਨਹੀਂ ਦਿੰਦਾ। ਇਸ ਨਾਲ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਇਸ ਲਈ ਮਨੁੱਖ ਨੂੰ ਆਪਣੀ ਸਿਹਤ, ਸਰੀਰ ਅਤੇ ਮਾਨਸਿਕ ਸਥਿਤੀ ਦੇ ਅਨੁਸਾਰ ਆਪਣੀਆਂ ਆਦਤਾਂ ਨੂੰ ਬਦਲ ਲੈਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਸਮਾਂ ਰਹਿੰਦੇ ਬਚਿਆ ਜਾ ਸਕੇ। ਖ਼ੈਰ! ਅੱਜ ਇੰਟਰਨੈੱਟ ਦਾ ਜ਼ਮਾਨਾ ਹੈ। ਲੋਕ ਮਿੰਟਾਂ- ਸਕਿੰਟਾਂ ਵਿਚ ਸਮੁੱਚੇ ਸੰਸਾਰ ਦੀਆਂ ਖ਼ਬਰਾਂ! ਪ੍ਰਾਪਤ ਕਰ ਸਕਦੇ ਹਨ। ਇੱਕ ਥਾਂ ’ਤੇ ਵਾਪਰੀ ਘਟਨਾ ਕੁਝ ਸਕਿੰਟਾਂ ਵਿਚ ਪੂਰੀ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਹ ਸਭ ਕੁਝ ਤਕਨੀਕ ਦੇ ਵਿਕਾਸ ਕਰਕੇ ਸੰਭਵ ਹੋਇਆ ਹੈ। ਅੱਜ ਲੋਕ ਵੀਡੀਉ ਕਾਲ ਜਾਂ ਆਡੀਉ ਕਾਲ ਦੇ ਯੁੱਗ ਵਿਚ ਜੀਅ ਰਹੇ ਹਨ। ਹੁਣ ਚਿੱਠੀਆਂ ਪਾਉਣੀਆਂ, ਨਵੇਂ ਵਰ੍ਹੇ ਦੇ ਕਾਰਡ ਪਾਉਣੇ, ਵਿਆਹਾਂ- ਸ਼ਾਦੀਆਂ ਦੇ ਕਾਰਡ ਭੇਜਣੇ ਅਤੇ ਪੋਸਟ- ਕਾਰਡ ਲਿਖਣੇ ਅਤੇ ਤਾਰ ਪਾਉਣੀ; ਬੀਤੇ ਵਕਤ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਹਨ। ਅੱਜ ਦੇ ਯੁੱਗ ਵਿਚ ਕਿਸੇ ਕੋਲ ਵੀ ਚਿੱਠੀ ਲਿਖਣ- ਪੜ੍ਹਨ ਦਾ ਵਕਤ ਨਹੀਂ ਹੈ। ਉਹ ਵਕਤ ਲੰਘ ਗਿਆ ਹੈ; ਜਦੋਂ ਚਿੱਠੀਆਂ ਲਿਖਣ- ਪੜ੍ਹਨ ਦਾ ਚਾਅ ਹੁੰਦਾ ਸੀ। ਚਿੱਠੀ ਦੇ ਆਉਣ ਦੀ ਉਡੀਕ ਰਹਿੰਦੀ ਸੀ। ਅੱਜ ਤਾਂ ਚੰਦ ਸਕਿੰਟ ਵਿਚ ਸੰਦੇਸ਼ ਇੱਕ- ਦੂਜੇ ਕੋਲ ਪਹੁੰਚ ਜਾਂਦੇ ਹਨ। ਅੱਜ ਜਿੱਥੇ ਸੰਚਾਰ ਦੇ ਮਾਧਿਅਮ ਵੱਧ ਗਏ ਹਨ ਉੱਥੇ ਹੀ ਮੋਹ- ਮੁਹੱਬਤ ਘੱਟਦੇ ਜਾ ਰਹੇ ਹਨ। ਫ੍ਰੀ ਮੋਬਾਇਲ ਨੇ ਲੋਕ ਗੱਲਾਂ ਤੋਂ ਸੱਖਣੇ ਕਰਕੇ ਰੱਖ ਦਿੱਤੇ ਹਨ। ਅੱਜ ਹਰ ਸਖ਼ਸ਼ ਕੋਲ ਮੋਬਾਇਲ ਤਾਂ ਜ਼ਰੂਰ ਹੈ ਪਰ! ਗੱਲ ਕਰਨ ਨੂੰ ਸਮਾਂ ਨਹੀਂ ਹੈ। ਬੀਤਿਆਂ ਵਰ੍ਹਿਆਂ ਵਿਚ ਪਿੰਡ ਵਿਚ ਡਾਕੀਆ ‘ਡਾਕ’ ਲੈ ਕੇ ਆਉਂਦਾ ਹੁੰਦਾ ਸੀ ਤਾਂ ਸਾਰੇ ਪਿੰਡ ਨੂੰ ਚਾਅ ਚੜ ਜਾਂਦਾ ਸੀ ਕਿ ਹੁਣ ਆਪਣਿਆਂ- ਪਿਆਰਿਆਂ ਦੀਆਂ ਚਿੱਠੀਆਂ/ ਸੰਦੇਸ਼ ਆਏ ਹੋਣਗੇ। ਲੋਕ ਇਹਨਾਂ ਸੰਦੇਸ਼ਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਸਨ। ਫਿਰ ਉਹਨਾਂ ਚਿੱਠੀਆਂ ਦੇ ਜੁਆਬ ਲਿਖੇ ਜਾਂਦੇ ਸਨ ਅਤੇ ਫਿਰ ਅਗਲੀ ਚਿੱਠੀ ਦਾ ਇੰਤਜ਼ਾਰ ਸ਼ੁਰੂ ਹੋ ਜਾਂਦਾ ਸੀ। ਚਿੱਠੀਆਂ ਲਿਖਣ-ਪੜ੍ਹਨ ਦਾ ਇਹ ਦੌਰ ਸਾਲ 1995 ਦੇ ਆਸ- ਪਾਸ ਸਹਿਜੇ-ਸਹਿਜੇ ਖ਼ਤਮ ਹੋਣਾ ਸ਼ੁਰੂ ਹੋ ਗਿਆ ਅਤੇ 2024 ਚੜ੍ਹ ਜਾਣ ਤੱਕ ਲਗਭਗ ਅਲੋਪ ਹੋਣ ਕੰਢੇ ਹੈ। ਹੁਣ ‘ਡਾਕ’ ਦਾ ਕੰਮ ਕੇਵਲ ਸਰਕਾਰੀ ਪੱਤਰ ਜਾਂ ਫਿਰ ਹੋਰ ਸਰਕਾਰੀ ਅਦਾਰਿਆਂ ਦੇ ਕੰਮਕਾਜ ਲਈ ਹੋ ਕੇ ਰਹਿ ਗਿਆ ਹੈ। ਅੱਜ ਦੇ 99% ਜੁਆਕਾਂ ਨੂੰ ਚਿੱਠੀਆਂ ਦੇ ਮਹੱਤਵ ਬਾਰੇ ਨਹੀਂ ਪਤਾ; ਕਿਉਂਕਿ ਇਹਨਾਂ ਜੁਆਕਾਂ ਨੇ ਇੰਟਰਨੈੱਟ ਦੇ ਯੁੱਗ ਵਿਚ ਅੱਖਾਂ ਖੋਲ੍ਹੀਆਂ ਹਨ। ਇਹ ਜੁਆਕ ਆਪਣੇ ਸੁਨੇਹਿਆਂ ਲਈ ਹਫਤਿਆਂ / ਮਹੀਨਿਆਂ ਬੱਧੀ ਉਡੀਕ ਨਹੀਂ ਕਰ ਸਕਦੇ। ਇਹ ਤਾਂ ਆਪਣੇ ਸੰਦੇਸ਼ ਚੰਦ ਸਕਿੰਟਾਂ ਵਿਚ ਪਹੁੰਚਾਉਣ ਦੇ ਯੁੱਗ ਵਿਚ ਜੰਮੇ ਹਨ। ਖ਼ੈਰ! ਚਿੱਠੀ ਜਿੱਥੇ ਮੋਹ ਦਾ ਪ੍ਰਤੀਕ ਮੰਨੀ ਜਾਂਦੀ ਰਹੀ ਹੈ ਉੱਥੇ ਹੀ ਆਪਸੀ ਪਿਆਰ ਲਈ ‘ਮਾਧਿਅਮ’ ਬਣਨ ਦਾ ਕਾਰਜ ਵੀ ਕਰਦੀ ਰਹੀ ਹੈ। ਪਿੰਡਾਂ ਵਿਚ ਅਨਪੜ ਲੋਕ ਆਪਣੀਆਂ ਚਿੱਠੀਆਂ ਪਿੰਡ ਦੇ ‘ਬਾਣੀਏ’ ਜਾਂ ਕਿਸੇ ‘ਪੜਾਕੂ ਮੁੰਡੇ’ ਕੋਲੋਂ ਪੜ੍ਹਵਾਉਣ ਜਾਂਦੇ ਹੁੰਦੇ ਸਨ। ਉਸ ਵਕਤ ਦੇ ਲੋਕ ਭਾਵੇਂ ਅਨਪੜ੍ਹ ਸਨ ਪਰ, ਉਹਨਾਂ ਕੋਲ ਸਹਿਣ ਸ਼ਕਤੀ ਸੀ/ ਉਡੀਕ ਕਰਨ ਲਈ ਸਬਰ ਸੀ। ਘਰਾਂ ਵਿਚ ਲੜਾਈ- ਝਗੜੇ ਨਾਮਾਤਰ ਸਨ। ਤਲਾਕ ਬਾਰੇ ਕੋਈ ਸੋਚਦਾ ਵੀ ਨਹੀਂ ਸੀ। ਹਾਂ, ਨਿੱਕ- ਮੋਟੇ ਝਗੜੇ ਪਿੰਡ ਦੇ ਲੋਕਾਂ ਵੱਲੋਂ ਸੁਲਝਾ ਲਏ ਜਾਂਦੇ ਸਨ। ਖ਼ੈਰ! ਚਿੱਠੀ ਦਾ ਸਰੂਪ ਕਈ ਤਰ੍ਹਾਂ ਦਾ ਹੁੰਦਾ ਸੀ। ‘ਸਾਹੇ ਚਿੱਠੀ’ ਨੂੰ ਵਿਆਹ ਦੇ ਸੱਦੇ ਦੀ ਚਿੱਠੀ ਕਿਹਾ ਜਾਂਦਾ ਸੀ। ਕੁੜੀ ਵਾਲੇ ਆਪਣੀ ਕੁੜੀ ਦੀ ਬਾਰਾਤ ਲਈ ਮੁੰਡੇ ਵਾਲਿਆਂ ਦੇ ਘਰ; ਵਿਆਹ ਤੋਂ ਪਹਿਲਾਂ ਚਿੱਠੀ ਭੇਜਦੇ ਸਨ ਅਤੇ ਵਿਆਹ ਦੇ ਦਿਨ, ਬਾਰਾਤ ਵਿਚ ਬੰਦਿਆਂ ਦੀ ਗਿਣਤੀ ਆਦਿਕ ਬਾਰੇ ਲਿਖਦੇ ਸਨ। ਸਰਕਾਰੀ ਚਿੱਠੀਆਂ ਵਿਚ ਸਰਕਾਰੀ ਕੰਮਕਾਰ ਬਾਰੇ ਜਿ਼ਕਰ ਹੁੰਦਾ ਸੀ। ‘ਤਾਰ’ ਆਉਣ ਨੂੰ ਅਮੂਮਨ ਮਾੜਾ/ ਭੈੜਾ ਹੀ ਸਮਝਿਆ ਜਾਂਦਾ ਸੀ ਕਿਉਂਕਿ ‘ਤਾਰ’ ਵਿਚ ਕਿਸੇ ਰਿਸ਼ਤੇਦਾਰ ਦੀ ਮੌਤ ਦਾ ਸੁਨੇਹਾ ਆਉਂਦਾ ਸੀ। ‘ਤਾਰ’ ਰੂਪੀ ਸੰਦੇਸ਼ ਬਹੁਤ ਤੇਜੀ ਨਾਲ ਆਉਂਦਾ ਸੀ ਇਸ ਲਈ ਇਸ ਕਾਹਲੀ ਨੂੰ ਕਿਸੇ ਭੈੜੀ ਖ਼ਬਰ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਖ਼ੈਰ! ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ ਹੁਣ ਭਾਵੇਂ ਤਕਨੀਕ ਦਾ ਯੁੱਗ ਹੈ ਪਰ! ਪੁਰਾਤਨ ਵੇਲੇ ਦੀਆਂ ਯਾਦਾਂ ‘ਚਿੱਠੀਆਂ’ ਦੇ ਰੂਪ ਵਿਚ ਦੇਖੀਆਂ ਜਾ ਸਕਦੀਆਂ ਹਨ। ਉਹ ਭਾਵੇਂ ਸਰਕਾਰੀ ਕੰਮਕਾਜ ਲਈ ਸਰਕਾਰੀ ਤੌਰ ’ਤੇ ਕਾਰਜਸ਼ੀਲ ਹੋਣ ਪਰ! ਅਜੇ ਤੱਕ ਜਿ਼ੰਦਾ ਹਨ। ਅੱਜ ਦੀ ਪੀੜ੍ਹੀ ਨੂੰ ਇਹਨਾਂ ਚਿੱਠੀਆਂ ਵਿਚਲੇ ਮੋਹ ਅਤੇ ਸਬਰ ਨੂੰ ਸਮਝਣਾ ਚਾਹੀਦਾ ਹੈ ਅਤੇ ਇਹਨਾਂ (ਚਿੱਠੀਆਂ) ਨਾਲ ਜੁੜਨ ਦਾ ਯਤਨ ਕਰਨਾ ਚਾਹੀਦਾ ਹੈ। — @ 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009