ਕਹਾ ਮਨ ਬਿਖਿਆ ਸਿਉ ਲਪਟਾਹੀ-ਗਿਆਨੀ ਅਮਰੀਕ ਸਿੰਘ
ਗੁਰਬਾਣੀ ਮਨੁੱਖ ਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ ਬਸ਼ਰਤੇ; ਮਨੁੱਖ ਕੋਲ ਸੋਚਣ, ਸਮਝਣ ਅਤੇ ਵਿਚਾਰ ਕਰਨ ਦੀ ਵਿਵੇਕ-ਬੁੱਧੀ ਹੋਵੇ। ਗੁਰਬਾਣੀ ਦਾ ਅਧਿਐਨ ਕਰਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਗੁਰੂ ਸਾਹਿਬਾਨ ਦਾ ਮੂਲ ਮਨੋਰਥ ਜਿੱਥੇ ‘ਆਦਰਸ਼ਕ ਸਮਾਜ’ ਦੀ ਸਿਰਜਣਾ ਕਰਨਾ ਹੈ ਉੱਥੇ ਹੀ ਮਨੁੱਖ ਨੂੰ ਆਪਣੇ ਮੂਲ ਮਨੋਰਥ (ਪਰਮਾਤਮਾ) ਦੇ ਨਾਲ ਜੋੜਨਾ ਹੈ। ਗੁਰੂ ਸਾਹਿਬ ਗੁਰਬਾਣੀ ਦੇ ਕੇਂਦਰੀ ਭਾਵ ਨਾਲ ਸਮਾਜ ਵਿਚ ਰਹਿੰਦੇ ਆਮ ਮਨੁੱਖ ਨੂੰ ਜੀਵਨ ਦਾ ਅਸਲ ਮਕਸਦ ਚੇਤੇ ਕਰਵਾਉਣਾ ਚਾਹੁੰਦੇ ਹਨ। ਇਸਦਾ ਇੱਕ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਜੋਕਾ ਮਨੁੱਖ ਸੰਸਾਰ ਦੀ ਚਕਾਚੌਂਧ ਵਿਚ ਆਪਣੇ ਮੂਲ ਉਦੇਸ਼ ਤੋਂ ਭਟਕ ਗਿਆ ਹੈ।
ਪਰੰਤੂ! ਗੁਰਬਾਣੀ ਦਾ ਸੰਦੇਸ਼ ਹੈ ਕਿ ਇਹ ਮਨੁੱਖੀ ਜੀਵਨ; ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ ਹੈ। ਇਹ ਰੱਬ ਨੂੰ ਪ੍ਰਾਪਤ ਕਰਨ ਦੀ ਵਾਰੀ ਹੈ/ ਮੌਕਾ ਹੈ। ਇਸ ਤੋਂ ਬਾਅਦ ਫੇਰ ਚੁਰਾਸੀ ਲੱਖਾਂ ਜੂਨਾਂ ਦਾ ਚੱਕਰ ਕੱਟਣਾ ਪੈਣਾ ਹੈ। ਇਸ ਲਈ ਇਸ ਅਵਸਰ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ;
‘ਭਈ ਪਰਾਪਤਿ ਮਾਨੁਖ ਦੇਹੁਰੀਆ।।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।’ (ਗੁਰੂ ਗ੍ਰੰਥ ਸਾਹਿਬ ਜੀ, ਅੰਗ- 12)
ਦੂਜੇ ਪਾਸੇ, ਗੁਰੂ ਸਾਹਿਬ ਗੁਰਬਾਣੀ ਦੇ ਮੂਲ ਸਿਧਾਂਤ ਰਾਹੀਂ ਸਮਾਜ ਵਿਚੋਂ ਊਚ-ਨੀਚ ਦੀ ਭਾਵਨਾ ਨੂੰ ਮੂਲੋਂ ਹੀ ਰੱਦ ਕਰਨਾ ਚਾਹੁੰਦੇ ਹਨ ਅਤੇ ਹਰ ਮਨੁੱਖ ਨੂੰ ਬਰਾਬਰਤਾ ਦਾ ਸੰਦੇਸ਼ ਦਿੜ੍ਹ ਕਰਵਾਉਂਦਾ ਚਾਹੁੰਦੇ ਹਨ।
ਪਰੰਤੂ! ਬਦਕਿਸਮਤੀ ਅੱਜ ਦਾ ਮਨੁੱਖ ਆਪਣੇ ‘ਅਮੁੱਲ ਜੀਵਨ’ ਨੂੰ ਸੰਸਾਰਕ ਵਸਤੂਆਂ ਦੀ ਅੰਨ੍ਹੀ ਦੌੜ ਵਿਚ ਅਜਾਈਂ ਗੁਆ ਰਿਹਾ ਹੈ। ਮਨੁੱਖ ਦੇ ਜੀਵਨ ਦਾ ‘ਟੀਚਾ’ ਜਿੱਥੇ ਵਧੀਆ ਜੀਵਨ ਜਿਉਣਾ ਹੈ ਉੱਥੇ ਹੀ ਬੇਸ਼ੁਮਾਰ ਧਨ-ਸੰਪਦਾ ਇਕੱਠਾ ਕਰਨਾ ਵੀ ਹੋ ਗਿਆ ਹੈ। ਪਰੰਤੂ! ਇਸ ਦੇ ਉਲਟ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਜੀਵਨ ਦੇ ਅਸਲ ਮਨੋਰਥ ਬਾਰੇ ਜਾਗਰੁਕ ਕਰਦੀ ਹੈ; ਤਾੜਨਾ ਕਰਦੀ ਹੈ; ਪ੍ਰੇਰਿਤ ਕਰਦੀ ਹੈ;
‘ਕਹਾ ਮਨ ਬਿਖਿਆ ਸਿਉ ਲਪਟਾਹੀ।।
ਯਾ ਜਗ ਮੈ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ।। ਰਹਾਉ।। (ਗੁਰੂ ਗ੍ਰੰਥ ਸਾਹਿਬ ਜੀ, ਅੰਗ- 1321)
ਸਾਰੰਗ ਰਾਗ ਦਾ ਇਹ ਸ਼ਬਦ ਨੌਂਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਵਿਚ ਗੁਰੂ ਸਾਹਿਬ ਮਨੁੱਖ ਨੂੰ ਸਮਝਾਉਂਦਿਆਂ ਆਖਦੇ ਹਨ ਕਿ ਇਸ ਜਗ ਵਿਚ ਪੈਦਾ ਹੋਇਆ ਕੋਈ ਵੀ ਜੀਵ ‘ਸਦਾ’ ਰਹਿਣ ਵਾਲਾ ਨਹੀਂ ਹੈ। ਬ੍ਰਹਿਮੰਡ ਵਿਚ ਮੌਜੂਦ ਹਰ ਵਸਤੂ ਨਾਸ਼ਮਾਨ ਹੈ। ਮਨੁੱਖ ਦਾ ਸਰੀਰ ਵੀ ਨਾਸ਼ਮਾਨ ਹੈ। ਇਸ ਲਈ ਨਾਸ਼ਮਾਨ ਵਸਤੂਆਂ ਲਈ ਆਪਣੇ ਅਮੁੱਲ ਮਨੁੱਖੀ ਜੀਵਨ ਨੂੰ ਅਜਾਈਂ ਨਹੀਂ ਗੁਆਉਣਾ; ਸਿਆਣਪ ਨਹੀਂ ਕਹੀ ਜਾ ਸਕਦੀ।
ਗੁਰੂ ਸਾਹਿਬ ਫੁਰਮਾਨ ਕਰਦੇ ਹਨ ਕਿ ਇਹ ਸੰਸਾਰ ‘ਚਲੰਤ ਮਾਰਗ’ ਵਾਂਗ ਹੈ। ਇੱਥੇ ਇੱਕ ਆਉਂਦਾ ਹੈ ਤਾਂ ਦੂਜਾ ਚਲਾ ਜਾਂਦਾ ਹੈ। ਇੱਥੇ ਕਿਸੇ ਨੇ ਸਦਾ ਨਹੀਂ ਰਹਿਣਾ। ਜਿਸ ਤਰ੍ਹਾਂ ਬੱਦਲ ਦੀ ਛਾਂ ਹੁੰਦੀ ਹੈ ਪਰੰਤੂ! ਚੰਦ ਸਕਿੰਟਾਂ ਵਿਚ ਇਹ ਛਾਂ ਖ਼ਤਮ ਹੋ ਜਾਂਦੀ ਹੈ। ਬੱਦਲ ਦੀ ਕੀਤੀ ਹੋਈ ‘ਛਾਂ’ ਅਤੇ ਰਾਤ ਨੂੰ ਸੁੱਤਿਆਂ ਹੋਇਆ ਲਿਆ ਗਿਆ ‘ਸੁਫ਼ਨਾ’ ਮਨੁੱਖ ਨੂੰ ਛਿਣ ਮਾਤਰ ਲਈ ਸੁਖ ਪ੍ਰਦਾਨ ਕਰ ਸਕਦਾ ਹੈ ਪਰੰਤੂ! ਛੇਤੀ ਹੀ ਖ਼ਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖੀ ਜੀਵਨ ਵੀ ਬੱਦਲ ਦੀ ‘ਛਾਂ’ ਵਾਂਗ ਕੁਝ ਵਕਤ ਲਈ ਹੁੰਦਾ ਹੈ;
‘ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ।।’ (ਗੁਰੂ ਗ੍ਰੰਥ ਸਾਹਿਬ ਜੀ, ਅੰਗ- 1231)
ਗੁਰਬਾਣੀ ਦੇ ਅਨੁਸਾਰ ਜਿਸ ਤਰ੍ਹਾਂ ਰਾਤ ਨੂੰ ਸੁੱਤਿਆਂ ‘ਸੁਫ਼ਨਾ’ ਆਉਂਦਾ ਹੈ ਪਰੰਤੂ! ਜਦੋਂ ਅੱਖ ਖੁੱਲ੍ਹਦੀ ਹੈ ਤਾਂ ਸਭ ਹਾਸੇ, ਖ਼ੁਸ਼ੀਆਂ, ਆਡੰਬਰ ਸਮਾਪਤ ਹੋ ਜਾਂਦੇ ਹਨ। ਇਸੇ ਤਰ੍ਹਾਂ ਮਨੁੱਖ ਦਾ ਇਹ ਜੀਵਨ ਵੀ ਇੱਕ ਸੁਫ਼ਨੇ ਦੀ ਨਿਆਈਂ ਹੈ ਜਿਹੜਾ ਅੱਖ ਦੇ ਝਮੱਕੇ ਨਾਲ ਖ਼ਤਮ ਹੋ ਜਾਂਦਾ ਹੈ।
ਇਸ ਲਈ ਮਨੁੱਖ ਨੂੰ ਗੁਰਮਤਿ ਅਨੁਸਾਰ ਜੀਵਨ ਨੂੰ ਜਿਉਣਾ ਚਾਹੀਦਾ ਹੈ। ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਜੀਵਨ ਵਿਚ ਧਾਰਨਾ ਚਾਹੀਦਾ ਹੈ ਅਤੇ ਚੰਗਾ/ ਨੇਕ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਕਿ ਇਹ ਜੀਵਨ ਵੀ ਸੁਖਾਲਾ ਬਤੀਤ ਹੋ ਜਾਵੇ ਅਤੇ ਪ੍ਰਭੂ ਦੇ ਦਰ ‘ਤੇ ਪ੍ਰਵਾਨ ਹੀ ਹੋ ਜਾਈਏ;
ਇਹ ਲੋਕ ਸੁਖੀਏ ਪਰਲੋਕ ਸੁਹੇਲੇ ।।
ਨਾਨਕ ਹਰਿ ਪ੍ਰਭਿ ਆਪਹਿ ਮੇਲੇ।। (ਗੁਰੂ ਗ੍ਰੰਥ ਸਾਹਿਬ ਜੀ, ਅੰਗ- 292, 293)
—
#ਸਾਬਕਾ ਹੈੱਡ ਗ੍ਰੰਥੀ
ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਕੁਰੂਕਸ਼ੇਤਰ।
ਸੰਪਰਕ: 98961-61534