ਧੋਖਾ-ਰਵਿੰਦਰ ਸਿੰਘ ਕੁੰਦਰਾ
ਬਰਮਿੰਘਮ ਦੇ ਹੈਗਲੀ ਰੋਡ ਉੱਤੇ ਰਾਤ ਦੇ ਤਕਰੀਬਨ 10 ਵਜੇ ਮੈਂ ਇੱਕ ਪਾਰਟੀ ਜਸ਼ਨ ਵਿੱਚ ਹਾਜ਼ਰ ਹੋਣ ਤੋਂ ਬਾਅਦ ਨਿਊ ਸਟਰੀਟ ਸਟੇਸ਼ਨ ਤੋਂ ਕਵੈਂਟਰੀ ਵਾਸਤੇ ਰੇਲਗੱਡੀ ਫੜਨ ਲਈ ਕਾਹਲ ਵਿੱਚ ਬੱਸ ਦੀ ਉਡੀਕ ਕਰ ਰਿਹਾ ਸੀ। ਦੇਰ ਰਾਤ ਹੋਣ ਕਰਕੇ ਬੱਸਾਂ ਦਾ ਆਉਣਾ ਜਾਣਾ ਵੀ ਘੱਟ ਜਾਂਦਾ ਹੈ, ਜਿਸ ਕਾਰਨ ਮੈਨੂੰ ਫਿਕਰ ਸੀ ਕਿ ਜੇ ਜਲਦੀ ਬੱਸ ਨਾ ਆਈ ਤਾਂ ਰਾਤ ਨੂੰ ਮੈਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਬੱਸ ਸਟੌਪ ਉੱਤੇ ਮੇਰੇ ਨਾਲ ਇੱਕ ਹੋਰ ਔਰਤ ਸਵਾਰੀ ਵੀ ਬੱਸ ਦੀ ਉਡੀਕ ਵਿੱਚ ਖੜ੍ਹੀ ਸੀ ਅਤੇ ਉਸ ਦੀ ਪਰੇਸ਼ਾਨੀ ਵੀ ਮੇਰੇ ਵਰਗੀ ਹੀ ਸੀ। ਗੱਲਬਾਤ ਦੌਰਾਨ ਪਤਾ ਲੱਗਾ ਕਿ ਉਹ ਵੀ ਨਿਊ ਸਟਰੀਟ ਤੋਂ ਅੱਗੇ ਬ੍ਰਿਸਟਲ ਸਟਰੀਟ ਦੇ ਇਲਾਕੇ ਵਿੱਚ ਜਾਣ ਲਈ ਕਾਹਲੀ ਸੀ।
ਕੁੱਝ ਦੇਰ ਹੋਰ ਉਡੀਕਣ ਉੱਤੇ ਵੀ ਬੱਸ ਨਾ ਆਉਂਦੀ ਲੱਗਦੀ ਦੇਖ ਕੇ ਉਸ ਔਰਤ ਨੇ ਟੈਕਸੀ ਮੰਗਵਾਉਣ ਲਈ ਫੋਨ ਕਰ ਦਿੱਤਾ। ਉਸ ਨੇ ਨਾਲ ਹੀ ਮੈਨੂੰ ਵੀ ਇਹ ਪੇਸ਼ਕਸ਼ ਕਰ ਦਿੱਤੀ ਕਿ ਤੂੰ ਵੀ ਉਸੇ ਟੈਕਸੀ ਵਿੱਚ ਬੈਠ ਸਕਦਾ ਹੈਂ। ਅਜਿਹੀ ਹਾਲਤ ਵਿੱਚ ਮੇਰੇ ਲਈ ਵੀ ਇਸ ਤੋਂ ਵਧੀਆ ਕਿਹੜੀ ਗੱਲ ਹੋ ਸਕਦੀ ਸੀ, ਕਿ ਮੈਂ ਵੀ ਜਲਦੀ ਆਪਣੇ ਟਿਕਾਣੇ ਵੱਲ ਰਵਾਨਾ ਹੋ ਜਾਂਦਾ। ਖ਼ੈਰ, ਬੜੀ ਜਲਦੀ ਹੀ ਟੈਕਸੀ ਆ ਗਈ ਅਤੇ ਜਿਸ ਵਿੱਚ ਅਸੀਂ ਦੋਨੋਂ ਸਵਾਰ ਹੋ ਗਏ ਅਤੇ ਟੈਕਸੀ ਚੱਲ ਪਈ। ਮੇਰੇ ਅੰਦਾਜ਼ੇ ਅਨੁਸਾਰ ਮੈਂ ਸੋਚਿਆ ਕਿ ਜੇਕਰ ਮੈਂ ਆਪਣਾ ਬਣਦਾ ਕਿਰਾਇਆ, ਦਸ ਕੁ ਪਾਊਂਡ ਉਸ ਔਰਤ ਨੂੰ ਪਹਿਲਾਂ ਹੀ ਦੇ ਦੇਵਾਂ ਤਾਂ ਚੰਗਾ ਹੈ, ਕਿਉਂਕ ਮੈਂ ਪਹਿਲਾਂ ਉੱਤਰਨਾ ਸੀ ਅਤੇ ਉਸ ਨੇ ਅੱਗੇ ਜਾਣਾ ਸੀ। ਸੋ ਮੈਂ ਉਸ ਔਰਤ ਨੂੰ ਦਸ ਪਾਊਂਡ ਦੇ ਦਿੱਤੇ। ਪਰ ਪਹਿਲਾਂ ਪਹਿਲ ਉਹ ਮੇਰੇ ਕੋਲੋਂ ਪੈਸੇ ਲੈਣ ਤੋਂ ਇਨਕਾਰ ਕਰ ਰਹੀ ਸੀ ਅਤੇ ਕਹਿ ਰਹੀ ਸੀ ਕਿ ਇਨਸਾਨੀਅਤ ਦੇ ਨਾਤੇ ਇਹ ਬੜੀ ਛੋਟੀ ਜਿਹੀ ਗੱਲ ਸੀ। ਇਸ ਗੱਲ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਕਿ ਇੱਕ ਛੋਟੀ ਜਿਹੀ ਮੁਲਾਕਾਤ ਨਾਲ ਹੀ ਗੋਰੀ ਨਸਲ ਦੀ ਇਹ ਔਰਤ ਮੇਰੇ ਉੱਤੇ ਇੰਨੀ ਪਰ ਉਪਕਾਰੀ ਕਿਵੇਂ ਹੋ ਗਈ ਕਿ ਮੈਨੂੰ ਮੁਫ਼ਤ ਵਿੱਚ ਹੀ ਟੈਕਸੀ ਦਾ ਸਫਰ ਕਰਾ ਰਹੀ ਸੀ। ਪਰ ਫੇਰ ਵੀ ਮੈਂ ਜ਼ੋਰੋ ਜ਼ੋਰੀ ਉਸ ਨੂੰ ਦਸ ਪਾਊਂਡ ਦੇ ਹੀ ਦਿੱਤੇ। ਰਸਤੇ ਵਿੱਚ ਜਾਂਦਿਆਂ ਕੁੱਝ ਇੱਧਰ ਉੱਧਰ ਦੀਆਂ ਰਸਮੀ ਗੱਲਾਂ ਅਸੀਂ ਆਪਸ ਵਿੱਚ ਸਾਂਝੀਆਂ ਕੀਤੀਆਂ ਜਿਸ ਨਾਲ ਟਾਈਮ ਜਲਦੀ ਪਾਸ ਹੋ ਗਿਆ ਅਤੇ ਪਤਾ ਹੀ ਨਹੀਂ ਲੱਗਾ ਕਿ ਕਦੋਂ ਅਸੀਂ ਨਿਊ ਸਟਰੀਟ ਸਟੇਸ਼ਨ ਦੇ ਨੇੜੇ ਪਹੁੰਚ ਗਏ। ਨਿਊ ਸਟਰੀਟ ਸਟੇਸ਼ਨ ਦੇ ਨੇੜੇ ਟੈਕਸੀ ਰੁਕਣ ਉੱਤੇ ਮੈਂ ਔਰਤ ਦਾ ਧੰਨਵਾਦ ਕਰਨ ਤੋਂ ਬਾਅਦ ਟੈਕਸੀ ਤੋਂ ਉਤਰਨ ਦਾ ਮਨ ਬਣਾਇਆ ਹੀ ਸੀ ਕਿ ਉਹ ਔਰਤ ਮੈਥੋਂ ਪਹਿਲਾਂ ਹੀ ਟੈਕਸੀ ਤੋਂ ਬਾਹਰ ਨਿਕਲ ਕੇ ਇੱਕ ਸਟਰੀਟ ਵੱਲ੍ਹ ਭੱਜ ਗਈ। ਇਹ ਦੇਖ ਕੇ ਮੈਂ ਅਤੇ ਟੈਕਸੀ ਡਰਾਈਵਰ ਦੋਨੋਂ ਹੀ ਹੱਕੇ ਬੱਕੇ ਰਹਿ ਗਏ। ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਅਚਾਨਕ ਕੀ ਹੋ ਗਿਆ ਸੀ, ਜਿਸ ਦਾ ਸਾਨੂੰ ਕੋਈ ਅੰਦਾਜ਼ਾ ਨਹੀਂ ਸੀ। ਅਚਾਨਕ ਸਾਡੇ ਦੋਨਾਂ ਦੇ ਦਿਮਾਗ ਵਿੱਚ ਇੱਕੋ ਵਾਰੀ ਉਸ ਦਾ ਪਿੱਛਾ ਕਰਨ ਦਾ ਖਿਆਲ ਆਉਂਦਿਆਂ ਹੀ ਅਸੀਂ ਦੋਨੋਂ ਵੀ ਉਸ ਦੇ ਪਿੱਛੇ ਭੱਜੇ। ਪਰ ਕਿਉਂਕਿ ਸਾਡੇ ਅਤੇ ਉਸ ਦੇ ਵਿਚਕਾਰ ਕੁੱਝ ਮਿੰਟਾਂ ਦਾ ਵਕਫਾ ਪੈ ਚੁੱਕਾ ਸੀ, ਇਸ ਲਈ ਉਹ ਜਲਦੀ ਹੀ ਰਾਤ ਦੇ ਹਨੇਰੇ ਵਿੱਚ ਸਾਡੀਆਂ ਨਜ਼ਰਾਂ ਤੋਂ ਉਹਲੇ ਹੋ ਗਈ। ਮੈਂ ਇੱਕ ਦੋ ਗਲੀਆਂ ਗਾਹ ਕੇ ਖਾਲੀ ਹੱਥ ਟੈਕਸੀ ਵੱਲ੍ਹ ਨੂੰ ਵਾਪਸ ਮੁੜਨ ਦਾ ਇਰਾਦਾ ਕੀਤਾ। ਟੈਕਸੀ ਡਰਾਈਵਰ ਕਿਸੇ ਹੋਰ ਗਲੀ ਵੱਲ੍ਹ ਉਸ ਦਾ ਪਿੱਛਾ ਕਰਨ ਨਿਕਲ ਗਿਆ ਸੀ, ਜਿਸ ਕਰਕੇ ਸਾਡੇ ਰਾਹ ਅਲੱਗ ਅਲੱਗ ਹੋ ਗਏ ਸਨ। ਟੈਕਸੀ ਵੱਲ੍ਹ ਵਾਪਸ ਆਉਂਦਿਆਂ ਮੇਰੇ ਮਨ ਵਿੱਚ ਕਈ ਸਵਾਲ ਉੱਠ ਰਹੇ ਸਨ ਕਿ ਉਸ ਔਰਤ ਨੂੰ ਅਜਿਹਾ ਕਰਨ ਦੀ ਕੀ ਮਜਬੂਰੀ ਸੀ। ਕੀ ਉਹ ਕਿਸੇ ਮਿਸ਼ਨ ਉੱਤੇ ਸੀ? ਕੀ ਉਸ ਨੂੰ ਕਿਸੇ ਕਿਸਮ ਦਾ ਕੋਈ ਡਰ ਪੈ ਗਿਆ ਸੀ? ਕੀ ਉਸ ਨੂੰ ਸਾਥੋਂ ਕਿਸੇ ਕਿਸਮ ਦਾ ਖ਼ਤਰਾ ਮਹਿਸੂਸ ਹੋਇਆ ਸੀ? ਉਸ ਨੇ ਜਾਣਾ ਤਾਂ ਕਿਸੇ ਹੋਰ ਪਾਸੇ ਸੀ, ਫੇਰ ਉਹ ਇੱਥੇ ਹੀ ਕਿਉਂ ਉੱਤਰ ਗਈ ਸੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬਾਂ ਦੀ ਉਧੇੜ ਬੁਣ ਕਰਦਾ ਹੋਇਆ ਜਦੋਂ ਮੈਂ ਟੈਕਸੀ ਵਾਲੀ ਥਾਂ ‘ਤੇ ਪਹੁੰਚਿਆ ਤਾਂ ਉੱਥੇ ਉਹ ਟੈਕਸੀ ਵੀ ਨਹੀਂ ਸੀ। ਇਸ ਗੱਲ ਨੇ ਮੈਨੂੰ ਹੋਰ ਵੀ ਹੈਰਾਨ ਕਰ ਦਿੱਤਾ ਅਤੇ ਮੇਰੇ ਮਨ ਦੇ ਸਵਾਲਾਂ ਵਿੱਚ ਹੋਰ ਵੀ ਵਾਧਾ ਹੋ ਗਿਆ, ਕਿ ਟੈਕਸੀ ਵਾਲਾ ਵੀ ਕਿਉਂ ਭੱਜ ਗਿਆ ਸੀ? ਉਸ ਨੇ ਮੇਰੀ ਉਡੀਕ ਕਿਉਂ ਨਹੀਂ ਕੀਤੀ? ਕੀ ਉਹ ਇਹ ਸੋਚ ਰਿਹਾ ਹੋਵੇਗਾ, ਕਿ ਮੈਂ ਵੀ ਉਸ ਔਰਤ ਵਾਂਗ ਉਸ ਨਾਲ ਧੋਖਾ ਕੀਤਾ ਹੈ ਅਤੇ ਉਸ ਦਾ ਕਿਰਾਇਆ ਮਾਰ ਲਿਆ ਹੈ ਅਤੇ ਇਸੇ ਕਰਕੇ ਮੈਂ ਵੀ ਗਾਇਬ ਹੋ ਗਿਆ ਸੀ? ਇਹ ਸਾਰੀ ਘਟਨਾ ਮੇਰੇ ਲਈ ਵੀ ਦੋਹਰੇ ਛਲਾਵੇ ਤੋਂ ਘੱਟ ਨਹੀਂ ਸੀ, ਜਿਸ ਨੇ ਮੇਰੇ ਉਨ੍ਹਾਂ ਸਾਰੇ ਸਵਾਲਾਂ ਦਾ ਕੋਈ ਵੀ ਜਵਾਬ ਲੱਭਣ ਵਿੱਚ ਮੇਰੀ ਸਹਾਇਤਾ ਨਹੀਂ ਕੀਤੀ। ਭਾਵੇਂ ਮਾਇਕ ਤੌਰ ‘ਤੇ ਇਹ ਛੋਟੀ ਜਿਹੀ ਗੱਲ ਸੀ, ਪਰ ਅਸੂਲੀ ਤੌਰ ‘ਤੇ ਮੈਂ ਇਹ ਫੈਸਲਾ ਨਹੀਂ ਕਰ ਸਕਿਆ ਕਿ ਕਿਸ ਨੇ ਕਿਸ ਨਾਲ ਕਿਉਂ ਧੋਖਾ ਕੀਤਾ। ਕੀ ਉਸ ਔਰਤ ਨੇ ਅਜਿਹਾ ਸਿਰਫ ਦਸ ਪਾਊਂਡਾਂ ਖ਼ਾਤਰ ਕੀਤਾ? ਦੂਸੇ ਪਾਸੇ ਉਹ ਬੇਚਾਰਾ ਟੈਕਸੀ ਡਰਾਈਵਰ ਕੀ ਸੋਚਦਾ ਹੋਵੇਗਾ? ਉਸ ਦੀ ਨਜ਼ਰ ਵਿੱਚ ਸ਼ਾਇਦ ਮੈਂ ਵੀ ਉੰਨਾ ਹੀ ਧੋਖੇਬਾਜ਼ ਸੀ, ਜਿੰਨੀ ਉਹ ਔਰਤ ਸੀ। ਸੋ ਕੀ ਇਹ ਧੋਖਾ ਮੇਰੇ ਨਾਲ ਹੋਇਆ ਸੀ? ਜਾਂ ਇਸ ਤੋਂ ਵੀ ਵੱਡਾ ਧੋਖਾ ਟੈਕਸੀ ਡਰਾਈਵਰ ਨਾਲ ਹੋਇਆ ਸੀ? ਹਾਲਾਂਕਿ ਮੇਰਾ ਇਰਾਦਾ ਸਾਫ਼ ਸੀ ਅਤੇ ਮੈ ਉਸ ਡਰਾਈਵਰ ਨਾਲ ਉਸ ਦਾ ਬਣਦਾ ਕਿਰਾਇਆ ਦੇਕੇ ਹਮਦਰਦੀ ਜ਼ਾਹਿਰ ਕਰਨੀ ਚਾਹੁੰਦਾ ਸੀ। ਪਰ ਸੁਪਨੇ ਤਾਂ ਸੁਪਨੇ ਹੀ ਹੁੰਦੇ ਨੇ। ਇਨ੍ਹਾਂ ਵਿੱਚ ਸਾਰਥਕਤਾ ਅਤੇ ਸਾਕਾਰਤਾ ਦੇ ਸ਼ਾਇਦ ਹੀ ਕਦੀ ਕੋਈ ਅੰਸ਼ ਸ਼ਾਮਲ ਹੋਣ। ਇਨ੍ਹਾਂ ਦਾ ਲੋਪ ਤੋਂ ਅਲੋਪ ਹੋਣ ਤੱਕ ਦਾ ਵਕਫਾ ਸਿਰਫ ਅੱਖ ਦਾ ਝਮਕਣਾ ਹੀ ਹੁੰਦਾ ਹੈ। ਇਸ ਨੂੰ ਛਲਾਵਾ ਕਹਿ ਲਈਏ ਜਾਂ ਨਜ਼ਰ ਦਾ ਧੋਖਾ? ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ