ਜਸਵਿੰਦਰ ਸਿੰਘ ਰੁਪਾਲ ਦੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ ਜੀਵਨ ਸਫਲ ਕਰਨ ਦਾ ਗੁਰਮੰਤਰ-ਉਜਾਗਰ ਸਿੰਘ
ਜਸਵਿੰਦਰ ਸਿੰਘ ਰੁਪਾਲ ਦੀ ਪਲੇਠੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ ਗੁਰਬਾਣੀ ਅਨੁਸਾਰ ਮਨੁੱਖਤਾ ਨੂੰ ਆਪਣਾ ਜੀਵਨ ਸਫਲ ਕਰਨ ਦਾ ਗੁਰਮੰਤਰ ਹੈ। ਇਸ ਪੁਸਤਕ ਵਿੱਚ ਸਿੱਖ ਵਿਚਾਰਧਾਰਾ ਦਾ ਕੋਈ ਅਜਿਹਾ ਪੱਖ ਨਹੀਂ ਹੈ, ਜਿਸ ਬਾਰੇ ਵਿਸਤਾਰ ਨਾਲ ਜਾਣਕਾਰੀ ਨਾ ਦਿੱਤੀ ਗਈ ਹੋਵੇ। ਸਿੱਖ ਧਰਮ ਦੀ ਵਿਚਾਰਧਾਰਾ ਦੀ ਵਿਆਖਿਆ ਕਰਨਾ ਕੋਈ ਸੌਖਾ ਕਾਰਜ ਨਹੀਂ ਕਿਉਂਕਿ ਵਿਚਾਰਧਾਰਾ ਦੀ ਤਹਿ ਤੱਕ ਪਹੁੰਚੇ ਤੋਂ ਬਿਨਾ ਉਸ ਬਾਰੇ ਸਰਲ ਤਰੀਕੇ ਨਾਲ ਸਮਝੌਣਾ ਬਹੁਤ ਹੀ ਕਠਨ ਹੁੰਦਾ ਹੈ ਪ੍ਰੰਤੂ ਜਸਵਿੰਦਰ ਸਿੰਘ ਰੁਪਾਲ ਕਈ ਭਾਸ਼ਾਵਾਂ ਅਤੇ ਵਿਸ਼ਿਆਂ ਦਾ ਵਿਦਵਾਨ ਹੋਣ ਕਰਕੇ ਆਪਣੇ ਮਿਸ਼ਨ ਵਿੱਚ ਸਫਲ ਹੋਇਆ ਹੈ। ਜੇਕਰ ਇਸ ਪੁਸਤਕ ਨੂੰ ਸਿੱਖ ਵਿਚਾਰਧਾਰਾ ਦੀ ਕੁੰਜੀ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਇਸ ਪੁਸਤਕ ਵਿੱਚ 30 ਲੇਖ ਜਿਨ੍ਹਾਂ ਰਾਹੀਂ ਲੇਖਕ ਨੇ ਗੁਰਬਾਣੀ ਵਿੱਚੋਂ ਦਲੀਲਾਂ ਦੇ ਕੇ ਸਰਲ ਸ਼ਬਦਾਵਲੀ ਵਿੱਚ ਮਨੁੱਖ ਨੂੰ ਗੁਰਬਾਣੀ ਦੀਆਂ ਰਮਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਤਮਿਕ ਪ੍ਰਕਾਸ਼ ਇਨਸਾਨ ਦੇ ਅੰਦਰ ਹੀ ਹੈ ਪ੍ਰੰਤੂ ਮਨੁੱਖ ਨੂੰ ਉਸ ਪ੍ਰਕਾਸ਼ ਨੂੰ ਪ੍ਰਾਪਤ ਕਰਨ ਲਈ ਸ਼ਬਦ ਗੁਰੂ ਦਾ ਸਹਾਰਾ ਲੈਣਾ ਪਵੇਗਾ। ਸ਼ਬਦ ਗੁਰੂ ਅਸਲ ਵਿੱਚ ਗੁਰਬਾਣੀ ਹੀ ਹੈ। ਗੁਰਬਾਣੀ ਦੀ ਅੰਤਰ ਆਤਮਾ ਤੱਕ ਪਹੁੰਚਣ ਲਈ ਇਨਸਾਨ ਨੂੰ ਆਪਣੇ ਮਨ ਨੂੰ ਇਕਾਗਰ ਚਿਤ ਕਰਨਾ ਹੋਵੇਗਾ। ਸ਼ਬਦ ਗੁਰੂ ਹੀ ਪਰਮਾਤਮਾ ਤੱਕ ਪਹੁੰਚਣ ਦਾ ਸਾਧਨ ਹੈ ਪ੍ਰੰਤੂ ਇਹ ਵੀ ਪਰਮਾਤਮਾ ਦੀ ਕਿਰਪਾ ਕਰਕੇ ਹੀ ਸੰਭਵ ਹੋ ਸਕੇਗਾ। ਸ਼ਬਦ ਗੁਰੂ ਹੀ ਮਨੁੱਖ ਨੂੰ ਜੀਵਨ ਜਾਚ ਦੇਵੇਗਾ, ਜਿਸ ਰਾਹੀਂ ਮਨੁੱਖ ਆਪਣੇ ਮਨ ਨੂੰ ਕਾਬੂ ਵਿੱਚ ਰੱਖਕੇ ਉਸ ਪਰਮ ਪਰਮਾਤਮਾ ਨਾਲ ਆਪਣੀ ਲਿਵ ਜੋੜ ਸਕੇਗਾ। ਇਸ ਪੁਸਤਕ ਦੇ ਲੇਖਾਂ ਦਾ ਸਾਰ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨਾ ਹੈ, ਫਿਰ ਮਨੁੱਖ ਦਾ ਜੀਵਨ ਸ਼ਾਂਤਮਈ ਅਤੇ ਸੁੱਖਦਾਈ ਹੋਵੇਗਾ। ਜਸਵਿੰਦਰ ਸਿੰਘ ਰੁਪਾਲ ਦੀ ਕਾਬਲੀਅਤ ਇਸੇ ਵਿੱਚ ਹੈ ਕਿ ਉਨ੍ਹਾਂ ਨੇ ਸਿੱਖ ਵਿਚਾਰਧਾਰਾ ਦੀ ਤਹਿ ਤੱਕ ਪਹੁੰਚਣ ਲਈ ਗੁਰਬਾਣੀ ਦਾ ਸਹਾਰਾ ਲੈ ਕੇ ਉਦਾਹਰਣਾਂ ਰਾਹੀਂ ਸਮਝਾਇਆ ਹੈ। ਇਨਸਾਨ ਨੂੰ ਆਪਣੇ ਅੰਦਰ ਗੁਰਬਾਣੀ ਰਾਹੀਂ ਪ੍ਰਕਾਸ਼ ਕਰਨਾ ਪਵੇਗਾ। ਉਹ ਪ੍ਰਕਾਸ਼ ਹੀ ਮਨੁੱਖ ਦਾ ਬੇੜਾ ਪਾਰ ਕਰੇਗਾ। ਪੁਸਤਕ ਦਾ ਪਹਿਲਾ ਲੇਖ ‘ਅਖੀ ਬਾਝਹੁ ਵੇਖਣਾ’ ਬਾਰੇ ਲੇਖਕ ਵਿਗਿਆਨਕ ਢੰਗ ਨਾਲ ਅੱਖਾਂ ਦੇ ਪ੍ਰਕਾਸ਼ ਦੀ ਉਦਾਹਰਣ ਦੇ ਕੇ ਸਮਝਾਉਂਦਾ ਹੈ ਕਿ ਉਸੇ ਤਰ੍ਹਾਂ ਜੇਕਰ ਮਨੁੱਖ ਸ਼ਬਦ ਗੁਰੂ ਰਾਹੀਂ ਆਪਣੇ ਮਨ ਵਿੱਚ ਪ੍ਰਕਾਸ਼ ਲਿਆਵੇਗਾ ਤਾਂ ਹੀ ਮਨੁੱਖੀ ਜੀਵਨ ਸਫਲ ਹੋ ਸਕਦਾ ਹੈ। ਦੂਜੇ ਲੇਖ ‘ਅਧਿਆਤਮਕ ਬੁਝਾਰਤਾਂ’ ਵਿੱਚ ਗੁਰਬਾਣੀ ਦੀਆਂ ਗੁੱਝੀਆਂ ਅਧਿਆਤਮਕ ਬੁਝਾਰਤਾਂ ਨੂੰ ਸਮਝਣ ਨਾਲ ਜੀਵਨ ਜਾਚ ਆਉਂਦੀ ਹੈ। ਭਾਵ ਮਨੁੱਖ ਨੂੰ ਗੁਰਬਾਣੀ ਦਾ ਅਧਿਐਨ ਕਰਨਾ ਜ਼ਰੂਰੀ ਹੈ। ਤੀਜੇ ਲੇਖ ‘ਸਿੱਖ ਕੌਮ ਆਪਣੇ ਕੌਮੀ ਦਿਹਾੜੇ ਐਲਾਨੇ ਅਤੇ ਮਨਾਵੇ’ ਵਿੱਚ ਸੁਝਾਅ ਦਿੱਤੇ ਗਏ ਹਨ ਕਿ ਵਿਦਵਾਨਾ ਨਾਲ ਸਲਾਹ ਕਰਕੇ ਕੌਮੀ ਦਿਹਾੜੇ ਮਨਾਏ ਜਾਣ ਤਾਂ ਜੋ ਭਵਿਖ ਵਿੱਚ ਨਵੀਂ ਪੀੜ੍ਹੀ ਗੁਰਬਾਣੀ ਨਾਲ ਹਮੇਸ਼ਾ ਜੁੜੀ ਰਹੇ। ਇਸ ਪੁਸਤਕ ਦੇ ਸਾਰੇ ਲੇਖਾਂ ਵਿੱਚ ਜਸਵਿੰਦਰ ਸਿੰਘ ਰੁਪਾਲ ਨੇ ਸਿੱਖ ਕੌਮ ਨੂੰ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਵਿਗਿਆਨ ਦਾ ਗੁਰਬਾਣੀ ਵਿਰੋਧ ਨਹੀਂ ਕਰਦੀ ਸਗੋਂ ਗੁਰਬਾਣੀ ਬਹੁਤ ਥਾਵਾਂ ਤੇ ਵਿਗਿਆਨਕ ਸੋਚ ਦੀ ਮੁੱਦਈ ਬਣਦੀ ਹੈ ਪ੍ਰੰਤੂ ਗੁਰਬਾਣੀ ਵਿੱਚ ਦੋ ਜਮਾ ਦੋ ਚਾਰ ਨਹੀਂ ਹੁੰਦੇ। ਗੁਰਬਾਣੀ ਮਨੁੱਖਤਾ ਦੀ ਭਲਾਈ ਲਈ ਪ੍ਰੇਰਿਤ ਕਰਦੀ ਹੈ। ਗੁਰਬਾਣੀ ਬਾਰੇ ਕੁਝ ਲੋਕਾਂ ਨੇ ਭਰਮ ਭੁਲੇਖੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਨੇ ਉਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਗੁਰਬਾਣੀ ਵਿੱਚੋਂ ਉਦਾਹਰਣਾ ਦੇ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕਈ ਥਾਵਾਂ ਤੇ ਸਾਖੀਆਂ ਵਿੱਚ ਚਮਤਕਾਰ ਗੁਰੂ ਸਾਹਿਬਾਨ ਦੇ
ਨਾਮ ਨਾਲ ਜੋੜੇ ਗਏ ਹਨ, ਉਹ ਬਿਲਕੁਲ ਗ਼ਲਤ ਹੈ। ਸ਼ਰਧਾ ਨਾਲ ਗੁਰੂ ਸਾਹਿਬ ਨੂੰ ਵੱਡਾ ਵਿਖਾਉਣ ਲਈ ਕਰਾਮਾਤਾਂ ਜੋੜੀਆਂ ਗਈਆਂ ਹਨ। ਗੁਰਬਾਣੀ ਦਲੀਲਾਂ ਅਤੇ ਤੱਥਾਂ ਤੇ ਅਧਾਰਤ ਹੈ। ਕੁਝ ਲੋਕਾਂ ਨੇ ਗੁਰਬਾਣੀ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੁਪਾਲ ਅੱਗੋਂ ਲਿਖਦੇ ਹਨ ਕਿ ਗੁਰਬਾਣੀ ਵਿੱਚ ਬਹੁਤ ਸਾਰੀਆਂ ਵਿਲੱਖਣ ਗੱਲਾਂ ਹਨ। ਵਹਿਮ ਭਰਮ ਦੂਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਬਾਦ ਸ਼ੁਰੂ ਕੀਤਾ ਸੀ। ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਸੰਬਾਦ ਜ਼ਰੂਰੀ ਹੈ। ਸ੍ਰਿਸ਼ਟੀ ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਲੇਖਕ ਨੇ ਗੁਰਬਾਣੀ ਵਿੱਚੋਂ ਉਦਾਹਰਨਾ ਨਾਲ ਸਾਬਤ ਕੀਤਾ ਹੈ। ਇਸੇ ਤਰ੍ਹਾਂ ਖਾਲਸਾ ਸ਼ਬਦ ਬਾਰੇ ਵੀ ਕਈ ਲੋਕ ਕਿੰਤੂ ਪ੍ਰੰਤੂ ਕਰਦੇ ਹਨ। ਲੇਖਕ ਨੇ ਭਗਤ ਕਬੀਰ ਦੀ ਬਾਣੀ ਵਿੱਚ ਖਾਲਸਾ ਸ਼ਬਦ ਦੀ ਵਰਤੋਂ ਦੀ ਉਦਾਹਰਣ ਦਿੱਤੀ ਹੈ। ਕਮਿਊਨਿਜ਼ਮ ਅਤੇ ਗੁਰਮਤਿ ਸੰਬੰਧੀ ਜਸਵਿੰਦਰ ਸਿੰਘ ਰੁਪਾਲ ਨੇ ਦਰਸਾਇਆ ਹੈ ਕਿ ਗੁਰਮਿਤ ਵਿੱਚ ਗਿਆਨ ਸ਼ਰਧਾ ਤੋਂ ਉਪਰ ਹੁੰਦਾ ਹੈ। ਗੁਰਮਤਿ ਜੀਵਨ ਜਾਚ ਹੈ, ਜਿਸ ਵਿੱਚ ਸਭ ਬਰਾਬਰ ਹੁੰਦੇ ਹਨ, ਕੋਈ ਜਾਤ ਪਾਤ ਨਹਂੀ। ਕਮਿਊਨਿਜ਼ਮ ਨਿੱਜੀ ਜਾਇਦਾਦ ਦਾ ਖ਼ਾਤਮਾ ਚਾਹੁੰਦੀ ਹੈ। ਸ੍ਰੀ ਗੁਰੂ ਨਾਨਕ ਦੀ ਬਾਣੀ ਵੀ ਕਲਿਆਣਕਾਰੀ ਰਾਜ ਦੀ ਵਕਾਲਤ ਕਰਦੀ ਹੈ। ਮਨੁੱਖ ਜੋ ਸੁਣਦਾ ਵੇਖਦਾ ਹੈ, ਉਸ ਤੇ ਹੀ ਅਮਲ ਕਰਦਾ ਹੈ। ਗੁਰਬਾਣੀ ਕਿਛ ਸੁਣੀਐ ਕਿਛੁ ਕਹੀਐ….. ਵਿੱਚ ਚੰਗਾ ਸੁਣਨ , ਚੰਗਾ ਵੇਖ ਤੇ ਚੰਗਾ ਸੋਚਣ ਦੀ ਪ੍ਰੋੜ੍ਹਤਾ ਕਰਦੀ ਹੈ। ਰੁਪਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਸ਼ਬਦ ਰੂਪ ਰਾਹੀਂ ਪਰਮਾਤਮਾ ਦੀ ਪਛਾਣ ਕਰਕੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਮਨੁੱਖੀ ਮਨ ਨੂੰ ਵਿਕਾਰਾਂ ਤੋਂ ਮੋੜ ਕੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਲਾ ਕੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹੋ ਸਾਡਾ ਪੰਥ ਸੰਸਾਰ ਤੋਂ ਨਿਰਾਲਾ ਹੈ। ਉਹ ਇਹ ਵੀ ਦਸਦੇ ਹਨ ਕਿ ਕੁਦਰਤ ਦੀ ਗੋਦ ਵਿੱਚ ਬੈਠ ਕੇ ਵਿਸਮਾਦ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਬਾਣੀ ਦੀ ਸ਼ਬਦਾਵਲੀ ਵੀ ਨਿਰਾਲੀ ਹੈ। ਮਨੁੱਖ ਨੂੰ ਸਿੱਧੇ ਰਸਤੇ ਪਾਉਣ ਲਈ ਮਿੱਠੀਆਂ ਝਿੜਕਾਂ ਵੀ ਦਿੱਤੀਆਂ ਗਈਆਂ ਹਨ। ਉਸ ਨੂੰ ਸਮਝਾਉਣ ਲਈ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਕਿਉਂਕਿ ਮਾਇਆ ਵਿੱਚ ਫਸੇ ਮਨੁਖ ਨੂੰ ਵਿਕਾਰਾਂ ਤੋਂ ਬਾਹਰ ਕੱਢਣ ਲਈ ਆਪਣੇ ਆਪ ਲਈ ਗੁਰੂ ਜੀ ਨੇ ਅਗਿਆਨੀ, ਅੰਧਲਾ ਅਤੇ ਮੂਰਖ ਆਦਿ ਸ਼ਬਦ ਵਰਤੇ ਹਨ। ਸੂਰਾ ਸ਼ਬਦ ਆਮ ਤੌਰ ‘ਤੇ ਬਹਾਦਰ ਲਈ ਵਰਤਿਆ ਜਾਂਦਾ ਹੈ ਪ੍ਰੰਤੂ ਗੁਰਬਾਣੀ ਵਿੱਚ ਵੱਖ ਵੱਖ ਥਾਵਾਂ ਤੇ ਗੁਣ ਗ੍ਰਹਿਣ ਕਰਨੇ, ਪ੍ਰਭੂ ਭਗਤੀ ਕਰਨੀ, ਆਪਣੇ ਮਨ ਨਾਲ ਜੂਝ ਕੇ ਉਸ ਦੀ ਵਿਕਾਰਾਂ ਤੋਂ ਖਲਾਸੀ ਕਰਵਾਉਣੀ ਵੀ ਸੂਰਮਾ ਕਹਾਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮ ਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਦਾ ਸਤਿਕਾਰ ਕਰਦਿਆਂ ਬਾਣੀ ਰਚੀ ਤੇ ਅੱਗੇ ਪਹੁੰਚਾਈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ 35 ਬਾਣੀਕਾਰਾਂ ਦੀ ਬਾਣੀ ਇਕੱਠੀ ਕਰਕੇ ਸੁਚੱਜੇ ਢੰਗ ਨਾਲ ਰਾਗਾਂ ਅਨੁਸਾਰ ਕੀਤੀ। ਗੁਰੂ ਸਾਹਿਬ ਨੇ ਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਕੇ ਜੀਵਨ ਜਾਚ ਦੱਸੀ। ਗੁਰੂ ਗੋਬਿੰਦ ਸਿੰਘ ਦਾ ਭੀਖਣ ਸ਼ਾਹ ਦੀਆਂ ਦੋ ਕੁਜੀ ਤੇ ਹੱਥ ਰੱਖਣਾ, ਬੱਚਿਆਂ ਨਾਲ ਖੇਡਦਿਆਂ ਭਾਈਚਾਰਕ ਸਾਂਝ ਬਣਾਈ ਰੱਖਣਾ, ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਆਪਣੇ ਪਿਤਾ ਨੂੰ ਕੁਰਬਾਨੀ ਦੇਣ ਲਈ ਕਹਿਣਾ ਦਰਵੇਸ਼ ਵਿਅਕਤੀ ਹੋਣ ਦਾ ਸਬੂਤ ਹਨ। ਗੁਰੂ ਤੇਗ ਬਹਾਦਰ ਦਾ ਮੁੱਖ ਕੇਂਦਰ ਮਨੁੱਖ ਰਿਹਾ, ਗੁਰਬਾਣੀ ਦਾ ਸਿਮਰਨ, ਨਿਰਭਉ ਤੇ ਨਿਰਵੈਰ ਰਹਿਣਾ, ਸ਼ਬਦ ਵਿੱਚ ਓਤ ਪੋਤ ਰਹਿਣਾ ਅਤੇ ਆਪਣੇ ਮੂਲ ਨੂੰ ਪਛਾਨਣਾ ਦਰਸ਼ਨ ਸ਼ਾਸ਼ਤਰ ਦੀ ਆਧੁਨਿਕ ਵਿਆਖਿਆ ਹੈ। ਇਸੇ ਤਰ੍ਹਾਂ 57 ਸਲੋਕ ਤੇ 59 ਪਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੀ ਬਾਣੀ ਦਾ ਰੂਪਕ ਪੱਖ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਪ੍ਰਚਲਿਤ ਕਦਰਾਂ ਕੀਮਤਾਂ, ਰਸਮਾਂ, ਵਿਸ਼ਵਾਸਾਂ, ਮਨੌਤਾਂ, ਮਿਥਾਂ ਅਤੇ ਬਾਬਰ ਦੇ ਵਿਰੋਧ ਵਿੱਚ ‘ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ’॥ ਸ਼ਬਦ ਉਚਾਰਨਾ ਇਨਕਲਾਬੀ ਕਾਰਜ ਹਨ। ਗੁਰੂ ਨਾਨਕ ਦੇਵ ਜੀ ਦੇ ਬ੍ਰਹਿਮੰਡੀ ਪ੍ਰੇਮ ਦੇ ਸੰਕਲਪ ਦਾ ਪਤਾ, ਉਨ੍ਹਾਂ ਦੇ ਪ੍ਰਭੂ ਨਾਲ ਪ੍ਰੇਮ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਖਲਕਤ ਨਾਲ ਪ੍ਰੇਮ ਲੁੱਟੀ ਜਾ ਰਹੀ ਜਨਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਅਤੇ ਕੁਦਰਤ
ਨਾਲ ਪ੍ਰੇਮ ‘ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’॥ ਸ਼ਬਦ ਦੇ ਉਚਾਰਣ ਤੋਂ ਪਤਾ ਲੱਗਦਾ ਹੈ। ਉਨ੍ਹਾਂ ਦਾ ਚਿੰਤਨ ਉਨ੍ਹਾਂ ਵੱਲੋਂ ਉਚਾਰੀ ਗਈ ਬਾਣੀ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ। ਡੇਰਾਵਾਦ ਦੇ ਵਿਰੁੱਧ ਉਨ੍ਹਾਂ ਸੰਬਾਦ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨਿਰਭੈ ਯੋਧੇ ਸਨ ਕਿਉਂਕਿ ਉਨ੍ਹਾਂ ਪ੍ਰਿਥੀ ਚੰਦ ਦੇ ਵਿਰੋਧ ਸਮੇਂ ਅੰਮ੍ਰਿਤਸਰ ਤੋਂ ਪ੍ਰਚਾਰ ਕੇਂਦਰ ਬਦਲਿਆ ਨਹੀਂ ਅਤੇ ਬਾਦਸ਼ਾਹ ਜਹਾਂਗੀਰ ਅੱਗੇ ਝੁਕਣ ਦੀ ਥਾਂ ਸ਼ਹਾਦਤ ਨੂੰ ਪਹਿਲ ਦਿੱਤੀ ਸੀ। ਸਿੱਖ ਧਰਮ ਵਿੱਚ ‘ਪੰਜ ਵਿੱਚ ਕੀ ਜਾਦੂ ਹੈ?’ ਬਾਰੇ ਜਸਵਿੰਦਰ ਸਿੰਘ ਰੁਪਾਲ ਨੇ ਸ਼੍ਰਿਸ਼ਟੀ ਦੇ ਪੰਜ ਤੱਤਾਂ, ਪੰਜ ਬਾਣੀਆਂ, ਪੰਜ ਗਿਆਨ ਇੰਦਰੀਆਂ ਅਤੇ ਪੰਜ ਵਿਕਾਰਾਂ ਦੀਆਂ ਉਦਾਹਰਨਾ ਦੇ ਕੇ ਮਹੱਤਤਾ ਦਰਸਾਈ ਹੈ। ਜਸਵਿੰਦਰ ਸਿੰਘ ਰੁਪਾਲ ਨੇ ਗੁਰਬਾਣੀ ਦੇ ਪੰਥਕ ਹਿਤਾਂ ਵਾਲੇ ਵਿਸ਼ੇ ‘ਤੇ ਸਰਲਤਾ ਨਾਲ ਜਾਣਕਾਰੀ ਦੇ ਕੇ ਵਿਲੱਖਣ ਕਾਰਜ ਕੀਤਾ ਹੈ। ਭਵਿਖ ਵਿੱਚ ਉਨ੍ਹਾਂ ਕੋਲੋਂ ਹੋਰ ਬਿਹਤਰੀਨ ਪੁਸਤਕ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
208 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਸਹਿਜ ਪਬਲੀਕੇਸ਼ਨ ਸਮਾਣਾ (ਪਟਿਆਲਾ) ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072