ਟੈਕਸਾਸ: ਸੜਕ ਹਾਦਸੇ ‘ਚ ਭਾਰਤੀ ਮੂਲ ਦੇ ਤਿੰਨ ਜੀਆਂ ਦੀ ਮੌਤ
ਟੈਕਸਾਸ: ਲੈਂਪਾਸਸ ਕਾਉਂਟੀ ‘ਚ ਵਾਪਰੇ ਇੱਕ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ‘ਚ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਦੀ ਪਛਾਣ ਅਰਵਿੰਦ ਮਣੀ (45), ਉਸਦੀ ਪਤਨੀ ਪ੍ਰਦੀਪਾ ਅਰਵਿੰਦ (40) ਅਤੇ ਧੀ ਐਂਡਰਿਲ ਅਰਵਿੰਦ (17) ਵਜੋਂ ਹੋਈ ਹੈ। ਇਹ ਪਰਿਵਾਰ ਲਿਏਾਡਰ ‘ਚ ਰਹਿੰਦਾ ਸੀ।
ਸੁਰੱਖਿਆ ਅਧਿਕਾਰੀਆਂ ਅਨੁਸਾਰ, ਹਾਦਸਾ ਯੂਐਸ ਰੂਟ 281 ‘ਤੇ ਵਾਪਰਿਆ। ਇੱਕ ਕੈਡਲੈਕ ਕਾਰ, ਜਿਸ ਨੂੰ 31 ਸਾਲਾ ਜਾਸਿੰਟੋ ਕੋਵ ਚਲਾ ਰਿਹਾ ਸੀ, ਦਾ ਪਿਛਲਾ ਟਾਇਰ ਫਟ ਗਿਆ। ਇਸ ਕਾਰਨ ਕਾਰ ਬੇਕਾਬੂ ਹੋ ਕੇ ਅਰਵਿੰਦ ਪਰਿਵਾਰ ਦੀ ਕੀਆ ਕਾਰ ਨਾਲ ਟਕਰਾ ਗਈ।
ਟਰੂਪਰ ਬ੍ਰਾਇਨ ਵਾਸ਼ਕੋ ਨੇ ਇਸ ਨੂੰ ਆਪਣੇ 26 ਸਾਲ ਦੇ ਕੈਰੀਅਰ ‘ਚ ਸਭ ਤੋਂ ਭਿਆਨਕ ਘਟਨਾ ਦੱਸਿਆ। ਕੈਡਲੈਕ ‘ਚ ਇੱਕ ਹੋਰ ਯਾਤਰੀ, ਯੋਸੀਲੂ ਗੈਸਮੈਨ (31) ਵੀ ਸਵਾਰ ਸੀ। ਦੋਵਾਂ ਵਾਹਨਾਂ ‘ਚ ਕੁੱਲ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਅਰਵਿੰਦ ਅਤੇ ਉਸਦੀ ਪਤਨੀ ਆਪਣੀ ਧੀ ਨੂੰ ਉੱਤਰੀ ਟੈਕਸਾਸ ਦੇ ਕਾਲਜ ਲੈ ਕੇ ਜਾ ਰਹੇ ਸਨ। ਉਨ੍ਹਾਂ ਦਾ 14 ਸਾਲਾ ਪੁੱਤਰ ਆਦਿਰਯਾਨ ਘਰ ਵਿੱਚ ਹੀ ਸੀ। ਐਂਡਰਿਲ ਨੇ ਰਾਊਜ਼ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਯੂਨੀਵਰਸਿਟੀ ਆਫ਼ ਡਲਾਸ ‘ਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨ ਜਾ ਰਹੀ ਸੀ।
ਰਾਊਜ਼ ਸਕੂਲ ਦੇ ਪ੍ਰਿੰਸੀਪਲ ਨੇ ਇਸ ਦੁਖਦਾਈ ਘਟਨਾ ‘ਤੇ ਸ਼ੋਕ ਪ੍ਰਗਟ ਕੀਤਾ। ਬਚੇ ਪਰਿਵਾਰਕ ਮੈਂਬਰ ਆਦਿਰਯਾਨ ਦੀ ਮਦਦ ਲਈ 758,000 ਡਾਲਰ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ।