ਜ਼ਿੰਦਗੀ ਜ਼ਿੰਦਾ ਰਹਿਣ ਦਾ ਨਾਂ ਹੁੰਦੀ ਹੈ। ਜ਼ਿੰਦਗੀ ਜੀਊਣ ਦਾ ਤਰੀਕਾ ਹੀ ਮਨੁੱਖ ਦਾ ਸਲੀਕਾ ਪ੍ਰਭਾਸ਼ਿਤ ਕਰਦਾ ਹੈ। ਇਹ ਉਹ ਨਿਆਮਤ ਹੈ ਜੋਂ ਧੜਕਦੀਆਂ ਰੂਹਾਂ ਉੱਪਰ ਹਾਵੀ ਰਹਿੰਦੀ ਹੈ।ਇਹ ਜੀਵ ਵਿਗਿਆਨ ਦੀ ਜੜ੍ਹ ਹੈ।ਸਮੇਂ ਦੇ ਹਰ ਤਰ੍ਹਾਂ ਦੇ ਹਾਲਾਤਾਂ ਨੂੰ ਘੇਰ ਕੇ ਆਪਣੇ ਵਲ ਕਰਨਾ ਜਿੰਦਗੀ ਦਾ ਮਕਸਦ ਹੁੰਦਾ ਹੈ। ਮਕਸਦ ਵਿਹੂਣੀ ਜ਼ਿੰਦਗੀ ਬੋਝਲ ਅਤੇ ਬੌਂਦਲੀ ਹੋਈ ਹੁੰਦੀ ਹੈ।ਰੋਜ਼ਾਨਾ ਜੀਵਨ ਦੀ ਵਹਿੰਦੀ ਧਾਰਾ ਵਿੱਚ ਜੂਝਦਾ ਮਨੁੱਖ ਆਪਣੀ ਜ਼ਿੰਦਗੀ ਦੇ ਵਰਤਮਾਨ ਵਿੱਚੋਂ ਭਵਿੱਖ ਨੂੰ ਅਤੀਤ ਦੇ ਪਰਛਾਵੇਂ ਤੋਂ ਸਿੱਖ ਕੇ ਖੁਸ਼ਹਾਲ ਬਣਾਉਣ ਲਈ ਲੱਗਿਆ ਰਹਿੰਦਾ ਹੈ।ਇਸ ਪ੍ਰਤੀ ਕਈ ਤਰ੍ਹਾਂ ਦੇ ਸਮਝੌਤੇ, ਚਲਾਕੀਆਂ, ਹੇਰਾਫੇਰੀਆਂ ਅਤੇ ਝੂਠ -ਸੱਚ ਦਾ ਸਹਾਰਾ ਲੈਂਦਾ ਹੈ।ਲੋਭ,ਮੋਹ, ਹਊਮੈਂ , ਹੰਕਾਰ ਅਤੇ ਸ਼ੰਕਾ ਅੱਜ ਜ਼ਿੰਦਗੀ ਤੇ ਭਾਰੂ ਰਹਿੰਦੀਆਂ ਹਨ।”ਪਹਿਲਾਂ ਵਾਲੀ ਗੱਲ ਨਾ ਰਹੀ”। ਬੰਦਾ ਇਹ ਸੋਚਦਾ ਹੀ ਨਹੀਂ ਕਿ ਕੁਦਰਤ ਨੇ ਜੰਮਣ ਦੇ ਨਾਲ ਹੀ ਮਾਂ ਦਾ ਦੁੱਧ ਦਿੱਤਾ ਹੈ। ਫ਼ਿਕਰ ਕੁਦਰਤ ਕਰਦੀ ਹੈ। ਸਾਡੇ ਵਿੱਚ ਚਰਿੱਤਰ ਨਿਰਮਾਣ ਦੀ ਕਮੀ ਰਹਿ ਜਾਂਦੀ ਹੈ।ਇਹੀ ਪਾੜੇ ਦੀ ਜੜ ਬਣ ਕੇ ਮਾਨਸਿਕ ਗੁਲਾਮੀ ਅਤੇ ਤ੍ਰਾਸਦੀ ਪੈਦਾ ਕਰਦੀ ਹੈ। ਨਤੀਜਾ ਜ਼ਿੰਦਗੀ ਨੂੰ ਚਿੱਤਰਕਾਰੀ ਦੀ ਬਜਾਏ ਕਾਟੇ ਮਾਰ ਕੇ ਅਤੇ ਕਾਟੋ ਕਲੇਸ਼ ਬਣਾ ਕੇ ਪੇਸ਼ ਕਰਦੇ ਹਾਂ। ਕਾਇਨਾਤ ਵਿਚੋਂ ਜ਼ਿੰਦਗੀ ਉੱਪਜਦੀ ਹੈ।
ਵਿਦਵਾਨਾਂ, ਖੋਜਕਾਰਾਂ ਅਤੇ ਬੁੱਧੀਜੀਵੀਆਂ ਨੇ ਜ਼ਿੰਦਗੀ ਦੀਆਂ ਬਰੀਕੀਆਂ ਘੋਖੀਆਂ।ਸਭ ਦੀ ਰਾਏ ਹੈ ਕਿ ਜ਼ਿੰਦਗੀ ਜੀਊਂਣ ਲਈ ਹੈ।ਇਸ ਨੂੰ ਛੋਟੀਆਂ ਛੋਟੀਆਂ ਕਿਆਰੀਆਂ ਵਿੱਚ ਵੰਡ ਕੇ ਸੀਮਤ ਨਾ ਕਰੋ।ਹਾਂ ਇੱਕ ਗੱਲ ਹੋਰ ਹੈ ਕਿ ਜ਼ਿੰਦਗੀ ਜੀਊਂਣਾ ਸੱਚ ਮੁੱਚ ਹੀ ਕਲਾ ਹੈ।ਇਸ ਕਲਾ ਪ੍ਰਤੀ ਇੰਨੇ ਤਜਰਬੇਕਾਰ ਹੋਣਾ ਚਾਹੀਦਾ ਕਿ ਕਲਾ ਦੇ ਅਨੰਦ ਲਈ ਸਮਾਜ ਨੂੰ ਸੇਧਿਤ ਅਤੇ ਜਾਗਰੂਕ ਕਰੀਏ। ਜ਼ਿੰਦਗੀ ਨੂੰ ਸਿੱਕੇ ਦੇ ਦੋਵਾਂ ਪਾਸਿਆਂ ਵਾਂਗ ਸਮਝਣ ਨਾਲ ਕਾਫ਼ੀ ਕੁੱਝ ਸੌਖਾ ਖੁਸ਼ਗਵਾਰ ਰਹਿੰਦਾ ਹੈ। ਜ਼ਿੰਦਗੀ ਦਾ ਇਕ ਪਾਸਾ ਤੱਕਣ ਨਾਲ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ ਕਿ “ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁੱਖ,ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁੱਪ”ਇਹ ਸ਼ਬਦ ਜ਼ਿੰਦਗੀ ਦਾ ਅੰਤਰੀਵ ਭਾਵ ਹੈ।
ਸਕਿਟਾਂ,ਮਿੰਟਾਂ, ਘੰਟਿਆਂ ਰਾਹੀਂ ਹੁੰਦਾ ਹੋਇਆ ਜ਼ਿੰਦਗੀ ਦਾ ਸਫ਼ਰ ਸਾਲਾਂਬੱਧੀ ਚੱਲਦਾ ਰਹਿੰਦਾ ਹੈ। ਨਿੱਤ ਦਿਨ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ।ਹੱਲ ਵੀ ਵਿੱਚੋਂ ਹੀ ਨਿਕਲ ਆਉਂਦੇ ਹਨ। ਜੋ ਆਪਣੇ ਲਈ ਜੀਉਂਦਾ ਹੈ ਉਹ ਮਰਿਆ ਬਰਾਬਰ ਜੋਂ ਦੂਜੇ ਲਈ ਮਰਦਾ ਹੈ ਉਹ ਮਰ ਕੇ ਵੀ ਜੀਉਂਦਾ ਹੈ।
ਵੱਖ ਵੱਖ ਖਿਤਿਆਂ, ਧਰਮਾਂ ਅਤੇ ਕਬੀਲੇ ਆਪਣੇ ਢੰਗ ਨਾਲ ਜੀਵਨ ਜੀਉਂਦੇ ਹਨ। ਅਸੀਂ ਆਪਣੀ ਜ਼ਿੰਦਗੀ ਦੀ ਉਦਾਹਰਨ ਲੈ ਕੇ ਦੇਖਦੇ ਹਾਂ ਕਿ ਅਸੀਂ ਈਰਖਾਲੂ ਸੁਭਾਅ ਕਾਰਨ ਆਪਣੀ ਜਗ੍ਹਾ ਦੂਜੇ ਲਈ ਜੀਉਂਦੇ ਹਾਂ।ਆਪਣੀ ਜ਼ਿੰਦਗੀ ਖ਼ੂਬਸੂਰਤ ਬਣਾਉਣ ਦੀ ਬਜਾਇ ਇਸ ਨੂੰ ਕੁਰਬਾਨ ਕਰਕੇ ਦੂਜੇ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਲਈ ਮਕਸਦ ਸਮਝਦੇ ਹਾਂ।ਇਹ ਸੋਚ ਅਤੇ ਪਾੜਾ ਇੰਨਾ ਗੁੰਝਲਦਾਰ ਹੈ ਕਿ ਇਸ ਵਿੱਚੋਂ ਨਿਕਲਣਾ ਮੁਸ਼ਕਲ ਹੈ।ਇਸ ਨਾਲ ਜ਼ਿੰਦਗੀ ਰਸਭਰੀ ਅਤੇ ਸੰਗੀਤਮਈ ਬਣਨ ਦੀ ਥਾਂ ਆਪਣੇ ਆਪ ਨਾਲੋਂ ਵੀ ਵੈਰਾਗਮਈ ਬਣ ਜਾਂਦੀ ਹੈ। ਸੱਭਿਅਤਾ ਅਤੇ ਸੱਭਿਆਚਾਰ ਜਿਵੇਂ ਜਿਵੇਂ ਕਿਰਦੇ ਜਾਂਦੇ ਹਨ ਉਸੀ ਤਰ੍ਹਾਂ ਜ਼ਿੰਦਗੀ ਸਵਾਦ ਰਹਿਤ ਅਤੇ ਬੋਲੀਵਾਜੀ ਹੁੰਦੀ ਜਾਂਦੀ ਹੈ। ਉਂਝ ਕਿਤਾਬਾਂ ਦੱਸਦੀਆਂ ਹਨ ਕਿ ਜ਼ਿੰਦਗੀ ਖ਼ੁਦਮੁਖ਼ਤਿਆਰ ਨਹੀਂ ਸਮੇਂ ਦੇ ਹਾਲਾਤਾਂ ਦੇ ਅਧੀਨ ਹੁੰਦੀ ਹੈ। ਇਹਨਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ ਪਰ ਸਮੇਂ ਨਾਲ ਇੱਕਸਾਰਤਾ ਬਣਾਉਣ ਨਾਲ ਰਸਭਰੀ ਹੋ ਸਕਦੀ ਹੈ। ਸਮੇਂ ਦਾ ਹਾਣੀ ਬਣਨ ਲਈ ਹੁਣ ਬੌਧਿਕ, ਸਮਾਜਿਕ ਅਤੇ ਆਰਥਿਕ ਤਰੱਕੀ ਹੋ ਚੁੱਕੀ ਹੈ। ਜ਼ਿੰਦਗੀ ਨੂੰ ਆਪਣੇ ਅਧੀਨ ਕਰਕੇ ਚੱਲਣ ਵਾਲੇ ਵੀ ਇਸੇ ਧਰਤੀ ਤੇ ਰਹਿੰਦੇ ਹਨ।
ਜੀਵ ਤੋਂ ਜ਼ਿੰਦਗੀ, ਜ਼ਿੰਦਗੀ ਤੋਂ ਜੀਵ ਵਿਗਿਆਨ ਬਣਿਆ। ਉਤਪਤੀ ਤੋਂ ਬਾਅਦ ਵਿਕਾਸ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ। ਅਸੀਂ ਆਪਣੇ ਖੁਆਬਾਂ ਦੀ ਪੂਰਤੀ ਅਤੇ ਪਰਿਵਾਰ ਤੱਕ ਨੂੰ ਜ਼ਿੰਦਗੀ ਸਮਝਦੇ ਹਾਂ ਜਦੋਂ ਕਿ ਜ਼ਿੰਦਗੀ ਵਿਚ ਫਰਜ਼ ਸਭ ਤੋਂ ਉੱਤਮ ਹੁੰਦੇ ਹਨ। ਜ਼ਿੰਦਗੀ ਦਾ ਸਫ਼ਰ ਹਰ ਮਨੁੱਖ ਮਿਹਨਤ,ਸਬਰ ਅਤੇ ਸੰਤੋਖ ਨਾਲ ਚੱਲੇ ,ਆਪਣੇ ਆਪ ਨੂੰ ਸੀਮਤਾਈਆਂ ਤੋਂ ਬਾਹਰ ਕੱਢੇ ਇਸ ਨਾਲ ਸਮਾਜਿਕ ਉੱਨਤੀ ਹੋਵੇਗੀ। ਜ਼ਿੰਦਗੀ ਨੂੰ ਜ਼ਿੰਦਾਬਾਦ, ਜ਼ਿੰਦਗੀ ਜੀਊਣ ਲਈ ਹੈ ਕੱਟਣ ਲਈ ਨਹੀਂ ਅਤੇ ਜ਼ਿੰਦਗੀ ਚ ਰੰਗ ਭਰੋ ਆਦਿ ਕਈ ਤਰ੍ਹਾਂ ਦੇ ਤਜ਼ਰਬਿਆਂ ਦੀ ਤਰਜ਼ਮਾਨੀ ਕਰਦੀਆਂ ਇਹੋ ਜਿਹੀਆਂ ਲਿਖਤਾਂ ਤਾਂ ਬਣ ਜਾਂਦੀਆਂ ਹਨ ਪਰ ਜੋ ਜਿਸ ਤਰ੍ਹਾਂ ਦੀ ਸਥਿਤੀ ਚੋਂ ਗੁਜ਼ਰਦਾ ਹੈ ਉਹੀ ਜਾਣਦਾ ਹੈ। ਮਾਨਸਿਕ ਸਿਹਤ ਜ਼ਿੰਦਗੀ ਦੀ ਰੂਹ ਹੁੰਦੀ ਹੈ। ਕਾਇਨਾਤ ਅਤੇ ਸਾਹ ਲੈਣ ਵਾਲੀਆਂ ਰੂਹਾਂ ਨਾਲ ਜ਼ਿੰਦਗੀ ਦੀ ਰਚਨਾ ਹੋਈ ਸੀ। ਜ਼ਿੰਦਗੀ ਲਈ ਕਈ ਤਰ੍ਹਾਂ ਦੇ ਤਜ਼ਰਬਿਆਂ, ਗਿਣਤੀਆਂ ਮਿਣਤੀਆਂ ਅਤੇ ਸੁਝਾਵਾਂ ਤੋਂ ਲੱਗਦਾ ਹੈ ਜ਼ਿੰਦਗੀ ਗੁਲਦਸਤੇ ਵਾਂਗ ਰੱਖੀ ਜਾਣੀ ਚਾਹੀਦੀ ਹੈ। ਗੁਲਦਸਤਾ ਫੁੱਲਾਂ ਦੀ ਭਰੀ ਅਤੇ ਜ਼ਿੰਦਗੀ ਰੰਗਾਂ ਦੀ ਭਰੀ ਚੰਗੇਰ ਹੁੰਦੀ ਹੈ।ਇਸ ਵਿੱਚ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਨਾਲ ਹੀ ਇਹ ਸਹੀ ਸਲਾਮਤ ਚਲਦੀ ਰਹਿੰਦੀ ਹੈ। ਮੁੱਕਦੀ ਗੱਲ ਸ਼ੈਕਸਪੀਅਰ ਨੇ ਇੱਕ ਨੁਕਤੇ ਚ ਨਿਬੇੜਾ ਕਰਕੇ ਕਿਹਾ ਸੀ “ਜ਼ਿੰਦਗੀ ਰੰਗ ਮੰਚ ਹੈ ਮਰਦ ਔਰਤ ਇਸਦੇ ਪਾਤਰ ਹਨ”
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445
Post Views: 72