ਟਾਪਫੀਚਰਡ

   ਭਾਦੋਂ ਧੁੱਪਾਂ ਕਹਿਰ ਦੀਆਂ, ਝੜੀਆਂ ਕਈ ਕਈ ਪਹਿਰ ਦੀਆਂ – ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 

  ਦੇਸੀ ਮਹੀਨਿਆਂ ਦੇ ਚੱਕਰ ਵਿੱਚ ਤੀਹ ਦਿਨਾਂ ਦਾ ਰੁੱਤਬਾ ਰੱਖਦਾ ਭਾਦੋਂ ਮਹੀਨਾ ਨਾਨਕਸ਼ਾਹੀ ਕੈਲੰਡਰ ਦਾ ਛੇਵਾਂ ਮਹੀਨਾ ਹੈ।ਇਹ ਅੰਗਰੇਜ਼ੀ ਮਹੀਨਿਆਂ ਦੇ ਅਗਸਤ ਸਤੰਬਰ ਵਿੱਚ ਆਉਂਦਾ ਹੈ।ਮੌਸਮ, ਅਧਿਆਤਮਕ, ਸਮਾਜਿਕ ਅਤੇ ਸੱਭਿਆਚਾਰਕ ਪੱਖੋਂ ਭਾਦੋਂ ਮਹੀਨਾ ਤਰ੍ਹਾਂ ਤਰ੍ਹਾਂ ਦੇ ਰੰਗ ਬਿਖੇਰਦਾ ਹੋਇਆ ਮਾਨਵਤਾ ਨੂੰ ਸੁਨੇਹੇ ਦਿੰਦਾ ਹੈ। ਸਭ ਤੋਂ ਪਹਿਲਾਂ ਪਵਿੱਤਰ ਗੁਰਬਾਣੀ ਵਿੱਚ ਇਸ ਮਹੀਨੇ ਜੀਊਣ ਦੀ ਜਾਂਚ ਅਤੇ ਖੋਟੇ ਖਰੇ ਦੀ ਪਰਖ ਕਰਵਾਈ ਗਈ ਹੈ।ਇਸ ਤੋਂ ਇਲਾਵਾ ਜੇਹਾ ਬੀਜਣਾ ਉਹੀ ਕੱਟਣ ਦੇ ਸੁਨੇਹੇ ਨਾਲ ਮੰਦੇ ਕਰਮਾਂ ਤੋਂ ਮੋੜਿਆ ਗਿਆ ਹੈ।ਭਾਦੋਂ ਮਹੀਨੇ ਨੂੰ ਦੁਨੀਆਂਦਾਰੀ ਅਤੇ ਮਾਨਵਤਾ ਦੇ ਲਹਿਜ਼ੇ ਤੋਂ ਵਿਚਾਰਣ ਦਾ ਹੁਕਮ ਹੈ:-                                  “ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ,
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ,
ਜਿਤੁ ਦਿਨਿ ਦੇਹ ਬਿਨਨਸੀ ਤਿਤੁ ਵੇਲੈ ਕਹਸਨਿ ਪ੍ਰੇਤ,
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ,
ਛਡਿ ਖੜੋਤੇ ਖਿਨੈ ਮਾਹਿ,ਜਿਨ ਸਿਉ ਲਗਾ ਹੇਤੁ,
 ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ,
ਜੇਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤੁ”
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ,
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ”
               ਭਾਦੋਂ ਵਿੱਚ ਜੱਟ ਨੂੰ ਵੱਜਿਆ ਮੁੜਕੇ ਦਾ ਜੱਫ਼ਾ ਕਹਾਵਤ ਮਸ਼ਹੂਰ ਕਰ ਗਿਆ “ਭਾਦੋਂ ਵਿੱਚ ਜੱਟ ਸਾਧ ਹੋ ਗਿਆ” ਗੱਲ ਇਉਂ ਸੀ ਕਿ ਇਹ ਮਹੀਨਾ ਲ਼ਹੂ ਵਾਂਗ ਚੋਂਦੇ  ਮੁੜ੍ਹਕੇ ਦਾ ਹੁੰਦਾ ਹੈ।ਉਧਰ ਹੱਥੀਂ ਕਿਰਤ ਨਾਲ ਖੇਤੀ ਕੀਤੀ ਜਾਂਦੀ ਸੀ।ਜੱਟ ਦਾ ਸਿਦਕ ਅਤੇ ਸਿਰੜ ਵੀ ਭਾਦੋਂ ਹੀ ਪਰਖਦਾ ਸੀ। ਖੇਤੀ ਮੀਂਹ ਤੇ ਨਿਰਭਰ ਹੁੰਦੀ ਸੀ।ਇਹ ਮਹੀਨਾ ਮੀਂਹ ਅਤੇ ਹੁੰਮਸ ਵਿੱਚ ਵੀ ਜੱਟ ਨੂੰ ਵਿਹਲਾ ਨਹੀਂ ਬੈਠਣ ਦਿੰਦਾ, ਕਿਉਂਕਿ ਕੰਮ ਕਰਨਾ ਹੀ ਪੈਂਦਾ ਹੈ।ਇਸ ਮਹੀਨੇ ਮੱਕੀਆਂ ਵਿੱਚੋਂ ਘਾਹ ਵੱਢਣਾ ਇੱਕ ਤਰ੍ਹਾਂ ਸਿਰੜ ਦਾ ਸਿਖ਼ਰ ਹੁੰਦਾ ਹੈ। ਭਾਦੋਂ ਮਹੀਨੇ ਮੱਕੀਆਂ ਦੇ ਖੇਤਾਂ ਵਿੱਚ ਸਾਹ ਰੁਕਦਾ ਹੈ ਇਸ ਫ਼ਸਲ ਵਿੱਚੋਂ ਬਾਹਰ ਆ ਕੇ ਵਿੱਚ ਇਉਂ ਲੱਗਦਾ ਕਿ ਕਿਸੇ ਹੋਰ ਦੁਨੀਆਂ ਵਿੱਚ ਆ ਗਏ ਹਾਂ।ਇਸੇ ਲਈ ਹੀ ਇਸ ਨੂੰ ਭੜਦਾਹ ਵੀ ਕਿਹਾ ਜਾਂਦਾ ਹੈ।ਭਾਦੋਂ ਵਿੱਚ ਅਜਿਹਾ ਵਰਤਾਰਾ ਵੀ ਹੁੰਦਾ ਹੈ ਕਿ ਬਾਹਰ ਮੀਂਹ ਵਰ੍ਹਦਾ ਹੈ ਅੰਦਰ ਪਸੀਨਾ ਚੋਂਦਾ ਹੈ। ਧੁੱਪ ਅਤੇ ਮੀਂਹ, ਹੁੰਮਸ ਅਤੇ ਨਮੀ ਦਾ ਪ੍ਰਤੀਕਰਮ ਦਿੰਦੇ ਹੋਏ ਇਸ ਮਹੀਨੇ ਨੇ ਸਾਹਿਤਕ ਸੱਤਰਾਂ ਨੂੰ ਉੱਗਣ ਦਾ ਮੌਕਾ ਦਿੱਤਾ:-                                  ” ਭਾਦੋਂ ਧੁੱਪਾਂ ਕਹਿਰ ਦੀਆਂ ਝੜੀਆਂ ਕਈ ਕਈ ਪਹਿਰ ਦੀਆਂ”
“ਭਾਦੋਂ ਦੀ ਤਿੜਕੀ ਮਤਰੇਈ ਦੀ ਝਿੜਕੀ”
 ਦੁਪਹਿਰੇ ਨਿਕਲੀ ਧੁੱਪ ਦੀ ਆਰ ਪਾਰ ਹੁੰਦੀ ਚਮਕ
ਨੂੰ ਮਤਰੇਈ ਮਾਂ ਵਾਲੇ ਸਲੂਕ ਬਰਾਬਰ ਮੰਨਿਆ ਹੈ। ਕੁਝ ਮਤਰੇਈਆਂ ਸਮੇਂ ਅਨੁਸਾਰ ਦੂਜੇ ਦੇ ਬੱਚੇ ਨੂੰ ਸ਼ਾਂਤ ਮਾਹੌਲ ਵਿੱਚ ਵੀ ਇੱਕਦਮ ਝਿੜਕ ਦਿੰਦੀਆਂ ਸਨ। ਜਿਵੇਂ ਮਾਂ ਅਤੇ ਮਤਰੇਈ ਵਿੱਚ ਫ਼ਰਕ ਹੈ ਇਸੇ ਤਰ੍ਹਾਂ ਹੀ ਭਾਦੋਂ ਅਤੇ ਹੋਰ ਮਹੀਨੇ ਦੀ ਧੁੱਪ ਵਿੱਚ ਵੀ ਫ਼ਰਕ ਹੁੰਦਾ ਹੈ। ਭਾਦੋਂ ਮਹੀਨਾ ਤਪਸ਼ ਦੇ ਨਾਲ ਨਾਲ ਹੋਰ ਵੰਨਗੀਆਂ ਵੀ ਪੇਸ਼ ਕਰਦਾ ਹੈ।ਹੀਰ ਦਾ ਮੁਕਲਾਵਾ ਵੀ ਇਸੇ ਭਾਦੋਂ ਵਿੱਚ ਬੋਲਦਾ ਹੈ:-
“ਭਾਦੋਂ ਦਾ ਹੀਰ ਦਾ ਧਰਿਆ ਮੁਕਲਾਵਾ,
ਉਸ ਨੂੰ ਖ਼ਬਰ ਨਾ ਕਾਈ,
ਮਹਿੰਦੀ ਸ਼ਗਨਾਂ ਦੀ ਚੜ੍ਹ ਗਈ ਦੂਣ ਸਵਾਈ”
 ਇਸੇ ਲਈ ਗਵਾਹੀ ਵੀ ਮਿਲਦੀ ਹੈ:-
” ਤੀਆਂ ਸਾਉਣ ਦੀਆਂ ਭਾਦੋਂ ਦੇ ਮੁਕਲਾਵੇ “
        ਸਾਉਣ ਮਹੀਨਾ ਸ਼ਗਨਾ ਦਾ ਨਿੱਘ ਮਾਨਣ ਲਈ ਕੁੜੀਆਂ ਨੂੰ ਬੁਲਾਉਂਦਾ ਹੈ।ਚਾਅ ਮਲਾਰ ਅਤੇ ਇਕੱਠੀਆਂ ਹੋਈਆਂ ਦੀਆਂ ਰੌਣਕਾਂ ਵਿਛੋੜਾ ਸਹਿਣ ਨਹੀਂ ਕਰ ਸਕਦੀਆਂ ਇਸ ਲਈ ਕਿਹਾ ਗਿਆ ਹੈ:-
” ਭਾਦੋਂ ਚੜ੍ਹਦੀ ਨੂੰ ਅੱਗ ਲੱਗ ਜਾਵੇ,
ਸਾਉਣ ਵੀਰ ਇਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ “
       ਇਸ ਮਹੀਨੇ ਰੂਪਨਗਰ ਜ਼ਿਲ੍ਹੇ ਵਿੱਚ ਪੈਂਦੇ ਬਿਭੌਰ ਸਾਹਿਬ ਨੂੰ ਉੱਚਾ ਰੁਤਬਾ ਮਿਲਿਆ ਸੀ। ਭਾਦੋਂ ਸੁਦੀ ਅਸ਼ਟਮੀ ਨੂੰ ਇੱਥੇ ਧਾਰਮਿਕ ਮੇਲਾ ਲੱਗਦਾ ਹੈ। ਚੌਪਈ ਸਾਹਿਬ ਨਾਲ ਵੀ ਇਸ ਮਹੀਨੇ ਦੀ ਗੂੜ੍ਹੀ ਸਾਂਝ ਹੈ:-
” ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ,
ਤੀਰ ਸਤੁਦ੍ਰਵ ਗ੍ਰੰਥ ਸੁਧਾਰਾ “
  ਮੇਲੇ ਪੰਜਾਬ ਦੀ ਸ਼ਾਨ ਹੋਣ ਕਰਕੇ ਇਸ ਮਹੀਨੇ ਵੀ ਵੱਡਾ ਮੇਲਾ ਛਪਾਰ ਲੁਧਿਆਣਾ ਵਿਖੇ ਮਨਾਇਆ ਜਾਂਦਾ ਹੈ।ਇਹ ਮੇਲਾ ਭਾਦੋਂ ਦੀ ਚਾਨਣੀ ਚੌਦਸ ਨੂੰ ਲੱਗਦਾ ਹੈ:-
” ਆਰੀ ਆਰੀ ਆਰੀ ਮੇਲਾ ਤਾਂ ਛਪਾਰ ਲੱਗਦਾ,
ਜਿਹੜਾ ਲੱਗਦਾ ਜਹਾਂਨ ਤੋਂ ਭਾਰੀ”
         ਭਾਦੋਂ ਸੁਵੱਖਤੇ ਤੋਂ ਆਥਣ ਤੱਕ ਜੀਵਨ ਦੇ ਪੰਧ ਨੂੰ ਗੁੰਝਲਦਾਰ ਬਣਾ ਕੇ ਰੱਖਦਾ ਹੈ। ਦੂਜਾ ਪਲ ਹੀ ਬਦਲਵੇਂ ਪਰਛਾਵੇਂ ਪਾ ਦਿੰਦਾ ਹੈ:-                    “ਭਾਦੋਂ ਦੇ ਛਰਾਟੇ ਗੁੰਨੇ ਰਹਿ ਗਏ ਆਟੇ”
          ਗਰਮੀ, ਮੀਂਹ, ਧੁੱਪ ਅਤੇ ਮੁੜ੍ਹਕਾ ਮਨੁੱਖੀ ਸਰੀਰ ਦਾ ਰੰਗ ਵੀ ਬਦਲ ਦਿੰਦਾ ਹੈ ਇਸ ਲਈ ਇਸ ਨਕਸ਼ੇ ਨੂੰ ਸੁਰਾਂ ਇਉਂ ਬਿਆਨਦੀਆਂ ਹਨ:-
“ਭਾਦੋਂ ਬਦਰੰਗ,ਗੋਰਾ ਕਾਲਾ ਰੰਗ “
           ਪੰਜਾਬੀ ਸੱਭਿਆਚਾਰ, ਸਾਹਿਤ ਅਤੇ ਸੰਸਕ੍ਰਿਤੀ ਵਿੱਚ ਭਾਦੋਂ ਨੂੰ ਬਣਦਾ ਰੁਤਬਾ ਤਾਂ ਦਿੱਤਾ ਗਿਆ ਹੈ,ਪਰ ਕਿਰਤੀਆਂ ਨੂੰ ਇਸ ਦੀ ਮਾਰ ਝੱਲਣੀ ਪੈਂਦੀ ਹੈ।ਕਿਸਾਨੀ ਜੀਵਨ ਲਈ ਇਹ ਕਸਵੱਟੀਆਂ ਲਗਾਉਂਦਾ ਹੈ।ਕੁਦਰਤ ਅਤੇ ਬਨਸਪਤੀ ਦੇ ਪੱਖ ਤੋਂ ਕੁਦਰਤ ਨੇ ਇਹ ਰੁੱਤ ਤਿਆਰ ਕੀਤੀ ਹੈ ਕਿਉਂਕਿ ਇਸ ਦੀ ਤਪਸ਼ ਧਰਤੀ ਅਤੇ ਬਨਸਪਤੀ ਨੂੰ ਜ਼ਰੂਰੀ ਹੁੰਦੀ ਹੈ। ਰੁੱਤਾਂ ਦੇ ਬਦਲਾਓ ਵਿੱਚ ਇਸ ਮਹੀਨੇ ਨਾਲ ਅਗਲੀ ਰੁੱਤ ਦੀ ਬੁਨਿਆਦ ਰੱਖੀ ਜਾਂਦੀ ਹੈ।
9878111445

Leave a Reply

Your email address will not be published. Required fields are marked *