ਬਟਵਾਰੇ ਦੀਆਂ ਪੈੜਾਂ-ਸੁਖਪਾਲ ਸਿੰਘ ਗਿੱਲ
ਅਖ਼ਬਾਰ ਪੜ੍ਹ ਰਹੇ ਬਜ਼ੁਰਗ ਨੇ ਕਰਤਾਰਪੁਰ ਦਾ ਲਾਂਘਾਂ ਖੁੱਲਣ ਦੀ ਖ਼ਬਰ ਪੜ੍ਹ ਕੇ ਕਿਹਾ,” ਬਟਵਾਰੇ ਦੀ ਤਕਲੀਫ਼ ਪਿਆਰ ਨਾਲ ਰਹਿੰਦੇ ਆਮ ਲੋਕਾਂ ਨੇ ਝੱਲੀ, ਲੀਡਰ ਤਾਂ ਲੀਡਰ ਹੀ ਰਹੇ ਨਾਲ ਲੀਡਰੀ ਦੀ ਵਿਰਾਸਤ ਵੀ ਬਣਾ ਲਈ “ਹਾਂ ਹਾਂ ਇਹ ਤਾਂ ਹੈ ਹੀ… ਦੂਜੇ ਨੇ ਪਿੰਡ ਚ ਬਣੇ ਚੁਬਾਰੇ ਵਾਲੇ ਘਰ ਅਤੇ ਪੁਰਾਣੀ ਇੱਟ ਦੇ ਖੂਹ ਵੱਲ ਇਸ਼ਾਰਾ ਕਰਕੇ ਕਿਹਾ,”ਆਹ ਦੇਖ ਇਸ ਘਰ ਵਿਚੋਂ ਕਰੀਮ ਬਖ਼ਸ਼ ਉਰਫ ਕਰੀਮੂ ਗੁੱਜਰ ਦਾ ਟੱਬਰ ਉੱਜੜਿਆ ਸੀ, ਵਧੀਆ ਰੱਜਿਆ ਪੁੱਜਿਆ ਪੈਸੇ ਵਾਲਾ ਟੱਬਰ ਸੀ,ਪਤਾ ਨੀ ਉਧਰ ਜਾ ਕੇ ਕੀ ਬਣਿਆ ਹੋਊ?…. ਦੋਵਾਂ ਬਜ਼ੁਰਗਾਂ ਦੇ ਚਿਹਰੇ ਤੋਂ ਬਟਵਾਰੇ ਦੀ ਮਾਯੂਸੀ ਝਲਕ ਰਹੀ ਸੀ। ਹੇ ਰੱਬਾ! ਅਜਿਹੇ ਦਿਨ ਦੁਸ਼ਮਣ ਨੂੰ ਵੀ ਨਾ ਦਿਖਾਈਂ ਇੱਕ ਨੇ ਕਿਹਾ।…… ਤੈਨੂੰ ਯਾਦ ਹੈ ਖਟਾਣਾ ਪਿੰਡ ਚ ਮਸੀਤ ਚ ਮੁਸਲਮਾਨਾਂ ਨੂੰ ਘੇਰ ਕੇ ਵੱਢ ਟੁੱਕ ਕੀਤੀ ਸੀ। ਹਾਂ ਥੌੜਾ ਥੌੜਾ ਯਾਦ ਹੈ।ਛੱਡ ਯਾਰ ….ਬਟਵਾਰਾ ਸ਼ਬਦ ਕੰਨੀਂ ਸੁਣ ਕੇ ਮੇਰੇ ਤਾਂ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।ਇਹ ਕਤਲੇਆਮ ਦੀਆਂ ਸਾਖੀਆਂ ਹੁਣ ਦੀ ਪੀੜ੍ਹੀ ਨੇ ਬਜ਼ੁਰਗਾਂ ਅਤੇ ਕਿਤਾਬਾਂ ਚੋਂ ਸੁਣ ਪੜ੍ਹ ਲਈਆਂ ਹਨ।ਪੁੱਛਦੇ ਰਹਿੰਦੇ ਹਨ ਹੱਲੇ ਕਿਵੇਂ ਪਏ ਸਨ ? ਆਹੋ ਉਹ ਤਾਂ ਪੁੱਛਦੇ ਹਨ….ਬਟਵਾਰੇ ਦੀ ਦਾਸਤਾਨ ਹੁਣ ਦੀ ਪੀੜ੍ਹੀ ਨੂੰ ਸਿਲੇਬਸ ਵਿੱਚੋਂ ਮਿਲ ਜਾਂਦੀ ਹੈ।….. ਤੀਜਾ ਬਜ਼ੁਰਗ ਬੋਲਿਆ ਇਹ ਕਿਸੇ ਦੇ ਵਸ ਨਹੀਂ ਹੁੰਦਾ।……ਹੋਣੀ ਸੀ? ਯਾਰ ਸੰਤ ਸਿੰਘ ਮਸਕੀਨ ਦੀ ਕਥਾ ਚ ਆਇਆ ਸੀ ਕਿ ਰਾਵੀ ਕੰਢੇ ਗੁਰੂ ਨਾਨਕ ਦੇ ਸਮਾਉਣ ਸਮੇਂ ਹਿੰਦੂ ਤੇ ਮੁਸਲਮਾਨ ਨੇ ਉਪਰ ਦਿੱਤੀ ਚਾਦਰ ਆਪਣਾ ਆਪਣਾ ਦਾਅਵਾ ਕਰ ਖਿੱਚ ਧੂਹ ਕਰ ਕੇ ਪਾੜ ਦਿੱਤੀ ਸੀ। ਅੱਧੇ ਉੱਧਰ… ਅੱਧੇ ਇੱਧਰ ਹੋ ਗਏ ਸਨ। ਇਸ ਕਰਕੇ ਬਟਵਾਰਾ ਲਿਖਿਆ ਗਿਆ ਸੀ।ਚਲੋ ਸੰਤਾਂ ਦਾ ਕਿਹਾ ਸਿਰ ਮੱਥੇ….।ਪਰ ਇੱਕ ਹੋਰ ਹੈ ਨੁਕਸਾਨ ਸਿੱਖਾਂ ਦਾ ਹੋਇਆ,ਨਾ ਹਿੰਦੂ ਦਾ ਨਾ ਲੀਡਰਾਂ ਦਾ ….. ਆਮ ਮੁਸਲਮਾਨਾਂ ਨੂੰ ਉੱਜੜਨ ਦਾ ਚਾਅ ਨਹੀਂ ਸੀ,ਕਤਲੋ ਗਾਰਦ ਤੋਂ ਬਾਅਦ ਨਵੇਂ ਘਰ ਵਸਾਉਣੇ ਪਏ । ਲੀਡਰਾਂ ਨੂੰ ਐਸ਼ ਅਯਾਸ਼ੀ ਵਾਲਾ ਨਵਾਂ ਦੇਸ਼…….। ਲੀਡਰ ਤਾਂ ਵਜ਼ੀਰੇ ਆਜ਼ਮ, ਪ੍ਰਧਾਨ ਤੇ ਮੰਤਰੀ ਬਣ ਗਏ। ਆਮ ਲੋਕ ਅੱਜ ਵੀ ਸੰਤਾਪ ਹੰਢਾਉਂਦੇ ਹਨ।……ਆਹੋ । ਇੱਕ ਹੋਰ ਵੀ ਸਾਡੀ ਸਿੱਖ਼ਾਂ ਅਤੇ ਪੰਜਾਬੀਆਂ ਦੀ ਨੀਂਹ ਅਤੇ ਵਿਰਾਸਤ ਤਾਂ ਉੱਧਰ ਚਲੀ ਗਈ। ਕੀ ਸੋਚਿਆ ਸੀ ਜਾਂ ਨਹੀਂ?….. ਅੱਛਾ ਇੱਕ ਹੋਰ ਦੱਸੋ ਪੰਜਾਬੀਆਂ ਨੇ ਫਰੰਗੀਆਂ ਨੂੰ ਭਜਾਉਣ ਚ ਤਰੰਨਵੇਂ ਫ਼ੀਸਦੀ ਸਿਰ ਦਿੱਤੇ।… ਖੱਟਿਆ ਕੀ?….. ਖੱਟੀਆਂ ਤਾਂ ਦੋ ਚੀਜ਼ਾਂ ਹਨ। ਹੈਂ ਓ ਕਿਵੇਂ?…..ਇੱਕ ਤਾਂ ਮੁੜ ਕੇ ਫਰੰਗੀਆਂ ਦੇ ਪਿੱਛੇ ਤਰਲੇ ਕੱਢ ਰਹੇ ਹਾਂ,ਦੂਜਾ ਬਟਵਾਰੇ ਦੇ ਵਿਛੋੜੇ ਨੂੰ ਮੁੜ ਮਿਲਣ ਦੀਆਂ ਅਰਦਾਸਾਂ…। ਪਰ ਹੁਣ ਇੱਕ ਤਾਂ ਅਰਦਾਸ ਪੂਰੀ ਹੋਈ ਕਰਤਾਰਪੁਰ ਨਾਲ ਤਾਂ ਮਿਲਾਪ ਹੋ ਗਿਆ।……. ਹਾਂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਪਾਂਡੀ ਪਾਤਸ਼ਾਹੀ ਵੀ ਉੱਧਰ ਹੀ ..। ਤਾਂ ਹੀ ਇੱਧਰ ਦੀ ਜਵਾਨੀ ਦੀ ਨਾਇਕ ਨਹੀਂ ਬਣ ਸਕੀ।ਸਾਡੀ ਪੀੜ੍ਹੀ ਤਾਂ ਇਹੀ ਸੋਚਦੀ ਮਰ ਚੱਲੀ,”ਰੱਬਾ ਕਰਾਈਂ ਕਿਤੇ ਮੇਲ ਦਿੱਲੀ ਤੇ ਲਾਹੌਰ ਦਾ” ….ਇਸ਼ਕ ਜਿਹਨਾਂ ਦੇ ਹੱਡੀਂ ਰਚਿਆ ਵਾਲਿਆਂ ਦੀ ਵਿਰਾਸਤ ਵੀ ਤਾਂ ਓਧਰ ਹੀ ਹੈ। ਵਾਰਿਸ ਬੁੱਲ੍ਹਾ,ਹੀਰ ਰਾਂਝੇ ਗੂੰਜਦੇ ਸਾਡੇ ਵੀ ਹਨ ਪਰ ਵਿਰਾਸਤ ਅਤੇ ਬੁਨਿਆਦ ਓਧਰ……।ਆ ਇੱਧਰ ਪਿੱਛੇ ਜਿਹੇ ਬਜਰੂੜ ਪਿੰਡ ਚ ਮੁਸਲਮਾਨ ਬਜ਼ੁਰਗ ਨੂੰ ਦਫ਼ਨ ਕਰਨ ਲਈ ਕਬਰ ਲਈ ਜਗ੍ਹਾ ਨਹੀਂ ਮਿਲੀ ਸੀ। ਸੁਣਿਆ ਰੌਲੇ ਰੱਪੇ ਤੋਂ ਬਾਅਦ ਮਿਲ ਗਈ ਸੀ…।ਆਹੋ ਪ੍ਰਸ਼ਾਸਨ ਨੇ ਜੱਦੋ-ਜਹਿਦ ਕਰਕੇ ਮਸਾਂ ਕਬਰ ਲਈ ਥਾਂ ਲਈ ਸੀ।…… ਬਟਵਾਰੇ ਦੀਆਂ ਪੈੜਾਂ ਅਤੇ ਪਰਛਾਵੇਂ ਅਜੇ ਵੀ ਇੱਧਰ-ਓਧਰ ਇੱਕੋ ਜਿਹੇ ਹਨ।ਸਿਰਫ ਸਾਹਿਤਕਾਰਾਂ ਅਤੇ ਗਾਇਕਾਂ ਨੇ ਇੱਧਰ ਉੱਧਰ ਪੁੱਲ ਦਾ ਕੰਮ ਕੀਤਾ ਹੈ।….. ਹਾਂ ਯਾਰ ਇੱਕ ਉਧਰ ਦਾ ਕਵੀ ਬਾਬਾ ਨਜ਼ਮੀ ਵੀ ਲਿਖਦਾ ਹੈ,”ਮਸਜਿਦ ਮੇਰੀ ਨੂੰ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ,ਆ ਜਾ ਦੋਵੇਂ ਬੈਹ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ “
“ਸਦੀਆਂ ਵਾਂਗੂੰ ਅੱਜ ਵੀ ਕੁੱਝ ਨਈਂ ਜਾਣਾ ਮਸਜਿਦ ਮੰਦਰ ਦਾ,ਲਹੂ ਤਾਂ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜ਼ਰ ਨੂੰ “
ਅਗਲਾ ਬਜ਼ੁਰਗ ਝੱਟ ਬੋਲਿਆ ਤਾਂ ਹੀ ਮੈਂ ਕਹਿੰਦਾ ਹਾਂ ਕਿ,”ਬਟਵਾਰਾ ਆਮ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਤਕਲੀਫ਼ ਦੇ ਗਿਆ, ਲੀਡਰਾਂ ਨੂੰ ਚਾਹੁੰਦੇ ਹੋਏ ਬਾਦਸ਼ਾਹੀਆਂ” ਰੱਬ ਖੈਰ ਕਰੇ…..।
ਸੁਖਪਾਲ ਸਿੰਘ ਗਿੱਲ