ਬੁਢਾਪਾ ਆਉਂਦਾ ਹੈ ਜਾਂਦਾ ਨਹੀਂ – ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਬੁਢਾਪਾ ਜੀਵਨ ਦਾ ਹਿੱਸਾ ਹੈ।ਇਹ ਤਜ਼ਰਬਿਆਂ ਅਤੇ ਗੁਣਾਂ ਦੀ ਗੁਥਲੀ ਹੁੰਦਾ ਹੈ। ਅਫਸੋਸ ਅੱਜ ਇਸ ਦਾ ਫਾਇਦਾ ਲੈਣ ਨਾਲੋਂ ਇਸ ਨੂੰ ਨਕਾਰ ਕੇ “ਆਪਣੀ ਅਕਲ ਬੇਗਾਨੀ ਮਾਇਆ ਵੱਡੀ “ਦਾ ਬੇਹੂਦਾ ਸਬੂਤ ਦਿੱਤਾ ਜਾਂਦਾ ਹੈ।ਪਹਿਲੀ ਕਿਲਕਾਰੀ ਤੋਂ ਮਰਨ ਤੱਕ ਮਨੁੱਖ ਤਰ੍ਹਾਂ ਤਰ੍ਹਾਂ ਦੇ ਉਤਰਾਅ ਚੜ੍ਹਾਅ ਦੇਖਦਾ ਹੈ। ਜੀਵਨ ਦੇ ਤਿੰਨ ਪੜਾਅ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚ ਮਨੁੱਖ ਕਈ ਤਰ੍ਹਾਂ ਦੇ ਸਿਰਨਾਵੇਂ ਲਿਖਦਾ ਹੈ। ਸਾਡੀ ਪਵਿੱਤਰ ਗੁਰਬਾਣੀ ਨੇ ਵੀ ਜ਼ਿਕਰ ਕੀਤਾ ਹੈ:-
“ਬਾਲ ਜੁਵਾਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ “
ਇਹਨਾਂ ਤਿੰਨਾਂ ਅਵਸਥਾਵਾਂ ਵਿੱਚੋਂ ਬੁਢਾਪੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਆਉਂਦਾ ਹੈ ਪਰ ਜਾਂਦਾ ਨਹੀਂ। ਜਦੋਂ ਕਿ ਬਾਲਪਨ ਅਤੇ ਜਵਾਨੀ ਆ ਕੇ ਚਲੇ ਜਾਂਦੇ ਹਨ। ਬੁਢਾਪਾ ਜੀਵਨ ਦਾ ਅੰਤਲਾ ਪੜਾਅ ਹੁੰਦਾ ਹੈ ਜਿਸ ਸਮੇਂ ਤੱਕ ਸਰੀਰਕ ਕਿਰਿਆਵਾਂ ਮੱਧਮ ਤੋਂ ਅਸਥ ਹੋਣ ਤੱਕ ਚਲੇ ਜਾਂਦੀਆਂ ਹਨ। ਮਾਨਸਿਕ, ਸਰੀਰਕ ਅਤੇ ਸਮਾਜਿਕ ਗੁਲਾਮੀ ਬੁਢਾਪੇ ਨੂੰ ਬੁੱਕਲ ਵਿੱਚ ਕਰ ਲੈਂਦੇ ਹਨ।ਇਸ ਕਰਕੇ ਇਸ ਨੂੰ ਸ਼ਰਾਪ ਵੀ ਮੰਨਿਆ ਜਾਂਦਾ ਹੈ।
ਪਹਿਲੇ ਜ਼ਮਾਨੇ ਸੰਤੁਲਿਤ ਖੁਰਾਕ ਨਾਲ ਬੁਢਾਪਾ ਦੇਰ ਨਾਲ ਆਉਂਦਾ ਸੀ। ਅੱਜਕਲ੍ਹ ਬੁਢਾਪੇ ਦੀ ਕੋਈ ਉਮਰ ਨਹੀਂ ਹੈ।
ਘਰ ਪਰਿਵਾਰ ਵਿੱਚ ਜਦੋਂ ਚੱਲਦੀਆਂ ਹੁੰਦੀਆਂ ਹਨ ਤਾਂ ਬੰਦਾ ਪ੍ਰਵਾਹ ਕੀਤੇ ਬਿਨਾਂ ਰੱਜ ਕੇ ਜੀਵਨ ਦਾ ਆਨੰਦ ਮਾਣਦਾ ਹੈ।ਸਭ ਕੁੱਝ ਧੀਆਂ ਪੁੱਤਰਾਂ ਲਈ ਇਕੱਠਾ ਕਰਦਾ ਹੈ। ਭਾਗਾਂ ਵਾਲੇ ਹੁੰਦੇ ਹਨ ਉਹ ਜਿਹਨਾਂ ਦਾ ਬੁਢਾਪਾ ਸੌਖਾ ਅਤੇ ਖੁਸ਼ੀ ਨਾਲ ਆਪਣੀ ਫੁੱਲਵਾੜੀ ਵਿੱਚ ਬੈਠਦਾ ਹੈ। ਜਵਾਨੀ ਵਿੱਚ ਤੰਗੀਆਂ ਤੁਰਸ਼ੀਆਂ ਕੱਟੀਆਂ ਜਾਂਦੀਆਂ ਹਨ ਪਰ ਬੁਢਾਪੇ ਵਿੱਚ ਇਹ ਸਹਾਰਨਯੋਗ ਨਹੀਂ ਹੁੰਦੀਆਂ।
ਇਹ ਇਕੱਲਤਾ ਹੰਢਾਉਂਦਾ ਹੈ,ਪਰ ਇਸ ਅਵਸਥਾ ਵਿੱਚ ਸਹਿਣਯੋਗ ਨਹੀਂ ਹੁੰਦਾ। ਇਸੇ ਕਰਕੇ ਬੁਢਾਪੇ ਵਿੱਚ ਮਾਨਸਿਕ ਸਮੱਸਿਆਵਾਂ ਬੂਹੇ ਉੱਤੇ ਆ ਜਾਂਦੀਆਂ ਹਨ।ਇਹ ਕਈ ਵਾਰ ਸਮਾਜਿਕ ਸੰਕਟ ਪੈਦਾ ਕਰ ਦਿੰਦੀਆਂ ਹਨ। ਬੁਢਾਪਾ ਰੋਟੀ,ਚਾਹ, ਪਾਣੀ ਅਤੇ ਦਵਾਈਆਂ ਲਈ ਦੂਜੇ ਤੇ ਨਿਰਭਰ ਹੋਣ ਕਰਕੇ ਉਦਾਸੀ ਅਤੇ ਲਾਚਾਰੀ ਭੋਗਦਾ ਹੈ। ਬੁਢਾਪਾ ਆਪਣੇ ਆਪ ਵਿੱਚ ਮਿਲਾ ਲੈਂਦਾ ਹੈ, ਦੂਜੇ ਪਾਸੇ ਇਸ ਅਵਸਥਾ ਵਿੱਚ ਕੀਤੀਆਂ ਚੇਤੇ ਆਉਂਦੀਆਂ ਹਨ,ਹੋ ਕੁੱਝ ਵੀ ਨਹੀਂ ਸਕਦਾ।ਜੋ ਭੁੱਲਣਾ ਚਾਹੁੰਦਾ ਹੈ ਉਹ ਭੁੱਲ ਨਹੀਂ ਹੁੰਦਾ,ਵਾਰ ਵਾਰ ਗਰਾਰੀ ਉੱਥੇ ਹੀ ਖੜ੍ਹ ਜਾਂਦੀ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਬੁਢਾਪੇ ਵਿੱਚ ਪਛਤਾਵਾ ਮਹਿਸੂਸ ਹੋਣ ਲੱਗਦਾ ਹੈ ਕਿਉਂਕਿ ਬਚਪਨ ਜਵਾਨੀ ਵਿੱਚ ਮਨ ਸ਼ਕਤੀਸ਼ਾਲੀ ਹੋਣ ਕਰਕੇ ਪ੍ਰਵਾਹ ਨਹੀਂ ਕਰਦਾ। ਬੁਢਾਪੇ ਵਿੱਚ ਮਨ ਕਮਜ਼ੋਰ ਹੋਣ ਕਰਕੇ ਅੱਗੇ ਆ ਜਾਂਦੀਆਂ ਹਨ। ਆਖਿਰ ਬੁਢਾਪੇ ਵਿੱਚ ਰੱਬ ਯਾਦ ਆਉਂਣ ਲੱਗਦਾ ਹੈ ।ਇਸ ਦੀ ਉਦਾਹਰਨ ਜੱਲ੍ਹਣ ਨੇ ਇਉਂ
ਦਿੱਤੀ ਹੈ:-
“ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ,
ਬੁੱਢੇ ਹੋ ਕੇ ਮਾਲਾ ਫੇਰੀ,ਰੱਬ ਦਾ ਉਲਾਂਭਾ ਲਾਹਿਆ”
ਪੁਰਾਤਨ ਸਮੇਂ ਬੁਢਾਪੇ ਦਾ ਸਤਿਕਾਰ ਹੁੰਦਾ ਸੀ।ਘਰ ਦੀ ਵਾਂਗਡੋਰ ਵੀ ਸਾਂਭਿਆ ਕਰਦੇ ਸਨ।ਅੱਜ ਬੁਢਾਪਾ ਰੁਲਦਾ ਤਾਂ ਆਮ ਵੇਖਿਆ ਪਰ ਸਤਿਕਾਰਯੋਗ ਬੁਢਾਪਾ ਲੱਭਣਾ ਪੈਂਦਾ ਹੈ। ਸੰਯੁਕਤ ਰਾਸ਼ਟਰ ਨੇ 1ਅਕਤੂਬਰ 1991ਨੂੰ ਬੁਢਾਪਾ ਦਿਵਸ ਮਨਾਉਣ ਲਈ ਮਤਾ ਪਾਸ ਕੀਤਾ ਸੀ। ਹੁਣ ਹਾਰਵਰਡ ਦੇ ਵਿਗਿਆਨਕ ਬੁਢਾਪੇ ਨੂੰ ਬਿਮਾਰੀ ਮੰਨਣ ਲੱਗ ਪਏ ਹਨ। ਭਾਰਤ ਬਲਵਾਨ ਸੰਸਕ੍ਰਿਤੀ ਵਾਲਾ ਮੁਲਕ ਹੋਣ ਕਰਕੇ ਇੱਥੇ ਬੁਢਾਪੇ ਦੀ ਵੰਨ ਸੁਵੰਨਤਾ ਹੈ।ਬਿਰਧ ਆਸ਼ਰਮ ਮੂੰਹ ਚਿੜਾਉਂਦੇ ਹਨ।ਬੁਢਾਪਾ ਅਤੇ ਸਮਾਜਿਕ ਕਦਰਾਂ ਵਿੱਚ ਆਈਆਂ ਤਬਦੀਲੀਆਂ, ਬੁਢਾਪੇ ਦੀ ਪ੍ਰੀਵਾਰ ਸਮਾਜ ਵਿੱਚ ਥਾਂ ਅਤੇ ਸਾਕੇਦਾਰੀ ਪ੍ਰਣਾਲੀ ਵਿੱਚ ਬੁਢਾਪੇ ਦਾ ਰੁੱਤਬਾ ਸਮਾਜ ਵਿਗਿਆਨ ਦੀ ਵਿਸ਼ੇਸ਼ ਖੋਜ ਮੰਗਦਾ ਹੈ।ਇਸ ਨਾਲ ਬੁਢਾਪੇ ਦੀਆਂ ਤ੍ਰਾਸਦੀਆਂ ਦਾ ਸੂਰਜ ਡੁੱਬ ਜਾਵੇਗਾ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445