ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰਾ ਬਿਆਸ ਮੁਖੀ
ਬਿਆਸ-ਅੱਜ ਸਵੇਰੇ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਸਕੱਤਰ ਦਵਿੰਦਰ ਕੁਮਾਰ ਸੀਕਰੀ ਨੇ ਇਕ ਲਿਖਤੀ ਬਿਆਨ ‘ਚ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵਜੋਂ ਨਾਮਜ਼ਦ ਕੀਤਾ ਹੈ, ਪਰ ਬਾਅਦ ‘ਚ ਦੇਰ ਰਾਤ ਡੇਰਾ ਬਿਆਸ ਨੇ ਸਪੱਸ਼ਟੀਕਰਨ ਜਾਰੀ ਕੀਤਾ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਬਿਆਸ ਦੇ ਮੁਖੀ ਰਹਿਣਗੇ | ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ ਤੇ ਕੋਈ ਵੀ ਦਸਤਾਰਬੰਦੀ ਦਾ ਪ੍ਰੋਗਰਾਮ ਨਹੀਂ ਹੈ | ਹਾਲੇ ਦੋਵੇਂ ਮਿਲ ਕੇ ਸਤਿਸੰਗ ਕਰਿਆ ਕਰਨਗੇ | ਇਸ ਤੋਂ ਪਹਿਲਾਂ ਡੇਰਾ ਬਿਆਸ ਨੇ ਬਿਆਨ ਜਾਰੀ ਕੀਤਾ ਸੀ ਕਿ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਅਧਿਆਤਮਕ ਮੁਖੀ ਨਾਮਜ਼ਦ ਕੀਤਾ ਗਿਆ ਹੈ | ਇਹ ਐਲਾਨ ਮੌਜੂਦਾ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਕੀਤਾ ਗਿਆ | ਡੇਰੇ ਦੇ ਇਕ ਉੱਚ ਅਧਿਕਾਰੀ ਨੇ ਇਸ ਮਹੱਤਵਪੂਰਨ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਬਾ ਜੀ, ਜੋ ਕੁਝ ਸਮੇਂ ਲਈ ਸ਼ਹਿਰ ਤੋਂ ਬਾਹਰ ਸਨ, ਕੱਲ੍ਹ ਡੇਰਾ ਬਿਆਸ ਪਰਤ ਆਏ ਸਨ | ਅੱਜ ਸਵੇਰੇ ਉਨ੍ਹਾਂ (ਡੇਰਾ ਮੁਖੀ) ਨੇ ਡੇਰਾ ਸਕੱਤਰ ਤੇ ਹੋਰ ਜ਼ੋਨਾਂ ਦੇ ਮੁਖੀਆਂ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ, ਜਿਸ ‘ਚ ਉਨ੍ਹਾਂ ਦੇ ਅਗਲੇ ਉੱਤਰਾਧਿਕਾਰੀ ਦੇ ਨਾਂਅ ਦਾ ਐਲਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜਸਦੀਪ ਸਿੰਘ ਗਿੱਲ ਦੇ ਪਿਤਾ ਸੁਖਦੇਵ ਸਿੰਘ ਗਿੱਲ ਭਾਰਤੀ ਫ਼Ïਜ ‘ਚੋਂ ਕਰਨਲ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਦੋ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਬਿਆਸ ਆਏ ਸਨ | ਸੰਪਰਦਾ ਦੇ ਇਕ ਸੂਤਰ ਨੇ ਦੱਸਿਆ ਕਿ ਜਸਦੀਪ ਸਿੰਘ ਗਿੱਲ ਪਿਛਲੇ 30 ਸਾਲਾਂ ਤੋਂ ਡੇਰੇ ‘ਚ ਜਾ ਕੇ ਸੇਵਾ ਕਰ ਰਹੇ ਹਨ | 45 ਸਾਲਾ ਜਸਦੀਪ ਸਿੰਘ ਗਿੱਲ ਕੈਂਬਰਿਜ ਤੋਂ ਕੈਮੀਕਲ ਇੰਜੀਨੀਅਰਿੰਗ ‘ਚ ਡਾਕਟਰੇਟ ਤੇ ਇਕ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.), ਦਿੱਲੀ ਦੇ ਸਾਬਕਾ ਵਿਦਿਆਰਥੀ ਹਨ | ਉਹ ਸਿਪਲਾ, ਭਾਰਤ ‘ਚ ਮੁੱਖ ਰਣਨੀਤੀ ਅਧਿਕਾਰੀ ਤੇ ਸੀਨੀਅਰ ਪ੍ਰਬੰਧਨ ਕਰਮਚਾਰੀ ਸਨ ਤੇ ਇਸ ਸਾਲ ਦੇ ਸ਼ੁਰੂ ‘ਚ ਉਨ੍ਹਾਂ ਅਹੁਦਾ ਛੱਡ ਦਿੱਤਾ ਸੀ | ਉਨ੍ਹਾਂ ਦੀ ਪਤਨੀ ਡਾਕਟਰ ਹੈ |