ਕਾਫ਼ਲੇ ਵੱਲੋਂ ਬਲਬੀਰ ਸਿੰਘ ਮੋਮੀ ਨੂੰ ਸ਼ਰਧਾਂਜਲੀ
ਬਰੈਂਪਟਨ:- (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਬਰੈਂਪਟਨ ਦੀ ਸਪਰਿੰਗਡੇਲ ਲਾਇਬਰੇਰੀ ਵਿੱਚ ਹੋਈ ਅਗਸਤ ਮਹੀਨੇ ਦੀ ਮੀਟਿੰਗ ਵਿੱਚ ਬਲਬੀਰ ਸਿੰਘ ਮੋਮੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪੰਜਾਬੀ ਸਾਹਿਤ `ਤੇ ਪੈ ਰਹੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਪੰਜਾਬੀ ਦੇ ਚਰਚਿਤ ਲੇਖਕ ਅਤੇ ਭਾਸ਼ਾ ਵਿਭਾਗ ਨਾਲ਼ ਜੁੜੇ ਰਹੇ ਬਲਬੀਰ ਸਿੰਘ ਮੋਮੀ ਕੁਝ ਦਿਨ ਬਿਮਾਰ ਰਹਿਣ ਉਪਰੰਤ ਪਿਛਲੇ ਦਿਨੀਂ ਬਰੈਂਪਟਨ ਵਿੱਚ ਵਿਛੋੜਾ ਦੇ ਗਏ ਸਨ। ਉਹ 1982 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਤੇ ਉਸਤੋਂ ਪਹਿਲਾਂ ਪੰਜਾਬ ਵਿੱਚ ਅਧਿਆਪਨ ਅਤੇ ਭਾਸ਼ਾ ਵਿਭਾਗ ਦੇ ਖੇਤਰ ਵਿੱਚ ਕੰਮ ਕਰ ਚੁੱਕੇ ਸਨ। ਉਨ੍ਹਾਂ ਬਾਰੇ ਬੋਲਦਿਆਂ ਪੂਰਨ ਸਿੰਘ ਪਾਂਧੀ ਨੇ ਜਿੱਥੇ ਫਾਜ਼ਿਲਕਾ ਖੇਤਰ ਵਿੱਚ ਮੋਮੀ ਨਾਲ਼ 1962/63 ਦੇ ਗੁਜ਼ਾਰੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਓਥੇ ਉਨ੍ਹਾਂ ਦੇ ਬਚਪਨ ਦੇ ਦੁਖਾਂਤ ਵੀ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਮੋਮੀ ਕੱਲਰਾਂ `ਚ ਉੱਗਿਆ ਕੰਵਲ ਸੀ ਜੋ ਹੀਰਾ ਬਣ ਕੇ ਚਮਕਿਆ। ਪ੍ਰਿੰ. ਸਰਵਣ ਸਿੰਘ ਨੇ ਵੀ ਇਨ੍ਹਾਂ ਹੀ ਦਿਨਾਂ ਦੀਆਂ ਯਾਦਾਂ ਸਾਝੀਆਂ ਕਰਦਿਆਂ ਮੋਮੀ ਦੀਆਂ ਲਿਖਤਾਂ ਵਿੱਚ ਸਤਲੁਜ ਦਰਿਆ ਕਿਨਾਰੇ ਵੱਸਦੀ ਰਾਅ ਬਰਾਦਰੀ ਦੀ ਰਹਿਣੀ-ਬਹਿਣੀ, ਸੱਭਿਆਚਾਰ ਅਤੇ ਖਾਣ-ਪੀਣਦੇ ਨਾਲ਼ ਨਾਲ਼ ਓਥੋਂ ਦੇ ਜਾਨਵਰਾਂ ਦੇ ਭਰਪੂਰ ਜ਼ਿਕਰ ਅਤੇ ਓਥੋਂ ਦੀ ਪ੍ਰਕਿਰਤੀ ਦੇ ਵਰਨਣ ਦੀ ਸ਼ਾਲਾਘਾ ਕੀਤੀ। ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਹਰੀ ਸਿੰਘ ਦਿਲਬਰ ਦੀਆਂ ਲਿਖਤਾਂ ਤੋਂ ਇਲਾਵਾ ਕਿਸੇ ਵੀ ਹੋਰ ਲੇਖਕ ਦੀਆਂ ਲਿਖਤਾਂ ਵਿੱਚ ਪ੍ਰਕਿਰਤੀ ਦਾ ਅਜਿਹਾ ਬਾਰੀਕ ਚਿਤਰਨ ਨਹੀਂ ਮਿਲਦਾ ਜੋ ਮੋਮੀ ਦੀਆਂ ਲਿਖਤਾਂ ਵਿੱਚ ਮਿਲਦਾ ਹੈ।ਮੀਟਿੰਗ ਵਿੱਚ ਇਸ ਵਿਸ਼ੇ `ਤੇ ਵੀ ਚਰਚਾ ਕੀਤੀ ਗਈ ਕਿ ਸੋਸ਼ਲ ਮੀਡੀਆ ਪੰਜਾਬੀ ਸਾਹਿਤ ਦੀ ਕਿਹੋ ਜਿਹੀ ਤਸਵੀਰ ਪੇਸ਼ ਕਰ ਰਿਹਾ ਹੈ ਅਤੇ ਇਸਦਾ ਪੰਜਾਬੀ ਪਾਠਕਾਂ ਅਤੇ ਪੰਜਾਬੀ ਸਾਹਿਤ `ਤੇ ਕਿਹੋ ਜਿਹਾ ਅਸਰ ਪੈ ਰਿਹਾ ਹੈ। ਚਰਚਾ ਦੀ ਸ਼ੁਰੂਆਤ ਕਰਦਿਆਂ ਸੰਚਾਲਕ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਸੋਸ਼ਲ ਮੀਡੀਆ ਜਾਣਕਾਰੀ ਸਾਂਝੀ ਕਰਨ ਦਾ ਇੱਕ ਵਧੀਆ ਸਰੋਤ ਬਣ ਸਕਦਾ ਸੀ ਪਰ ਪੰਜਾਬੀਆਂ ਨੇ ਇਸਦੀ ਦੁਰਵਰਤੋਂ ਕਰਦਿਆਂ ਜਿਸ ਤਰ੍ਹਾਂ ਦੀ ਪੰਜਾਬੀ ਸਾਹਿਤ, ਖ਼ਾਸ ਕਰਕੇ ਕਵਿਤਾ ਦੀ ਤਸਵੀਰ ਪੇਸ਼ ਕੀਤੀ ਅਤੇ ਜਿਸ ਤਰ੍ਹਾਂ ਦੀ ਕਵਿਤਾ ਨੂੰ ਕਿਸੇ ਨਾ ਕਿਸੇ ਲਾਲਚ/ਮੁਫਾਦ ਹੇਠ ਸਲਾਹਿਆ ਜਾ ਰਿਹਾ ਹੈ ਉਹ ਪੰਜਾਬੀ ਪਾਠਕ ਨੂੰ ਪੰਜਾਬੀ ਸਾਹਿਤ ਨਾਲ਼ੋਂ ਤੋੜ ਹੀ ਸਕਦੀ ਹੈ, ਜੋੜ ਨਹੀਂ ਸਕਦੀ। ਇਸ ਮਸਲੇ `ਤੇ ਵਿਚਾਰ ਪੇਸ਼ ਕਰਦਿਆਂ ਡਾ.ਨਾਹਰ ਸਿੰਘ ਨੇ ਕਿਹਾ ਕਿ ਜਿੱਥੇ ਸੋਸ਼ਲ ਮੀਡੀਆ ਨੇ ਗਿਆਨ ਦੇ ਸਰੋਤ ਵਧਾਏ ਹਨ
ਓਥੇ ਮਨੁੱਖ ਦੀ ਸੋਚਣ-ਸ਼ਕਤੀ ਨੂੰ ਵੀ ਖੋਰਾ ਲਾਇਆ ਹੈ। ਏਥੋਂ ਤੱਕ ਕਿ ਮਿਲਦੀ ਜਾਣਕਾਰੀ ਵੀ ਬਹੁਤ ਪੇਤਲੇ ਪੱਧਰ ਦੀ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਾਹਿਤ ਮਨੁੱਖ ਦੀ ਜ਼ਿੰਦਗੀ ਦੇ ਨਾਲ਼ ਨਾਲ਼ ਤੁਰਨ ਵਾਲ਼ਾ ਇੱਕ ਸਹਿਜ ਵਰਤਾਰਾ ਹੈ ਪਰ ਸੋਸ਼ਲ ਮੀਡੀਆ ਜਾਣਕਾਰੀ ਦੀ ਬੰਬਾਰਡਮੈਂਟ ਕਰਕੇ ਦਿਮਾਗ਼ ਨੂੰ ਫ਼ਜ਼ੂਲ ਦੀ ਤੂੜੀ ਨਾਲ਼ ਭਰ ਕੇ ਗਿਆਨ-ਪ੍ਰਾਪਤੀ ਲਈ ਥਾਂ ਹੀ ਨਹੀਂ ਛੱਡਦਾ। ਉਨ੍ਹਾਂ ਕਿਹਾ ਕਿ ਜੋ ਗਿਆਨ ਕਿਤਾਬਾਂ `ਚੋਂ ਵਿਸਥਾਰਪੂਰਵਕ ਰਚਨਾਵਾਂ ਪੜ੍ਹ ਕੇ ਹਾਸਿਲ ਕੀਤਾ ਜਾ ਸਕਦਾ ਹੈ,ਉਹ ਸੋਸ਼ਲ ਮੀਡੀਆ ਦੀ ਤੇਜ਼-ਤਰਾਰ ਜ਼ਿੰਦਗੀ `ਚ ਮੁਮਕਿਨ ਨਹੀਂ ਹੋ ਸਕਦਾ। ਕਹਾਣੀਕਾਰ ਜਰਨੈਲ ਸਿੰਘ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਨੇ ਗਿਆਨ ਦੇ ਸਰੋਤਾਂ ਨੂੰ ਅਖ਼ਬਾਰਾਂ ਅਤੇ ਰਸਾਲਿਆਂ ਦੇ ਦਾਇਰੇ ਤੋਂ ਵਧਾ ਕੇ ਆਮ ਲੋਕਾਂ ਦੀ ਪਹੁੰਚ ਤੱਕ ਫੈਲਾਇਆ ਹੈ ਪਰ ਇਸ ਮਾਧਿਅਮ ਦੀ ਵੱਡੇ ਪੱਧਰ`ਤੇ ਹੋ ਰਹੀ ਦੁਰਵਰਤੋਂ ਨੇ ਪੰਜਾਬੀ ਸਾਹਿਤ ਦਾ ਨੁਕਸਾਨ ਹੀ ਕੀਤਾ ਹੈ।“ਕੱਚ-ਘਰੜ” ਸਾਹਿਤ ਨੂੰ ਸੋਸ਼ਲ ਮੀਡੀਆ `ਤੇ ਮਿਲ਼ ਰਹੇ ਹੁੰਗਾਰੇ ਦੀ ਗੱਲ ਕਰਦਿਆਂ ਪਿਆਰਾ ਸਿੰਘ ਕੁੱਦੋਵਾਲ਼ ਨੇ ਕਿਹਾ ਕਿ ਏਥੇ ਅੱਧੀ ਰਾਤ ਨੂੰ ਤੁਕਬੰਦੀ ਲਿਖੀ ਜਾਂਦੀ
ਹੈ ਅਤੇ ਸੋਸ਼ਲ ਮੀਡੀਆ ਦੀ ਮਿਹਰਬਾਨੀ ਸਦਕਾ ਦਿਨ ਚੜ੍ਹਨ ਤੱਕ ਉਹ ਪੰਜਾਬੀ ਦੀਆਂ ਦੋ ਨਾਮਵਰ ਅਖ਼ਬਾਵਰਾਂ ਵਿੱਚ ਲੱਗੀ ਹੁੰਦੀ ਹੈ। ਇਸਤੋਂ ਇਲਾਵਾ ਹੋਰਨਾਂ ਦੋਸਤਾਂ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ।ਕਵਿਤਾ ਦੇ ਦੌਰ ਵਿੱਚ ਨੌਜਵਾਨ ਬੱਚੀ ਹਰਜੋਤ ਕੌਰ ਨੇ ਬੜੀਆਂ ਹੀ ਭਾਵਪੂਰਤ ਰਚਨਾਵਾਂ ਨਾਲ਼ ਆਪਣੀ ਹਾਜ਼ਰੀ ਲਵਾਈ ਅਤੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਬੱਚੇ ਸਾਹਿਤਕ ਪਲੈਟਫਾਰਮ ਲੱਭ ਰਹੇ ਹਨ ਜਿੱਥੇ ਉਹ ਕਾਵਿਕ ਰੂਪ ਵਿੱਚ ਆਪਣੇ ਵਲਵਲੇ ਪੇਸ਼ ਕਰ ਸਕਣ। ਇਸ ਤੋਂ ਇਲਾਵਾ ਪਰਮਜੀਤ ਦਿਓਲ, ਸੁਰਜੀਤ ਕੌਰ,
ਜਤਿੰਦਰ ਰੰਧਾਵਾ, ਉਸਮਾ ਮਹਿਮੂਦ, ਹਰਦਿਆਲ ਸਿੰਘ ਝੀਤਾ, ਹਜ਼ਰਤ ਸ਼ਾਮ ਅਤੇ ਕੁਲਦੀਪ ਦੀਪ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਹਾਜ਼ਰ ਸਰੋਤਿਆਂ/ਲੇਖਕਾਂ ਵਿੱਚ ਜਸਵਿੰਦਰ ਸੰਧੂ, ਰਿੰਟੂ ਭਾਟੀਆ, ਗੁਰਜਿੰਦਰ ਸੰਘੇੜਾ. ਮਨਮੋਹਨ ਸਿੰਘ ਗੁਲਾਟੀ, ਕਿਰਪਾਲ ਸਿੰਘ ਪੰਨੂੰ, ਗੁਰਬਚਨ ਚਿੰਤਕ, ਗੁਰਦੇਵ ਸਿੰਘ ਮਾਨ, ਬਲਦੇਵ ਦੂਹੜੇ ਅਤੇ ਗੁਰਦਿਆਲ ਸਿੰਘ ਬੱਲ ਤੋਂ ਇਲਾਵਾ ਹੋਰ ਬਹੁਤ ਸਾਰੇ ਸਰੋਤੇ ਹਾਜ਼ਰ ਸਨ।