ਖਾਓ ਪੀਓ ਜ਼ਰੂਰ, ਜ਼ਰਾ ਸੰਭਲ ਕੇ
ਸਿਹਤ ਸਿੱਧੀ ਖਾਣ ਪੀਣ ਉੱਤੇ ਨਿਰਭਰ ਕਰਦੀ ਹੈ। ਅੱਜ ਦੇ ਇਲੈਕਟ੍ਰਾਨਿਕ ਯੁੱਗ ਵਿੱਚ ਮਨੁੱਖੀ ਜੀਵਨ ਤੇਜ਼ੀ ਨਾਲ ਚੱਲਦਾ ਹੈ। ਪਹਿਲੇ ਤਾਂ ਖਾਧ ਪਦਾਰਥ ਹੀ ਮਿਲਾਵਟੀ ਮਿਲਦੇ ਹਨ, ਉੱਤੋਂ ਸਾਡੇ ਖਾਣ ਦੇ ਤਰੀਕੇ ਗ਼ਲਤ ਹਨ। ਸਾਡੇ ਸਿਆਣੇ ਕਹਿੰਦੇ ਹੁੰਦੇ ਸਨ ਕਿ ਭੋਜ਼ਨ ਹਮੇਸ਼ਾ ਚੁਪ ਚਾਪ ਖਾਓ।ਅੱਜ ਦੇ ਸਮੇਂ ਮੋਬਾਇਲ ਫ਼ੋਨ ਅਤੇ ਟੀਵੀ ਨੇ ਸਾਡੇ ਖਾਣੇ ਨੂੰ ਆਪਣੀ ਗ੍ਰਿਫ਼ਤ ਵਿੱਚ ਕਰ ਲਿਆ ਹੈ। ਭੋਜਨ ਖਾਂਦੇ ਸਮੇਂ ਸਾਡਾ ਧਿਆਨ ਟੀਵੀ ਅਤੇ ਮੋਬਾਈਲ ਤੇ ਹੁੰਦਾ ਹੈ। ਖਾਣਾ ਪਰੋਸਣ ਤੋਂ ਖ਼ਤਮ ਹੁੰਦੇ ਦਾ ਪਤਾ ਹੁੰਦਾ ਹੈ, ਵਿੱਚ ਵਿਚਾਲੇ ਦਾ ਪਤਾ ਹੀ ਨਹੀਂ ਹੁੰਦਾ। ਬੱਚਿਆਂ ਨੂੰ ਇਸ ਵਰਤਾਰੇ ਤੋਂ ਬਚਾਉਣ ਦੀ ਖ਼ਾਸ ਜ਼ਰੂਰਤ ਹੈ।
ਸਿਹਤ ਖਜ਼ਾਨੇ ਨੂੰ ਮੋਬਾਈਲ ਫੋਨ ਅਤੇ ਟੀਵੀ ਨੇ ਆਪਣੀ ਬੁੱਕਲ ਵਿੱਚ ਰੱਖ ਕੇ ਖਰਾਬ ਕਰ ਦਿੱਤਾ ਹੈ। ਬੇਧਿਆਨੀ ਨਾਲ ਖਾਣੇ ਦੇ ਰਸ,ਸਰੀਰ ਦੇ ਇਸ਼ਾਰੇ ਅਤੇ ਖਾਣੇ ਦੀ ਲੋੜ ਦਾ ਪਤਾ ਹੀ ਨਹੀਂ ਚੱਲਦਾ।ਇਸ ਤੋਂ ਇਲਾਵਾ ਬਿਨਾਂ ਚਬਾਏ ਵੀ ਖਾਣਾ ਨਿਗਲਿਆ ਜਾਂਦਾ ਹੈ।ਸਿਹਤ ਮਾਹਿਰਾਂ ਅਨੁਸਾਰ ਧਿਆਨ ਅਤੇ ਚੁੱਪ ਨਾਲ ਖਾਧਾ ਖਾਣਾ ਸਵਾਦ ਅਤੇ ਰਸ ਪੈਦਾ ਕਰਕੇ ਸਰੀਰ ਨੂੰ ਊਰਜਾ ਦਿੰਦਾ ਹੈ। ਖਾਣੇ ਪੀਣੇ ਨਾਲ ਮੋਬਾਈਲ ਅਤੇ ਟੀਵੀ ਤੇ ਧਿਆਨ ਕੇਂਦਰਿਤ ਕਰਨ ਨਾਲ ਸਰੀਰਕ ਅਤੇ ਮਾਨਸਿਕ ਗਿਰਾਵਟ ਆਉਂਦੀ ਹੈ ਜਿਸ ਨਾਲ ਮਨੁੱਖਤਾ ਦਾ ਵਿਕਾਸ ਰੁਕਦਾ ਹੈ। ਇਹ ਆਦਤ ਪਕੇਰੀ ਕਰਨ ਦੀ ਲੋੜ ਹੈ ਕਿ ਖਾਣਾ ਖਾਂਦੇ ਸਮੇਂ ਮੋਬਾਇਲ ਫੋਨ ਅਤੇ ਟੀਵੀ ਦੂਰ ਰਹੀਏ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445