ਟਾਪਫੀਚਰਡ

ਆਓ ! ਕਿਤਾਬਾਂ ਨੂੰ ਬਜਟ ਵਿੱਚ ਥਾਂ ਦੇਈਏ

ਹਰ ਕੋਈ ਆਪਣੀ ਆਮਦਨ , ਜ਼ਰੂਰਤਾਂ , ਖਰਚ ਆਦਿ ਦੇ ਅਨੁਸਾਰ ਆਪਣਾ ਨਿਰਧਾਰਿਤ ਬਜਟ ਨਿਸ਼ਚਿਤ ਕਰਕੇ ਯੋਜਨਾਬੰਦੀ ਬਣਾ ਰੱਖਦਾ ਹੈ । ਇਸ ਯੋਜਨਾਬੰਦੀ ਵਿੱਚ ਅਨੇਕਾਂ ਵਸਤਾਂ  , ਜ਼ਰੂਰਤਾਂ , ਖਰੀਦਦਾਰੀਆਂ , ਮਨੋਰੰਜਨ ਸਾਧਨਾਂ ਅਤੇ ਮੁਢਲੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ । ਜੋ ਕਿ ਘਰ – ਪਰਿਵਾਰ ਚਲਾਉਣ ਲਈ ਬਹੁਤ ਜ਼ਰੂਰੀ ਹੈ , ਪਰ ਅਕਸਰ ਦੇਖ਼ਣ ਵਿੱਚ ਆਉਂਦਾ ਹੈ ਕਿ ਅਸੀਂ ਆਪਣੀਆਂ ਵੱਖ – ਵੱਖ ਜ਼ਰੂਰਤਾਂ ਅਤੇ ਲੋੜਾਂ ਦੇ ਅਨੁਸਾਰ ਤਾਂ ਪੈਸੇ ਦਾ ਪ੍ਰਬੰਧ ਕਰਦੇ ਹੀ ਹਾਂ , ਪਰ ਆਪਣੇ ਬੌਧਿਕ ਤੇ ਮਾਨਸਿਕ ਵਿਕਾਸ ਦੇ ਲਈ ਇਸ ਵੱਲ ਉਚੇਚਾ ਧਿਆਨ ਦੇਣ ਤੋਂ ਅਵੇਸਲੇ ਹੋ ਜਾਂਦੇ ਹਾਂ । ਇਸ ਤੋਂ ਇਲਾਵਾ ਦੇਖਣ ਵਿੱਚ ਇਹ ਵੀ ਆਉਂਦਾ ਹੈ ਕਿ ਅਸੀਂ ਜਦੋਂ ਵੀ ਬਾਜ਼ਾਰ ਆਦਿ ਵਿੱਚ ਖਰੀਦਦਾਰੀ ਕਰ ਰਹੇ ਹੁੰਦੇ ਹਾਂ , ਤਾਂ ਹਰ  ਸਸਤੀ ਤੇ ਮਹਿੰਗੀ ਵੱਖ – ਵੱਖ ਤਰ੍ਹਾਂ ਦੀ ਖਰੀਦਦਾਰੀ ਕਰਦੇ ਹੀ ਹਾਂ ਅਤੇ ਕਾਫੀ ਖ਼ਰਚਾ ਵੀ ਕਰਦੇ ਹਾਂ , ਪਰ ਚੰਗੀਆਂ ਅਤੇ ਜੀਵਨ ਸੇਧ ਦੇਣ ਵਾਲੀਆਂ  ਕਿਤਾਬਾਂ – ਰਸਾਲੇ ਆਦਿ ਖ਼ਰੀਦਣ ਤੋਂ ਗੁਰੇਜ਼ ਕਰਨ ਲੱਗ ਪੈਂਦੇ ਹਾਂ ਅਤੇ ਅਜਿਹੀ ਖਰੀਦਦਾਰੀ  ਵੱਲ ਬਹੁਤਾ ਧਿਆਨ ਨਹੀ ਦਿੰਦੇ । ਅਕਸਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਵੀਹ ਤੋਂ ਪੰਜਾਹ ਲੱਖ ਰੁਪਏ ਤੱਕ ਦੀ ਬਣਾਈ ਕੋਠੀ /ਘਰ ਵਿੱਚ ਹੋਰ ਭੌਤਿਕ ਸੁੱਖ – ਸਹੂਲਤਾਂ ਦੇ ਸਾਧਨਾਂ ਦੀ ਤਾਂ ਬਹੁਤ ਭਰਮਾਰ ਹੁੰਦੀ ਹੈ , ਪਰ ਇੰਨੀ ਮਹਿੰਗੀ ਕੋਠੀ ਜਾਂ ਘਰ ਵਿੱਚ ਕੋਈ ਕਿਤਾਬ ਲੱਭਿਆਂ ਵੀ ਨਹੀਂ ਮਿਲਦੀ । ਜੋ ਕਿ ਸਾਡੇ ਲਈ, ਸਾਡੇ ਸਮਾਜ ਲਈ ਅਤੇ ਸਾਡੇ ਪਰਿਵਾਰ ਦੇ ਲਈ ਬਹੁਤ ਚਿੰਤਾ ਵਾਲੀ ਗੱਲ ਹੈ, ਕਿਉਂਕਿ ਘਰ – ਪਰਿਵਾਰ ਵਿੱਚ ਮੌਜੂਦ ਕਿਤਾਬਾਂ , ਰਸਾਲੇ , ਅਖਬਾਰਾਂ ਆਦਿ ਪਰਿਵਾਰਕ ਜੀਆਂ ਦੇ ਬੌਧਿਕ ਪੱਧਰ , ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਗਿਆਨ ਦੀ ਝਲਕ ਹੁੰਦੀਆਂ ਹਨ । ਇੱਥੋਂ ਹੀ ਪਰਿਵਾਰ ਦੀ ਬੌਧਿਕਤਾ, ਸੋਚ ਅਤੇ ਗਿਆਨ ਦਾ ਪਤਾ ਲੱਗਦਾ ਹੈ । ਇਸ ਵਿੱਚ ਕੋਈ ਦੋ – ਰਾਏ ਨਹੀਂ ਕਿ ਬੋਧਿਕ ਖੁਸ਼ਹਾਲੀ , ਬੋਧਿਕ ਪ੍ਰਫੁੱਲਤਾ ਅਤੇ ਬੌਧਿਕ ਤੇ ਮਾਨਸਿਕ ਵਿਕਾਸ ਦੇ ਲਈ ਚੰਗੀਆਂ  ਕਿਤਾਬਾਂ ਅਤੇ ਰਸਾਲਿਆਂ ਦੀ ਹੀ ਬਹੁਤ ਵੱਡੀ , ਮਹੱਤਵਪੂਰਨ ਅਤੇ ਅਹਿਮ ਭੂਮਿਕਾ ਹੁੰਦੀ ਹੈ ।ਇਹ ਪੁਸਤਕਾਂ ਸਾਨੂੰ ਉਚੇਚਾ ਗਿਆਨ ਪ੍ਰਦਾਨ ਕਰਕੇ ਸਾਡਾ ਬੋਧਿਕ ਪੱਧਰ ਉੱਚਾ ਤੇ ਸੁੱਚਾ ਬਣਾ ਦਿੰਦੀਆਂ ਹਨ । ਜਿਸ ਬਾਰੇ ਕਿ ਅਸੀਂ ਕਈ ਵਾਰ ਸੋਚ ਵੀ ਨਹੀਂ ਸਕਦੇ । ਚੰਗੀਆਂ ਕਿਤਾਬਾਂ – ਰਸਾਲੇ ਸਾਡੀ ਸ਼ਬਦਾਵਲੀ ਵਿੱਚ ਵਾਧਾ ਕਰਦੇ ਹੀ ਹਨ , ਨਾਲ ਹੀ ਦੇਸ਼ – ਵਿਦੇਸ਼ , ਇਤਿਹਾਸ , ਤੱਤਕਾਲੀਨ ਸਮੇਂ  ਬਾਰੇ ਅਤੇ ਹੋਰ ਜਾਗਰੂਕਤਾ ਪੈਦਾ ਕਰਕੇ ਸਾਨੂੰ ਸੂਝਵਾਨ ਨਾਗਰਿਕ ਵੀ ਬਣਾਉਂਦੇ ਹਨ । ਅਸੀਂ ਚੰਗੀਆਂ ਕਿਤਾਬਾਂ ਪੜ੍ਹ ਕੇ ਅਤੇ ਚੰਗੇ ਰਸਾਲੇ ਪੜ੍ਹ ਕੇ ਚੰਗੇ ਮੁਕਾਮ ਵੀ ਹਾਸਲ ਕਰ ਸਕਦੇ ਹਾਂ । ਚੰਗੀਆਂ ਪੁਸਤਕਾਂ  ਤੇ ਚੰਗੇ ਰਸਾਲਿਆਂ ਦੀ ਸਿਫ਼ਤ  ਕਰਨਾ ਸ਼ਾਇਦ ਕਲਮ ਦੇ ਵੱਸ ਵਿੱਚ ਨਹੀਂ ਹੈ । ਚੰਗੀਆਂ ਕਿਤਾਬਾਂ ਸਾਨੂੰ  ਕੀ ਕੁਝ ਦੇ ਛਡਦੀਆਂ ਹਨ , ਇਹ ਤਾਂ ਕਿਤਾਬਾਂ ਪੜ੍ਹਨ ਵਾਲੇ ਕਿਤਾਬਾਂ ਦੇ ਰਸੀਏ ਹੀ ਜਾਣ ਸਕਦੇ ਹਨ । ਚੰਗੀਆਂ ਕਿਤਾਬਾਂ ਪੜ੍ਹਣਾ ਸਾਡੀ ਰੂਹ ਦੀ ਖ਼ੁਰਾਕ ਲਈ ਬਹੁਤ ਹੀ ਜ਼ਰੂਰੀ ਹੈ । ਵਿਦਵਾਨਾਂ ਦਾ ਵੀ ਕਥਨ ਹੈ ਕਿ ਕਿਤਾਬਾਂ ਪੜ੍ਹਨਾ ਮਨੋਰੰਜਨ ਦਾ ਬਹੁਤ ਵੱਡਾ ਸਾਧਨ ਹੈ। ਸਾਡੇ ਮਹਾਨ ਵਿਦਵਾਨ , ਮਹਾਂਪੁਰਖ , ਬੁੱਧੀਜੀਵੀ ਤੇ ਦੇਸ਼ ਭਗਤ ਕਿਸੇ ਨਾ ਕਿਸੇ ਤਰ੍ਹਾਂ ਚੰਗੀਆਂ ਕਿਤਾਬਾਂ , ਚੰਗੇ ਰਸਾਲਿਆਂ , ਅਖ਼ਬਾਰਾਂ ਆਦਿ ਨਾਲ ਜੁੜੇ ਹੀ ਰਹੇ।  ਕਿਤਾਬਾਂ  ਜਿੱਥੇ ਸਾਡਾ ਮਨੋਰੰਜਨ ਕਰਦੀਆਂ ਹਨ , ਉੱਥੇ ਸਾਨੂੰ ਵੱਡੇ – ਵੱਡੇ ਮੁਕਾਮ ਵੀ ਹਾਸਲ ਕਰਵਾਉਣ ਵਿੱਚ ਸਾਡੀ ਸਹਇਤਾ ਕਰਦੀਆਂ ਹਨ। ਇਸ ਸਭ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਬਜਟ ਵਿੱਚ ਚੰਗੀਆਂ ਕਿਤਾਬਾਂ , ਚੰਗੇ ਰਸਾਲਿਆਂ ਅਤੇ ਅਖ਼ਬਾਰਾਂ ਨੂੰ ਜ਼ਰੂਰ ਥਾਂ ਦੇਈਏ , ਤਾਂ ਜੋ ਘਰ ਦੇ ਵਿੱਚ ਹੋਰ ਸਾਰੇ ਵਿਕਾਸ ਹੋਣ ਦੇ ਨਾਲ – ਨਾਲ ਪਰਿਵਾਰ ਦਾ ਬੌਧਿਕ ਤੇ ਮਾਨਸਿਕ ਵਿਕਾਸ ਵੀ ਜ਼ਰੂਰ ਹੋਵੇ ਅਤੇ ਜੇਕਰ ਘਰ ਦੇ ਵਿੱਚ ਨਿਰਧਾਰਿਤ ਥਾਂ ‘ਤੇ ਛੋਟੀ -ਵੱਡੀ ਲਾਇਬ੍ਰੇਰੀ ਬਣਾ ਲਈ ਜਾਵੇ ਤਾਂ ਇਹ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਵੇਗੀ ; ਕਿਉਂਕਿ ਕਿਤਾਬਾਂ ਸਾਡੇ ਦਿਲ – ਦਿਮਾਗ ਦੀਆਂ ਖਿੜਕੀਆਂ ਅਤੇ ਰੋਸ਼ਨਦਾਨ ਵਾਂਗ ਹੀ ਹੁੰਦੀਆਂ ਹਨ । ਇੱਥੇ ਹੀ ਬੱਸ ਨਹੀਂ ਕਿ ਕਿਤਾਬਾਂ ਲਈ ਢੁੱਕਵਾਂ ਬਜਟ ਬਣਾ ਲਿਆ ਜਾਵੇ ਜਾਂ ਘਰ ਵਿੱਚ ਛੋਟੀ – ਮੋਟੀ ਲਾਇਬ੍ਰੇਰੀ ਬਣਾ ਲਈ ਜਾਵੇ , ਸਗੋਂ ਇਹ ਵੀ ਬਹੁਤ ਜ਼ਰੂਰੀ ਹੈ ਕਿ ਖਰੀਦੀਆਂ ਗਈਆਂ ਪੁਸਤਕਾਂ – ਰਸਾਲਿਆਂ ਨੂੰ ਜ਼ਰੂਰ ਹੀ ਸਮਾਂ ਕੱਢ ਕੇ ਪੜਿਆ ਵੀ ਜਾਵੇ ਅਤੇ ਪਰਿਵਾਰਕ ਮੈਂਬਰਾਂ ਅਤੇ ਸਬੰਧੀਆਂ ਨੂੰ ਵੀ ਕਿਤਾਬਾਂ ਪੜ੍ਹਨ ਦੀ ਚੇਟਕ ਲਗਾਈ ਜਾਵੇ । ਕਦੇ ਵੀ ਇਹ ਭੁੱਲ ਨਹੀਂ ਕਰਨੀ ਚਾਹੀਦੀ ਕਿ ਕਿਤਾਬਾਂ ਪੜ੍ਹਨੀਆਂ ਤਾਂ ਸਮਾਂ  ਵਿਅਰਥ ਗਵਾਉਣ ਵਾਲ਼ੀ ਗੱਲ ਹੈ ; ਕਿਉਂਕਿ ਕਿਤਾਬਾਂ ਨਾਲ ਪਾਇਆ ਪਿਆਰ ਅਤੇ ਕਿਤਾਬਾਂ ਲਈ ਦਿੱਤਾ ਗਿਆ ਸਮਾਂ ਜ਼ਿੰਦਗੀ ਵਿੱਚ ਸਾਨੂੰ ਕੁਝ ਨਾ ਕੁਝ ਕਦੇ ਨਾ ਕਦੇ ਜ਼ਰੂਰ ਕੁੱਝ ਦੇ ਕੇ ਹੀ ਜਾਂਦਾ ਹੈ ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
( ਲੇਖਕ ਦਾ ਨਾਂ ਸਾਹਿਤ ਦੇ ਖੇਤਰ ਲਈ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ )
9478561356

Leave a Reply

Your email address will not be published. Required fields are marked *